Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸ਼ਰਤਾ ਅਤੇ ਅੜੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ! - ...

ਸ: ਜਸਵੰਤ ਸਿੰਘ ਅਜੀਤ ਜੀ, 
ਵਾਹਿਗੁਰੂ ਜੀ ਕਾ ਖਾਸਲਾ॥ 
ਵਾਹਿਗੁਰੂ ਜਿ ਕਿ ਫਤਿਹ॥

ਆਪ ਦੇ ਲੇਖ ‘ਸ਼ਰਤਾ ਅਤੇ ਅੜੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ!’ ਲਈ ਆਪ ਜੀ ਦਾ ਬਹੁਤ ਧੰਨਵਾਦ। ਆਪ ਨੇ ਆਪਣੇ ਲੇਖ `ਚ` ਹੋਰ ਵਿਸ਼ਿਆ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਵੀ ਆਪਣੀ ਕੀਮਤੀ ਰਾਏ ਪੇਸ਼ ਕੀਤੀ ਹੈ। ਆਪ ਜੀ ਵਲੋਂ ਦਿੱਤੀ ਗਈ ਚਿਤਾਵਨੀ, ਇਹ ਗੱਲ ਸਮਝ ਲੈਣੀ  ਚਾਹੀਦੀ ਹੈ ਕਿ ਸਮਾਂ ਰਹਿੰਦਿਆਂ ਹਾਲਾਤ ਨੂੰ ਸੰਭਲਿਆ  ਨਾ ਗਿਆ, ਤਾਂ ਸਮਾਂ ਵਿਹਾ ਦੇਣ ਨਾਲ ਸਿੱਖੀ ਦਾ ਜੋ ਘਾਣ ਹੋਵੇਗਾ, ਉਸਦੇ  ਲਈ  ਆਉਣ ਵਾਲੀਆਂ ਪੀੜੀਆਂ ਅੱਜ ਦੀ  ਲੀਡਰਸ਼ਿਪ ਨੂੰ ਕਦੀ  ਵੀ ਮੁਆਫ਼  ਨਹੀਂ ਕਰਨਗੀਆਂ ਨਾਲ ਮੈ ਪੂਰੀ ਤਰ੍ਹਾਂ ਸਹਿਮੱਤ ਹਾਂ। ਜਦੋਂ ਅਸੀ ਪਿਛੇ ਝਾਤੀ ਮਾਰਦੇ ਹਾਂ ਤਾ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੇ ਮੁਖੀਆਂ ਨੇ ਕਦੇ ਵੀ ਕਿਸੇ ਸਮੱਸਿਆ ਦਾ ਸਮੇ ਸਿਰ ਹੱਲ ਨਹੀ ਕੀਤਾ।

ਆਪ ਜੀ ਨੇ ਆਪਣੇ ਇਸ ਲੇਖ ``ਚ ਬੁਹਤ ਹੀ ਅਹਿਮ ਸਵਾਲ ਕੀਤਾ ਹੈ, ਇਸ ਸੁਆਲ ਦਾ ਤਸੱਲੀ ਬਖ਼ਸ਼ ਜਵਾਬ ਦੇਣ ਲਈ ਕੋਈ ਤਿਆਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੇ  ਆ ਰਹੇ ਕੈਲੰਡਰ  ਕਾਰਣ, ਪੰਜ ਸਦੀਆਂ ਬੀਤ ਜਾਣ  ਤੇ  ਸਿੱਖੀ ਨੂੰ ਕਿਤਨਾ ਨੁਕਸਾਨ ਹੋਇਆ? ਅਤੇ ਸੰਨ-2003 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ, ਇਸਨੂੰ ਸੋਧੇ ਜਾਣ ਤਕ, ਅਰਥਾਤ  ਛੇ ਵਰ੍ਹਿਆਂ ਵਿੱਚ ਸਿੱਖੀ ਦਾ ਕਿਤਨਾ ਫੈਲਾਅ ਹੋਇਆ ਹੈ?” ਅਤੇ ਆਪ ਹੀ ਇਸ ਸਵਾਲ ਦਾ ਜੁਵਾਬ ਵੀ ਦੇ ਦਿੱਤਾ ਹੈ, “ਸ਼ਾਇਦ  ਇਸ ਸੁਆਲ  ਦਾ  ਕੋਈ  ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ।  ਇਸ ਸਬੰਧੀ ਬੇਨਤੀ ਹੈ ਕਿ ਮੈ ਇਸ ਸਵਾਲ ਬਾਰੇ ਕੁਝ ਜਾਣਕਾਰੀ ਸਾਂਝੀ ਕਰਨੀ ਚਹੁੰਦਾ ਹਾਂ।

ਕੈਲੰਡਰ  ਕੋਈ ਧਾਰਮਿਕ ਵਿਸ਼ਾ ਨਹੀ ਹੈ ਅਤੇ ਨਾ ਹੀ ਇਹ ਧਰਮ ਦੇ ਪ੍ਰਚਾਰ ਦਾ ਸਾਧਨ ਹੈ। ਇਹ ਤਾਂ ਆਪਣੀ ਵੱਖਰੀ ਹੋਂਦ ਦਾ ਪ੍ਰਤੀਕ ਹੈ।  ਇਹ ਤਾਂ ਆਪਣੇ ਧਾਰਮਿਕ ਅਤੇ  ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ ਸਹਾਈ ਹੁੰਦਾ ਹੈ। ਅੱਜ ਸਿੱਖ ਕੌਮ ਦੁਨੀਆਂ ਦੇ ਕੋਨੇ-ਕੋਨੇ `ਚ ਵਸ ਚੁੱਕੀ ਹੈ। ਅੱਜ ਸਾਨੂੰ ਇਕ ਅਜੇਹੇ ਕੈਲੰਡਰ ਦੀ ਲੋੜ ਹੈ ਜੋ ਸਮੇਂ ਦਾ ਹਾਣੀ ਹੋਵੇ। ਇਹ ਨਾ ਹੋਵੇ ਕਿ ਸਾਨੂੰ ਕਿਸੇ ਤੋਂ ਪੁੱਛਣਾ ਪਵੇ ਕਿ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਕਿੰਨੀ ਤਾਰੀਖ ਨੂੰ ਆਵੇਗਾ।

ਗੁਰੂ ਸਾਹਿਬ ਜੀ ਦੇ ਸਮੇਂ ਹਿਦੋਸਤਾਨ `ਚ ਵੀ ਦੋ ਕੈਲੰਡਰ ਲਾਗੂ ਸਨ। ਇਹ ਸੂਰਜੀ ਸਾਲ (Solar) ਅਤੇ ਚੰਦ੍ਰ ਸਾਲ (Lunar) ਤੇ ਅਧਾਰਿਤ ਸਨ। ਸੂਰਜੀ ਸਾਲ, ਜੋ ‘ਸੂਰਜੀ ਸਿਧਾਂਤ’ ਦਾ ਕੈਲੰਡਰ ਸੀ ਉਸ ਸਾਲ ਦੀ ਲੰਬਾਈ 365.2587 ਦਿਨ ਸੀ। ਇਹ ਸਾਲ ਮੌਸਮੀ ਸਾਲ, ਜਿਸ ਦੀ ਲੰਬਾਈ 365.2422 ਹੈ ਤੋਂ ਲੱਗਭੱਗ 60 ਸਾਲ ਪਿਛੋ  ਇਕ ਦਿਨ ਅੱਗੇ ਹੋ ਜਾਂਦਾ ਸੀ। ਇਹ ਕੈਲੰਡਰ ਵੀ 1964 ਵਿਚ ਸੋਧਿਆ ਜਾ ਚੁੱਕਾ ਹੈ। ਨਵੇ ਸਿਧਾਂਤ ਨੂੰ ਦ੍ਰਿਗਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਸ ਸਾਲ ਦੀ ਲੰਬਾਰੀ 365.2563 ਦਿਨ ਹੈ ਇਹ ਸਾਲ ਵੀ ਮੌਸਮੀ ਸਾਲ ਤੋਂ ਲੱਗਭੱਗ 72 ਸਾਲ ਪਿਛੋ ਇਕ ਦਿਨ ਅੱਗੇ ਹੋ ਜਾਂਦਾ ਹੈ। ਇਨ੍ਹਾਂ ਕੈਲੰਡਰਾਂ ਦੀ ਵਰਤੋ ਕਾਰਨ ਹੀ  ਪਿਛਲੇ 500 ਸਾਲ ਵਿਚ ਮੌਸਮੀ ਸਾਲ ਨਾਲੋਂ ਲੱਗ ਭੱਗ 8 ਦਿਨਾਂ ਦਾ ਫਰਕ ਪੈ ਚੁੱਕਾ ਹੈ। ਜੇ ਇਹ ਇਸੇ ਤਰ੍ਹਾ ਹੀ ਚਲਦਾ ਰਹੇ ਤਾਂ ਗੁਰਬਾਣੀ ਵਿਚ ਦਰਜ ਮਹੀਨਿਆਂ ਦਾ ਸਬੰਧ ਰੁੱਤਾਂ ਨਾਲੋ ਟੁੱਟ ਜਾਵੇਗਾ।

ਚੰਦ ਦੇ ਸਾਲ  ਦੀ ਲੰਬਾਈ 354.37 ਦਿਨ ਹੁੰਦੀ ਹੈ ਇਹ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੈ। ਦੋ ਸਾਲ `ਚ ਹੀ ਇਹ ਸੂਰਜੀ ਸਾਲ ਨਾਲੋਂ 22 ਦਿਨ ਪਿਛੇ ਰਹਿ ਜਾਂਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਸਾਲ `ਚ ਇਹ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਅਜੇਹੇ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383 ਜਾਂ 384 ਦਿਨ ਹੁੰਦੇ ਹਨ। 2010 ਵਿਚ ਵੈਸਾਖ ਦੇ ਦੋ ਮਹੀਨੇ ਸਨ। 2012 `ਚ ਭਾਦੋਂ ਦੇ 2 ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਹਿੰਦੇ ਹਨ। ਇਸ ਮਹੀਨੇ ਕੋਈ ਵੀ ਸ਼ੁਭ ਕੰਮ ਨਹੀ ਕੀਤਾ ਜਾ ਸਕਦਾ। ਇਸ ਮਹੀਨੇ ਤੋਂ ਪਿਛੋ ਆਉਣ ਵਾਲੇ ਸਾਰੇ ਦਿਹਾੜੇ 18/19 ਦਿਨ ਪੱਛੜ ਜਾਂਦੇ ਹਨ। 19 ਸਾਲਾਂ `ਚ 7 ਸਾਲ ਅਜੇਹੇ ਹੁੰਦੇ ਹਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ (ਪੋਹ ਸੁਦੀ 7) ਇਕ ਸਾਲ `ਚ ਦੋ ਵਾਰੀ ਆ ਜਾਂਦਾ ਹੈ ਅਤੇ ਕਿਸੇ ਸਾਲ ਇਕ ਵੇਰੀ ਵੀ ਨਹੀ ਆਉਦਾ। ਇਸ ਸਾਲ ਇਹ ਦਿਹਾੜਾ 11 ਜਨਵਰੀ ਸੀ ਅਤੇ ਫਿਰ 31 ਦਸੰਬਰ ਨੂੰ ਹੋਵੇਗਾ, 2012 ਵਿਚ ਇਹ ਦਿਹਾੜਾ ਨਹੀ ਆਵੇਗਾ। 2013 `ਚ 18 ਜਨਵਰੀ, 2014 `ਚ 7 ਜਨਵਰੀ ਅਤੇ 28 ਦਸੰਬਰ ਨੂੰ ਹੋਵੇਗਾਂ ਪਰ 2015 `ਚ ਨਹੀ ਆਵੇਗਾ।

2003`ਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਸ ਦੇ ਸਾਲ ਦੀ ਲੰਬਾਈ ਹੈ 365.2425 ਦਿਨ ਹੈ। ਇਹ ਸਾਲ ਮੌਸਮੀ ਸਾਲ ਤੋਂ ਲੱਗਭੱਗ 3300 ਸਾਲ ਪਿਛੋ ਇਕ ਦਿਨ ਅੱਗੇ ਹੋਵੇਗਾ। ਇਸ ਸਾਲ ਦੇ ਮਹੀਨੇ ਦਾ ਅਰੰਭ (ਸੰਗਰਾਂਦ) ਅਤੇ ਮਹੀਨੇ ਦੇ ਦਿਨ ਵੀ ਪੱਕੇ ਕਰ ਦਿੱਤੇ ਗਏ ਹਨ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (23 ਪੋਹ) ਆਵੇਗਾਂ ਤਾਂ ਸੀ: ਈ: ਕੈਲੰਡਰ ਦੀ ਹਰ ਸਾਲ 5 ਜਨਵਰੀ ਹੀ ਹੋਵੇਗੀ। ਇਹ ਹੈ ਫਰਕ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੰਪਰਾਗਤ ਕੈਲੰਡਰਾਂ ਦਾ।

ਅੱਗੇ ਆਪ ਜੀ ਲਿਖਦੇ ਹੋ, ਪਿਛੇ  ਜਿਹੇ  ਇਹ ਸੁਝਾਉ ਵੀ ਸਾਹਮਣੇ  ਆਇਆ ਸੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬਾਂ  ਦੀਆਂ ਤਾਰੀਖਾਂ ਸਵੀਕਾਰ  ਕਰ  ਲਈਆਂ ਜਾਣ ਅਤੇ ਸੋਧੇ ਕੈਲੰਡਰ  ਦੀਆਂ ਸੰਗਰਾਂਦਾਂ ਦੀਆਂ ਤਾਰੀਖਾਂ ਪੁਰ ਸਹਿਮਤੀ ਕਰ ਲਈ ਜਾਏ। ਇਸ ਨਾਲ ਦੋਹਾਂ ਧਿਰਾਂ ਦਾ ਵਕਾਰ ਵੀ ਬਣਿਆ ਰਹਿ ਸਕੇਗਾ  ਅਤੇ ਵਿਵਾਦ  ਵੀ  ਖਤਮ ਹੋ ਜਾਏਗਾ।  ਸ: ਜਸਵੰਤ ਸਿੰਘ ਅਜੀਤ ਜੀ, ਜਿਥੋ ਤਾਂਈ ਮੈਨੂੰ ਯਾਦ ਹੈ ਇਹ ਸੁਝਾਉ ਕਿਸੇ ਹੋਰ ਨੇ ਨਹੀ ਸਗੋਂ ਆਪ ਜੀ ਨੇ ਹੀ ਆਪਣੇ ਲੇਖ,  ‘ਨਾਨਕਸ਼ਾਹੀ ਕੈਲੰਡਰ ਵਿਵਾਦ: ਈਮਾਨਦਾਰੀ ਹੋਵੇ ਤਾਂ ਹੀ ਹਲ ਸੰਭਵ’ ਵਿਚ ਦਿੱਤਾ ਸੀ।

ਇਸ ਸਬੰਧੀ ਬੇਨਤੀ ਹੈ ਆਪ ਜੀ ਦਾ ਇਹ ਸੁਝਾਉ ਵਿਵਹਾਰਿਕ ਨਹੀ ਹੈ। ਉਸ ਦਾ ਕਾਰਨ ਇਹ ਹੈ ਕਿ ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਹਰ ਸਾਲ ਬਦਲ ਜਾਂਦੀਆਂ ਹਨ। ਜੇ ਆਪ ਜੀ ਨੇ ਵਿਗਾੜੇ ਹੋਏ ਕੈਲੰਡਰ ਨੂੰ ਧਿਆਨ ਨਾਲ ਵੇਖਿਆਂ ਹੁੰਦਾ  ਤਾਂ ਆਪ ਜੀ ਨੂੰ ਪਤਾਂ ਹੋਣਾ ਸੀ ਕਿ ਹੁਣ ਅਜੇਹਾ ਹੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਗੁਰਪੁਰਬਾਂ  ਦੀਆਂ  ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆਂ ਸਨ ਪਰ ਸੰਗਰਾਂਦਾਂ ਬਿਕ੍ਰਮੀ ਵਾਲੀਆਂ । ਇਸ ਦਾ ਹੀ ਨਤੀਜਾ ਸੀ ਕਿ  ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹੜਾ 8 ਅੱਸੂ/22 ਸਤੰਬਰ, 2010 ਵਿਚ 7 ਅੱਸੂ/22 ਸਤੰਬਰ ਦਾ ਸੀ ਅਤੇ 2011 ਵਿਚ 6ਅੱਸੂ/22 ਸਤੰਬਰ ਹੋਵੇਗਾ ਅਤੇ 2012 ਵਿਚ 7 ਅੱਸੂ/22 ਸਤੰਬਰ ਨੂੰ ਆਵੇਗਾ। ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ/24 ਨਵੰਬਰ ਆਉਦਾ ਹੈ ਉਹ 9 ਮੱਘਰ/24 ਨਵੰਬਰ ਦਾ ਦਰਜ ਕੀਤਾ ਗਿਆ ਹੈ। ਆਪ ਜੀ ਦਾ ਸੁਝਾਉ ਪੜ੍ਹ ਕਿ ਮੈਨੂੰ ਬੁਹਤ ਹੀ ਹੈਰਾਨੀ ਹੋਈ ਹੈ ਕਿ, ਜਿਨ੍ਹਾਂ ਨੂੰ ਏਨਾ ਵੀ ਨਹੀ ਪਤਾ ਕਿ ਜੇ ਮੱਘਰ ਦੀ ਸੰਗਰਾਦ 14 ਨਵੰਬਰ ਦੀ ਬਜਾਏ 16 ਨਵੰਬਰ ਨੂੰ ਮਨਾਉਣੀ ਹੈ ਤਾਂ 11 ਮੱਘਰ ਵੀ 24 ਨਵੰਬਰ ਨੂੰ ਨਹੀ 26 ਨਵੰਬਰ ਨੂੰ ਆਉਣਾ ਹੈ, ਆਪ ਜੀ ਉਨ੍ਹਾਂ  ਦੇ ਸੁਝਾਊ ਨੂੰ ਮੰਨਣ ਲਈ ਕਹਿ ਰਹੇ ਹੋ?  ਸੋ ਸਪੱਸ਼ਟ ਹੈ ਕਿ ਆਪ ਜੀ ਵਲੋਂ ਦਿੱਤਾ ਗਿਆ ਸੁਝਾੳ ਮੰਨਣ ਯੋਗ ਨਹੀ ਹੈ।

ਆਪ ਜੀ ਦੇ ਬਚਨ, ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਾ ਤਾਂ  ਸ਼ ਪਾਲ ਸਿੰਘ  ਪੁਰੇਵਾਲ  ਦਾ  ਤਿਆਰ  ਕੀਤਾ ਕੈਲੰਡਰ  ਇਲਾਹੀ ਹੁਕਮ ਹੈ ਅਤੇ  ਨਾ  ਹੀ ਸੋਧਿਆ ਕੈਲੰਡਰ ਧੁਰੋਂ ਆਇਆ  ਹੋਇਆ ਹੈ, ਜਿਨ੍ਹਾਂ ਵਿੱਚ ਕੋਈ ਅਦਲਾ-ਬਦਲੀ ਨਹੀਂ ਕੀਤੀ ਜਾ ਸਕਦੀ। ਦੋਵੇਂ ਕੈਲੰਡਰ ਹੀ ਮਨੁੱਖਾਂ ਦੀ ਇਜਾਦ ਹਨ, ਇਸ ਕਾਰਣ ਉਨ੍ਹਾਂ ਲਈ ਪੰਥ ਦੇ ਵੱਡੇ ਹਿਤਾਂ ਨੂੰ ਕੁਰਬਾਨ ਨਹੀਂ ਕੀਤਾ ਜਾਣਾ ਚਾਹੀਦਾ ਨਾਲ ਮੈ ਪੂਰੀ ਤਰ੍ਹਾਂ ਸਹਿਮਤ ਹਾਂ । ਕੈਲੰਡਰ ਮਨੁਖ ਨੇ ਆਪਣੀ ਸਹੁਲਤ ਲਈ ਹੀ ਇਜਾਦ ਕੀਤੇ ਹਨ। ਸਮੇਂ–ਸਮੇਂ ਇਨ੍ਹਾਂ `ਚ ਸੋਧਾਂ ਵੀ ਹੁੰਦੀਆ ਰਹੀਆਂ ਹਨ ਜਿਵੇ ਯੂਲੀਅਨ ਕੈਲੰਡਰ `ਚ ਸੋਧ ਕਰਨ ਉਪ੍ਰੰਤ 1582 `ਚ ਗ੍ਰੈਗੋਰੀਅਨ ਕੈਲੰਡਰ ਹੋਂਦ ਵਿਚ ਆਇਆ ਸੀ। (ਇੰਗਲੈਡ ਨੇ ਇਹ ਸੋਧ 1752 ਈ: `ਚ ਲਾਗੂ ਕੀਤੀ ਸੀ) ‘ਸੂਰਜੀ ਸਿਧਾਂਤ’ ਦੇ ਕੈਲੰਡਰ ਵਿਚ ਵੀ 18 ਅਤੇ 19 ਨਵੰਬਰ 1964 ਨੂੰ ਅੰਮ੍ਰਿਤਸਰ ਵਿਖੇ ਹੋਈ ਵਿਦਿਵਾਨਾਂ ਦੀ ਇਕੱਤਰਤਾ ਵਿਚ ਸੋਧ ਕਰਨ ਉਪ੍ਰੰਤ ਦ੍ਰਿਗਗਿਣਤ ਸਿਧਾਂਤ ਆਹਮਣੇ ਆਇਆ ਸੀ। ਇਥੇ ਮੈ ਇਹ ਵੀ ਸਪੱਸ਼ਟ ਕਰਨਾ ਚਹੁੰਦਾ ਹਾਂ ਕਿ ਸੰਗਰਾਂਦ ਵੀ ਕਿਸੇ ਇਲਾਹੀ ਫੁਰਨਾਮ ਨਾਲ ਨਿਰਧਾਰਤ ਨਹੀਂ ਕੀਤੀ ਜਾਂਦੀ। ਇਸ ਵਿਚ ਵੀ ਜੇ  ਲੋੜ ਮੁਤਾਬਕ ਤਬਦੀਲੀ ਕਰ ਲਈ ਜਾਵੇ ਤਾਂ ਸੁਨਾਮੀ ਆਉਣ ਦੀ ਕੋਈ ਸੰਭਾਵਾਨਾ ਨਹੀ ਹੈ। ਜਿਸ ਦਾ ਪ੍ਰਤੱਖ ਸਬੂਤ ਹੈ 2003 ਤੋਂ 2009 ਤਾਂਈ ਨਾਨਕਸ਼ਾਹੀ ਕੈਲੰਡਰ ਦੀਆ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਤੋਂ ਵੱਖ ਹੋਣ ਤੇ ਵੀ ਕੋਈ ਜਲਜਲਾ ਨਹੀ ਆਇਆਂ। ਆਸ ਕਰਦਾ ਹਾਂ ਕਿ ਆਪ ਜੀ ਮੇਰੇ ਜੁਵਾਬ ਨਾਲ ਸਹਿਮਤ ਹੋਵੋਗੇ, ਜੇ ਕੋਈ ਹੋਰ ਸ਼ੰਕਾ ਹੋਇਆ ਤਾ ਉਸ ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ।

ਸਤਿਕਾਰ ਸਹਿਤ 
ਸਰਵਜੀਤ ਸਿੰਘ 

2011-04-11
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)