Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਹਕੀਕਤ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

    ਦੁਆਲੇ ਭੀੜ ਵੇਖ ਕੇ ਨੇਤਾ ਨੇ ਖੁਸ਼ ਹੁੰਦੇ, ਬਣੇ ਭੀੜ ਤਾਂ  ਨੇਤਾ ਘਬਰਾ ਜਾਂਦੇ।
    ਜੁਲਮ ਕਰਦੇ ਕਦੇ ਨਾ ਬਾਜ਼ ਆਉਂਦੇ,ਆਪਣੀ ਆਈ ਮੌਤ ਵੇਖ ਥਰਥਰਾਂ ਜਾਂਦੇ।
    ਕਈ ਦਹਾਕੇ ਤੱਕ ਰਾਜ ਕਰਨ ਵਾਲੇ,ਇਕ ਦਿਨ ਮੌਤ ਦੇ ਮੂੰਹ ਵਿਚ ਆ ਜਾਂਦੇ।
    ਜਿਗਰੀ ਯਾਰ ਰਾਜ ਵੇਲੇ ਮੌਜਾਂ ਕਰਨ ਵਾਲੇ, ਅੰਤ ਸਮੇਂ ਤੇ ਕੰਨੀ ਕਤਰਾ ਜਾਂਦੇ।
    ਅੰਗ ਸਾਕ ਵੀ ਛੱਡ ਕੇ ਬਹਿਣ ਜਾਂਦੇ, ਬਿਪਤਾ ਵੇਲੇ ਉਹ ਵੀ ਮੂੰਹ ਭੁਵਾ ਜਾਂਦੇ।
    “ਢਿੱਲੋਂ” ਇਕੋ ਆਸਰਾ ਉਸ ਸੱਚੇ ਰੱਬ ਦਾ ਏ,ਬਾਕੀ ਆਸਰੇ ਨੁੱਕਰੇ ਲਾ ਜਾਂਦੇ।
    ਆਓ ਅਰਜ ਕਰੀਏ ਪਰਵਦਗਾਰ ਅੱਗੇ, ਪੁੱਤ ਬੁੱਢਿਆਂ ਮਾਪਿਆਂ ਦਾ ਮਰੇ ਕੋਈ ਨਾ।
    ਵਿਧਵਾ ਧੀ ਤੇ ਦੁੱਖ ਨੇ ਬੜੇ ਹੁੰਦੇ, ਦੁੱਖ ਮਾਪਿਆਂ ਦੇ ਬਿਨਾਂ ਜਰੇ ਕੋਈ ਨਾ।
    ਹਰ ਕੋਈ ਆਪਣਾ-ਆਪਣਾ ਭਲਾ ਚਾਹੁੰਦਾ,ਭਲੇ ਕਿਸੇ ਗਰੀਬ ਦਾ ਕਰੇ ਕੋਈ ਨਾ।
    ਰਿਸ਼ਤੇ ਸਭ ਨੇ ਮਤਲਬ ਦੇ ਯਾਰ ਹੁੰਦੇ, ਬਿਗਾਨੀ ਮੌਤ ਆਪਣੇ ਲਈ ਵਰ੍ਹੇ ਕੋਈ ਨਾ।
    ‘ਢਿੱਲੋਂ’ਭਾਵੇਂ ਸੱਤਾ ਸਮੁੰਦਰਾਂ ਦਾ ਹੋਵੇ ਤਾਰੂ ,ਬਿਨਾਂ ਕਿਸਮਤ ਦੇ ਤਰੇ ਕੋਈ ਨਾ।
    ਵੱਡੇ ਵੱਡੇ ਮਹਾਂਬਲੀ ਸੰਸਾਰ ਤੇ ਹੋਏ ਪੈਦਾ,ਆਖਾ ਜਿਨ੍ਹਾਂ ਦਾ ਲੋਕੀ ਨਹੀਂ ਮੋੜ ਸਕੇ।
    ਜਾਂਦੀ ਵਾਰੀ ਤੁਰ ਗਏ ਵਾਗ ਮੁਸਾਫਰਾਂ ਦੇ, ਸਵਾਸ ਇਕ ਵੀ ਵੱਧ ਨਹੀਂ ਜੋੜ ਸਕੇ।
    ਮੌਤ ਨੂੰ ਅੱਜ ਤੱਕ ਮਾਰਿਆ ਨਹੀ, ਐਸਾ ਕੋਈ ਨਹੀਂ ਜੋ ਕੱਢ ਮੌਤ ਦਾ ਕੋਹੜ ਸਕੇ।
    “ਢਿੱਲੋ” ਮੌਤ ਆਣ ਮਰੋੜ ਲੈਂਦੀ, ਐਸਾ ਕੋਈ ਨਹੀਂ ਜੋ ਮੌਤ ਦੀ ਧੋਣ ਮਰੋੜ ਸਕੇ।
    ਭੈਣਾਂ ਵਰਗਾ ਸਾਕ ਨਹੀਂ ਨਜ਼ਰ ਆਉਦਾ,  ਭਰਾਵਾਂ ਵਰਗੀ ਜੱਗ ਤੇ ਬਾਂਹ ਕੋਈ ਨਾ।
    ਨਜਾਰੇ ਦੁਨੀਆਂ ਦੇ ਸੋਹਣੇ, ਐਪਰ ਮਾਂ ਦੇ ਚਰਨਾਂ ਵਿਚ ਜੰਨਤ ਵਰਗੀ ਥਾਂ ਕੋਈ ਨਾ।
    ਚੁਬਾਰੇ ਕੋਠੀ ਜਾਪੇ ਸ਼ਾਨ ਉਚੀ, ਐਪਰ ਪਿੰਡ ਦੇ ਬੋਹੜ ਵਰਗੀ ਘਣੀ ਛਾਂ ਕੋਈ ਨਾ।
    “ਢਿੱਲੋ” ਪੈਸਾ ਜਾਪੇ ਦੁਨੀਆਂ ਦਾ ਦਾਨ ਵੱਡਾ,ਐਪਰ ਧੀ ਵਰਗਾ ਦੇਣਾ ਦਾਨ ਕੋਈ ਨਾ।
    ਖਾਤਰ ਜ਼ਮੀਨ ਦੇ ਜ਼ਮੀਰ ਮਾਰ ਲੈਂਦੇ, ਕਤਲ ਕਰ ਦੇਂਦੇ ਮਾਂ ਤੇ ਬਾਪ ਦਾ ਆਣ ਭਾਈ।
    ਧਰਤੀ ਕੰਬਦੀ ਤੇ ਅਕਾਸ਼ ਵੀ ਡੋਲ ਜਾਂਦਾ, ਸੁੱਤੇ ਪਿਆ ਤੇ ਚਲਦੀ ਜਦ ਕਿਰਪਾਨ ਭਾਈ।
    ਉਹ ਵੀ ਸੁੱਖ ਨਹੀ ਜਿੰਦਗੀ ਦਾ ਪਾ ਸਕਦਾ,ਮਿਲਦਾ ਕਿਸੇ ਥਾਂ ਨਹੀਂ ਸਨਮਾਨ ਭਾਈ।
    “ਢਿੱਲੋ” ਦੁਰੇ ਦੁਰੇ ਪਏ ਨੇ ਲੋਕ ਕਰਦੇ,ਹੁੰਦਾ ਉਸ ਦਾ ਹਰ ਥਾਂ ਤੇ ਹੈ ਅਪਮਾਨ ਭਾਈ।
    ਭਾਈਆਂ ਵਰਗੀ ਨਹੀਂ ਜੱਗ ਤੇ ਰੀਸ ਕੋਈ,ਜੇ ਕਰ ਲਾਲਚ ਦੀ ਵਿਚ ਨਾ ਖਾਰ ਹੋਵੇ।
    ਸਿਆਣੇ ਆਖਦੇ ਛੱਪੜ ਦਾ ਨਹਾਉਣ ਚੰਗਾ, ਜੇ  ਕਰ ਵਿਚ ਨਾ ਇਸ ਦੇ ਗਾਰ ਹੋਵੇ।
    ਉਹੀ ਗੂਰੂ ਤੋਂ ਦਾਨ ਤੇ ਮਾਣ  ਪਾਉਦਾ , ਜਿਹੜਾ ਚੇਲਾ ਗੂਰੂ ਦਾ ਤਾਬਿਆਦਾਰ ਹੋਵੇ।
    “ਢਿੱਲੋ” ਉਸੇ ਦੇਸ਼ ਹੀ ਨੂੰ ਚੰਗਾ ਮਾਣ ਮਿਲਦਾ,ਜਿਸ ਦੇਸ਼ ਦੀ ਚੰਗੀ ਸਰਕਾਰ ਹੋਵੇ।
    ਫਿਰ ਲੋੜ ਨਹੀ ਪੈਂਦੀ ਖੁਦਕੁਸ਼ੀਆਂ ਕਰਨੇ ਦੀ,ਜੇ ਕਰ ਕੋਈ ਬੇਰੁਜਗਾਰ ਨਾ ਹੋਵੇ।
    ਫਿਰ ਲੋੜ ਨਹੀ ਟੈਂਕੀਆਂ ਤੇ ਚੜਣੈ ਦੀ, ਜੇ ਮਿਲਿਆ ਸਮੇਂ ਸਿਰ ਰੁਜਗਾਰ ਹੋਵੇ।
    ਭਾਈਚਾਰਾਂ ਵੀ ਉਥੇ ਹੈ ਕਾਇਮ ਰਹਿੰਦਾ, ਜਿਥੇ ਲੁੱਟ ਦਾ ਨਾ ਗਰਮ ਬਜਾਰ ਹੋਵੇ।
    “ਢਿੱਲੋ” ਉਸ ਘਰ ਵਿਚ ਸ਼ਾਂਤੀ ਸਦਾ ਰਹਿੰਦੀ,ਜਿੱਥੇ ਕਦੇ ਨਾ ਕੋਈ ਤਕਰਾਰ ਹੋਵੇ।
    ਮੇਰਾ ਦੇਸ਼ ਸੋਹਣਾ ਇਹਦੀ ਸ਼ਾਨ ਸੋਹਣੀ, ਇਸ ਨੂੰ ਲੁੱਟ ਲਿਆ ਕਾਲਿਆਂ ਕਾਵਾਂ ਨੇ।
    ਜਿੱਥੇ ਭੁੱਖੇ ਨੰਗੇ ਫਿਰਦੇ ਨੇ, ਤਨ ਤੇ ਕੋਈ ਲੀਰ ਨਹੀਂ,ਗੱਲ ਨੂੰ ਲੱਗੀਆਂ ਬਾਹਵਾਂ ਨੇ।
    ਭਵਿਂਖ ਜਿਸ ਦਾ ਰੁਲਦਾ ਪਿਆ ਹੈ ਸੜਕਾਂ ਤੇ,ਜਿਵੇਂ ਫੰਡਰ ਫਿਰਦੀਆਂ ਗਾਂਵਾਂ ਨੇ।
    “ਢਿੱਲੋ” ਜਿਹਦੇ ਪੁੱਤ ਖੁਦਕੁਸ਼ੀਆਂ ਪਏ ਕਰਦੇ ਨੇ,ਤੇ ਪਾਗਲ ਫਿਰਦੀਆਂ ਮਾਵਾਂ ਨੇ।

2012-01-02
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)