Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸਿ਼ਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ - ਸੁਰਜੀਤ ਪਾਤਰ.

ਸਿ਼ਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ। ਜਦੋਂ ਕਦੀ ਮੈਂ ਕਲਾਸ ਵਿਚ ਸਿ਼ਵ ਦੀ ਸ਼ਾਇਰੀ ਪੜ੍ਹਾਉਾਂਦਾ ਵਿਦਿਆਰਥੀ ਮੈਨੂੰ ਕਹਿੰਦੇ: ਸਰ ਕੋਈ ਸਿ਼ਵ ਦੀ ਗੱਲ ਸੁਣਾਓ। ਉਦੋਂ ਮੇਰਾ ਜੀ ਕਰਦਾ ਕਾਸ਼ ਮੈਂ ਸਿ਼ਵ ਨੂੰ ਕੁਝ ਹੋਰ ਮਿਲਿਆ ਹੁੰਦਾ। ਪਰ ਸਿ਼ਵ ਦੇ ਜੀਉਂਦੇ ਜੀ ਇਹ ਨਹੀਂ ਪਤਾ ਸੀ ਕਿ ਉਹ ਏਨੀ ਜਲਦੀ ਤੁਰ ਜਾਵੇਗਾ। ਉਸਦੀ ਕਵਿਤਾ:

ਅਸੀਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸੀਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ

ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾ ਵਾਲਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਨੂੰ ਅਸੀਂ ਕਵਿਤਾ ਤਾਂ ਸਮਝਦੇ ਸੀ, ਪੇਸ਼ਨਗੋਈ ਨਹੀਂ ਸੀ ਸਮਝਦੇ। ਪਤਾ ਨਹੀਂ ਉਹ ਮਰ ਕੇ ਫੁੱਲ ਬਣਿਆ ਜਾਂ ਤਾਰਾ ਪਰ ਮੈਂ ਉਸ ਨੂੰ ਜੀਉਂਦੇ ਜੀ ਇਹ ਦੋਵੇਂ ਕੁਝ ਬਣਦਾ ਦੇਖਿਆ।
ਉਹ ਜਦੋਂ ਹੇਠਲੀਆਂ ਸੁਰਾਂ ਵਿਚ ਆਪਣੇ ਗੀਤ ਦਾ ਮੁਖੜਾ ਗਾਉਾਂਦਾ  ਉਹ ਫੁੱਲ ਬਣ ਜਾਂਦਾ ਸੀ। ਜਦੋਂ ਉੱਚੀਆਂ ਸੁਰਾਂ ਵਿਚ ਅੰਤਰਾ ਚੁੱਕਦਾ ਤਾਂ ਤਾਰਾ ਬਣ ਜਾਂਦਾ। ਉਸਦੀ ਸ਼ਾਇਰੀ ਵਿਚ ਬੇਮਿਸਾਲ ਰਵਾਨੀ ਸੀ ਤੇ ਉਸਦੇ ਪਰਵਾਹ ਵਿਚ ਉਹ ਪਤਾ ਨਹੀਂ ਕੀ ਕੁਝ ਵਹਾ ਦੇਂਦਾ ਸੀ। ਕਿੰਨੇ ਪੁਰਾਣੇ ਲਫ਼ਜ਼, ਚੀਜ਼ਾਂ, ਬੂਟੇ। ਭੂਸ਼ਨ ਨੇ ਇਕ ਲਤੀਫ਼ਾ ਸਿਰਜਿਆ ਸੀ:
ਇਕ ਅਧਿਆਪਕ ਸਾਈਕਲ ‘ਤੇ ਸਕੂਲ ਜਾ ਰਿਹਾ ਸੀ। ਸਾਈਕਲ ਦੇ ਹੈਂਡਲ ਦੇ ਦੋਹੀਂ ਪਾਸੀਂ ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ। ਕਿਸੇ ਨੇ ਪੁੱਛਿਆ: ਮਾਸਟਰ ਜੀ, ਇਹ ਥੈਲਿਆਂ ਵਿਚ ਕੀ ਲਿਜਾ ਰਹੇ ਹੋ? ਮਾਸਟਰ ਜੀ ਕਹਿਣ ਲੱਗੇ: ਅੱਜ ਮੈਂ ਬੱਚਿਆਂ ਨੂੰ ਸਿ਼ਵ ਕੁਮਾਰ ਦੀ ਕਵਿਤਾ ਪੜ੍ਹਾਉਣੀ ਐ। ਸਿ਼ਵ ਦੀਆਂ ਇਹ ਸਤਰਾਂ ਨੇ:

ਜਿਹੜੇ ਖੇਤਾਂ ਵਿਚ ਮੈਂ ਬੀਜੇ ਸੀ
ਤਾਰਿਆਂ ਦੇ ਬੀਜ
ਉਨ੍ਹਾਂ ਖੇਤਾਂ ਵਿਚ ਭੱਖੜਾ ਬੁਘਾਟ ਉਗਿਆ। ਬੱਚੇ ਪੁੱਛਣਗੇ : ਮਾਸਟਰ ਜੀ, ਭੱਖੜਾ ਕੀ ਹੁੰਦਾ, ਬੁਘਾਟ ਕੀ ਹੁੰਦਾ? ਮੈਂ ਕਿਵੇਂ ਸਮਝਾਵਾਂਗਾ? ਇਸ ਲਈ ਮੈਂ ਇਕ ਥੈਲੇ ਵਿਚ ਭੱਖੜਾ ਲੈ ਆਇਆਂ ਤੇ ਇਕ ਵਿਚ ਬੁਘਾਟ। ਇਹ ਬੱਚਿਆਂ ਨੂੰ ਦਿਖਾ ਦਿਆਂਗਾ।
ਸਿ਼ਵ ਦੇ ਸ਼ਬਦਾਂ ਦਾ ਸੰਗੀਤ ਉਹਦੀ ਹੂਕ, ਉਸਦੀ ਦਾ ਬਿਰਹਾ, ਉਸਦੀ ਲਫ਼ਜਾਂ ਦੀ ਜੜਤ, ਉਸਦੀ ਬਿੰਬਾਵਲੀ ਦੀ ਮੌਲਿਕਤਾ, ਉਸਦੀ ਲੋਕਧਾਰਾ ਦਾ ਇਸਤੇਮਾਲ ਬੇਮਿਸਾਲ ਸੀ।

ਮਾਏ ਨੀਂ ਮਾਏ ਮੇਰੇ ਗੀਤਾਂ ਦਿਆਂ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ
ਭਿਉਂ-ਭਿਉਂ ਸੁਗੰਧੀਆਂ ‘ਚ ਰੱਖੇ
ਫੇਹੇ ਚਾਨਣੀ ਦੇ
ਤਾਂ ਵੀ ਸਾਨੂੰ ਨੀਂਦ ਨਾ ਪਵੇ
ਜਦੋਂ ਸੱਠਵਿਆਂ ਵਿਚ ਸਿ਼ਵ ਦਾ ਇਹ ਗੀਤ ਪੰਜਾਬ ਦੀਆਂ ਹਵਾਵਾਂ ਵਿਚ ਗੂੰਜਿਆ ਤਾਂ ਪੰਜਾਬੀ ਬੋਲੀ ਨੂੰ ਆਪਣੀ ਕਦੀਮੀ ਖ਼ੂਬਸੂਰਤੀ ਯਾਦ ਆਈ। ਸਿ਼ਵ ਕੁਮਾਰ ਦੇ ਆਸੇ ਪਾਸੇ ਪ੍ਰਯੋਗਸ਼ੀਲਤਾ ਦਾ ਸਿਧਾਂਤਕ ਰੁਅਬ ਸੀ, ਵ੍ਰਿੰਦਗਾਨ ਸੀ। ਸਿ਼ਵ ਇਕ ਇਕੱਲੀ ਆਵਾਜ਼ ਸੀ। ਇਸ ਆਵਾਜ ਨੇ, ਅੰਦਾਜ਼ ਨੇ ਬਹੁਤਿਆਂ ਨੂੰ ਮੋਹ ਲਿਆ। ਕੁਝ ਦਾਨਿਸ਼ਵਰਾਂ ਨੇ ਉਸ ਨੂੰ ਕੁੜੀਆਂ ਮੁੰਡਿਆਂ ਦਾ ਕਵੀ ਕਿਹਾ। ਕਿਸੇ ਨੇ ਪ੍ਰਤਿਗਾਮੀ, ਨਿਰਾਸ਼ਾਵਾਦੀ। ਪਰ ਸੰਤ ਸਿੰਘ ਸੇਖੋਂ ਵਰਗੇ ਮਾਰਕਸਵਾਦੀ ਦਾਨਿਸ਼ਵਰ ਨੇ ਉਸ ਦੀ ਵਡੱਤਣ ਨੂੰ ਪਛਾਣਿਆਂ ਤੇ ਇਸ ਦਾ ਐਲਾਨ ਕੀਤਾ ਤੇ ਉਸ ਨੂੰ ਵੀਹਵੀਂ ਸਦੀ ਤੇ ਸੱਤ ਵੱਡੇ ਕਵੀਆਂ ਵਿਚ ਗਿਣਿਆ।
ਲੂਣਾ ਤੇ ਸਿ਼ਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ। ਸਭ ਤੋਂ ਛੋਟੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਸਿ਼ਵ ਨੂੰ ਹੀ ਪ੍ਰਾਪਤ ਹੈ। ਮੈਂ ਆਪਣੇ ਪ੍ਰੋਗਰਾਮ ‘ਸੂਰਜ ਦਾ ਸਰਨਾਵਾਂ‘ ਵਿਚ ਕਿਹਾ ਸੀ ਕਿ ਸਿ਼ਵ ਦੀ ਸ਼ਾਇਰੀ ਵਿਚ ਲੂਣਾ ਦੀ ਉਹ ਹੀ ਥਾਂ ਹੈ ਜੋ ਆਗਰੇ ਵਿਚ ਤਾਜ ਮਹਿਲ ਦੀ ਹੈ।
ਸਿ਼ਵ ਦਾ ਰੋਮਾਂਸਵਾਦ, ਸਿ਼ਵ ਦੀ ਨਿਰਾਸ਼ਾ, ਸਿ਼ਵ ਦਾ ਮੌਤ-ਮੋਹ ਕਿਸੇ ਨੂੰ ਕੁਝ ਵੀ ਲੱਗੇ। ਉਸ ਦੀ ਰਵਾਨੀ, ਉਸਦਾ ਸਰੋਦੀਪਨ, ਉਸ ਦੀ ਬਿੰਬਾਵਲੀ, ਉਸ ਦੀ ਸ਼ਬਦਾਵਲੀ, ਉਸ ਦੀ ਸਿ਼ਲਪ ਦਾ ਜਾਦੂ ਕਮਾਲ ਹੈ। ਉਹ ਸੂਫ਼ੀਆਂ ਤੇ ਕਿੱਸਾਕਾਰਾਂ ਵਾਂਗ ਗਾਇਕਾਂ ਦਾ ਚਹੇਤਾ ਹੈ।
ਪਹਿਲੀ ਵਾਰ ਮੈਂ ਸਿ਼ਵ ਕੁਮਾਰ ਨੂੰ 1964 ਵਿਚ ਮਿਲਿਆ ਜਦੋਂ ਮੈਂ ਰਣਧੀਰ ਕਾਲਜ ਕਪੂਰਥਲਾ ਦਾ ਵਿਦਿਆਰਥੀ ਸਾਂ। ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਪਤਨੀ ਮਨੋਹਰ ਕੌਰ ਅਰਪਨ ਸਾਨੂੰ ਪੰਜਾਬੀ ਪੜ੍ਹਾਉਾਂਦੇ ਨ। ਇਸ ਜੋੜੀ ਸਦਕਾ ਕਾਲਜ ਦਾ ਮਾਹੌਲ ਅਦਬੀ ਸਰਗਰਮੀਆਂ ਨਾਲ ਭਖ਼ਿਆ ਰਹਿੰਦਾ ਸੀ। ਫਰਵਰੀ 1964 ਦੀ ਗੱਲ ਹੈ ਸੇਠੀ ਸਾਹਿਬ ਨੇ ਇਕ ਬਹੁਤ ਵੱਡਾ ਕਵੀ ਦਰਬਾਰ ਕਾਲਜ ਦੇ ਜੁਬਲੀ ਹਾਲ ਵਿਚ ਆਯੋਜਿਤ ਕੀਤਾ। ਪ੍ਰੋ. ਮੋਹਨ ਸਿੰਘ, ਡਾ. ਹਰਿਭਜਨ ਸਿੰਘ, ਤਖ਼ਤ ਸਿੰਘ, ਮੀਸ਼ਾ, ਜਗਤਾਰ, ਕ੍ਰਿਸ਼ਨ ਅਦੀਬ, ਰਵਿੰਦਰ ਰਵੀ, ਸੁਰਜੀਤ ਰਾਮਾਪੁਰੀ ਤੇ ਹੋਰ ਬਹੁਤ ਸਾਰੇ ਕਵੀ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਏ। ਸੁਰਜੀਤ ਸਿੰਘ ਸੇਠੀ ਹੋਰਾਂ ਮੈਨੂੰ ਸਿ਼ਵ ਨਾਲ ਮਿਲਾਇਆ: ਸਿ਼ਵ, ਇਹ ਸੁਰਜੀਤ ਐ, ਸਾਡਾ ਵਿਦਿਆਰਥੀ, ਕਵਿਤਾ ਲਿਖਦਾ। ਸਿ਼ਵ ਨੇ ਮੈਨੂੰ ਬਗਲ ਵਿਚ ਲੈ ਲਿਆ। ਉਹਦੇ ਆੜੂ-ਰੰਗੇ ਸੂਟ ਵਿਚ ਸੈਂਟ ਦੀ ਬਹੁਤ ਪਿਆਰੀ ਮਹਿਕ ਆ ਰਹੀ ਸੀ। ਸ਼ਰਬਤੀ ਅੱਖਾਂ, ਕੋਮਲ ਜਿਹਾ ਲਮੂਤਰਾ ਚਿਹਰਾ। ਉਹ ਮੇਰੇ ਨਾਲ ਗੱਲਾਂ ਕਰਨ ਲੱਗਾ। ਅਚਾਨਕ ਕਹਿਣ ਲੱਗਾ: ਤੇਰਾ ਪੂਰਾ ਨਾਂ ਕੀ ਹੈ? ਤੂੰ ਕਿਤੇ ਓਹੀ ਸੁਰਜੀਤ ਤਾਂ ਨਹੀਂ? ਨਵਤੇਜ ਨੇ ਮੈਨੂੰ ਇਕ ਸੁਰਜੀਤ ਦੀਆਂ ਕਵਿਤਾਵਾਂ ਪੜ੍ਹਾਈਆਂ ਜਿਹੜੀਆਂ ਪ੍ਰੀਤ ਲੜੀ ਵਿਚ ਛਪਣ ਲਈ ਆਈਆਂ ਸਨ। ਮੈਂ ਓਹੀ ਸੁਰਜੀਤ ਹਾਂ। ਮੈਨੂੰ ਬਹੁਤ ਖੁਸ਼ੀ ਹੋਈ। ਸਿ਼ਵ ਨੂੰ ਮੇਰੀ ਇਕ ਕਵਿਤਾ ਦੀਆਂ ਦੋ ਸਤਰਾਂ ਵੀ ਯਾਦ ਸਨ:
ਜ਼ਖ਼ਮੀ ਹੰਸ ਉਡੇ ਸਰਵਰ ਚੋਂ
ਪਾਣੀ ਵਿਚ ਪਿਆਜ਼ੀ ਰੌਆਂ
ਇਹ ਮੇਰੀ ਕਵਿਤਾ ਗਾਇਕਾ ਦੀਆਂ ਸਤਰਾਂ ਸਨ। ਉਹ ਦਿਨ ਮੇਰੇ ਲਈ ਮਹਾਨ ਦਿਨ ਸੀ। ਸਿ਼ਵ ਨੂੰ ਮੇਰੀਆਂ ਸਤਰਾਂ ਯਾਦ ਸਨ। ਰਾਤ ਨੂੰ ਕਵੀ ਦਰਬਾਰ ਸ਼ੁਰੂ ਹੋਇਆ। ਸਿ਼ਵ ਕੁਮਾਰ ਆਪਣੀ ਵਾਰੀ ਆਉਣ ਤੱਕ ਸਟੇਜ ਦੇ ਪਿੱਛੇ ਪ੍ਰਬੰਧਕ ਮੁੰਡਿਆਂ ਕੋਲ ਹੀ ਬੈਠਾ ਰਿਹਾ। ਕਹਿਣ ਲੱਗਾ : ਮੈਂ ਕਵੀਆਂ ਕੋਲ ਨਹੀਂ ਬੈਠਦਾ। ਇਹ ਈਰਖਾ ਦੀ ਅੱਗ ਨਾਲ ਭਰੇ ਹੋਏ ਹੁੰਦੇ ਹਨ। ਸਿ਼ਵ ਦੀ ਵਾਰੀ ਆਈ। ਉਸ ਨੇ ਗੀਤ ਸ਼ੁਰੂ ਕੀਤਾ: ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ। ਇਕ ਉਰਦੂ ਤੇ ਪੰਜਾਬੀ ਕਵੀ ਨੇ ‘ਵਾਹ-ਵਾਹ ਫੁਕਰਾ ਯਾਰ ਬਣਾਇਆ‘ ਕਹਿ ਕੇ ਸਿ਼ਵ ਨੂੰ ਹੂਟ ਕਰਨ ਦੀ ਕੋਸਿ਼ਸ ਕੀਤੀ। ਸਿ਼ਵ ਇਕ ਪਲ ਲਈ ਰੁਕ ਗਿਆ। ਫਿਰ ਸਾਹ ਰੋਕੀ ਬੈਠੀ ਚੁੱਪ ਵਿਚੋਂ ਉਸ ਨੇ ਉਡਾਣ ਭਰੀ। ਸਿ਼ਵ ਉੱਚੀਆਂ ਸੁਰਾਂ ਵਿਚ ਅੰਤਰਾ ਪੜ੍ਹਦਾ ਤਾਂ ਤਾਰਾ ਬਣ ਜਾਂਦਾ ਹੇਠਲੀਆਂ ਸੁਰਾਂ ਵਿਚ ਆਉਾਂਦਾ ਾਂ ਫੁੱਲ ਬਣ ਜਾਂਦਾ।
ਉਸ ਤੋਂ ਬਾਅਦ ਸੁਲਤਾਨ ਪੁਰ ਲੋਧੀ ਦੇ ਗੁਰਦੁਆਰੇ ਵਿਚ ਇਕ ਕਵੀ ਦਰਬਾਰ ਦੀ ਰਾਤ ਤੋਂ ਬਾਅਦ ਦੂਜੀ ਸਵੇਰ ਰੇਲ ਗੱਡੀ ਦੇ ਡੱਬੇ ਵਿਚ ਸਿ਼ਵ ਨੇ ਆਪਣਾ ਗੀਤ ਸੁਣਾਇਆ:
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੀ ਚੁੰਮਣੋਂ ਪਿਛਲੀ ਸੰਗ ਵਰਗਾ
ਫਿਰ ਮੈਂ ਐਮ.ਏ. ਕਰਨ ਪੰਜਾਬ ਯੂਨੀਵਰਸਿਟੀ ਪਟਿਆਲੇ ਆ ਗਿਆ। ਓਥੇ ਮੇਰਾ ਇਕ ਸੀਨੀਅਰ ਦੋਸਤ ਸੁਰਜੀਤ ਮਾਨ ਸਿ਼ਵ ਦਾ ਬਹੁਤ ਦੀਵਾਨਾ ਸੀ। ਸਾਡੇ ਹੋਸਟਲ ਵਿਚ ਕਵੀਆਂ ਬਾਰੇ ਅਕਸਰ ਬਹਿਸਾਂ ਹੁੰਦੀਆਂ। ਅਸੀਂ ਉਨ੍ਹੀਂ ਦਿਨੀਂ ਲੋਰਕਾ, ਨੇਰੂਦਾ, ਬ੍ਰੈਖ਼ਤ ਪੜ੍ਹ ਰਹੇ ਸਾਂ। ਸਹਿਜੇ ਕੀਤੇ ਸਾਨੂੰ ਕੋਈ ਪੰਜਾਬੀ ਕਵੀ ਪਸੰਦ ਨਹੀਂ ਆਉਾਂਦਾ ੀ। ਅਸੀਂ ਯੂਨਾਨੀ ਦੁਖਾਂਤ ਤੋਂ ਉਰੇ ਦੀ ਗੱਲ ਘੱਟ ਹੀ ਕਰਦੇ ਸਾਂ।
ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਕਵੀ ਦਰਬਾਰ ਹੋਇਆ। ਬਾਹਰ ਪੰਡਾਲ ਲੱਗਾ ਹੋਇਆ ਸੀ। ਤਾਰਾ ਸਿੰਘ ਆਪਣੀ ਕਵਿਤਾ ਪੜ੍ਹਕੇ ਮੇਰੇ ਤੇ ਸੁਰਜੀਤ ਕੋਲ ਆ ਬੈਠਾ। ਅਸੀਂ ਪੰਡਾਲ ਤੋਂ ਬਾਹਰ ਘਾਹ ਤੇ ਬੈਠੇ ਹੋਏ ਸਾਂ। ਸਿ਼ਵ ਕੁਮਾਰ ਆਪਣੀ ਕਵਿਤਾ ਪੜ੍ਹ ਰਿਹਾ ਸੀ: ਗੁੰਮ ਹੈ, ਗੁੰਮ ਹੈ, ਗੁੰਮ ਹੈ
ਇਕ ਕੁੜੀ ਜਿਹਦਾ ਨਾਮ ਮੁਹੱਬਤ
ਗੁੰਮ ਗੁੰਮ ਗੁੰਮ ਹੈ
ਤਾਰਾ ਸਿੰਘ ਕਹਿਣ ਲੱਗਾ: ਇਹ ਕੁੜੀ ਅਸਲ ਵਿਚ ਇਹਦੀ ਕਵਿਤਾ ਹੈ ਜਿਹੜੀ ਗੁੰਮ ਹੋ ਗਈ ਹੈ। ਮੈਂ ਵੀ ਅੱਜਕੱਲ੍ਹ ਕੁਝ ਨਵਾਂ ਨਹੀਂ ਲਿਖ ਰਿਹਾ। ਇਹ ਸਾਰੇ ਕਵੀ ਜੋ ਨਵਾਂ ਲਿਖ ਰਹੇ ਨੇ, ਇਹ ਵੀ ਖੜੇ-ਖੜੇ ਦੌੜ ਰਹੇ ਨੇ, ਜਿਵੇਂ ਫੌਜੀ ਕਦਮ-ਤਾਲ ਕਰਦੇ ਨੇ। ਇਹ ਅੱਗੇ ਨਹੀਂ ਜਾ ਰਹੇ। ਮੈਂ ਕਦਮ-ਤਾਲ ਨਹੀਂ ਕਰਨੀ ਚਾਹੁੰਦਾ।
ਦੂਜੇ ਦਿਨ ਸਵੇਰੇ ਡਾ. ਜੀਤ ਸਿੰਘ ਸੀਤਲ, ਸਿ਼ਵ ਕੁਮਾਰ ਤੇ ਇਕ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਸਾਨੂੰ ਗੋਲ ਮਾਰਕੀਟ ਵਿਚ ਮਿਲੇ। ਡਾ. ਸੀਤਲ ਮੈਨੂੰ ਪਾਸੇ ਬੁਲਾ ਕੇ ਕਹਿਣ ਲੱਗੇ: ਇਨ੍ਹਾਂ ਦੋਹਾਂ ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਬਿਠਾ ਕੇ ਰੋਟੀ ਖਲਾ ਦੇ। ਮੈਂ ਹੋਸਟਲ ਦੇ ਬੈਕ ਡੋਰ ਤੋਂ ਮੈਸ ਥਾਂਣੀਂ ਲੰਘ ਕੇ ਦੋ ਖਾਣਿਆਂ ਦਾ ਆਰਡਰ ਕਰਕੇ ਸਿ਼ਵ ਤੇ ਉਸ ਕੁੜੀ ਨੂੰ ਆਪਣੇ ਕਮਰੇ ਵਿਚ ਛੱਡ ਆਇਆ। ਸਿ਼ਵ ਮੈਨੂੰ ਕਹਿਣ ਲੱਗਾ: ਮੈਂ ਤਾਲਾ ਲਾ ਕੇ ਚਾਬੀ ਮੈਸ ਵਿਚ ਫੜਾ ਜਾਵਾਂਗਾ। ਮੈਂ ਮੈਸ ਵਿਚ ਖਾਣਾ ਖਾ ਕੇ ਲਾਇਬ੍ਰੇਰੀ ਵਿਚ ਆ ਗਿਆ। ਉਸ ਵੇਲੇ ਮੈਂ ਆਪਣੇ ਆਪ ਨੂੰ ਬਹੁਤ ਅਹਿਮ ਸ਼ਖ਼ਸ ਮਹਿਸੂਸ ਕਰ ਰਿਹਾ ਹਾਂ। ਦੋ ਘੰਟਿਆਂ ਬਾਅਦ ਮੈਂ ਆਇਆ ਆਪਣੇ ਕਮਰੇ ਦਾ ਤਾਲਾ ਖੋਲ੍ਹਿਆ। ਖਾਣੇ ਓਵੇਂ ਹੀ ਅਣਛੋਹ ਪਏ ਸਨ। ਦੂਜੇ ਦਿਨ ਮੈਸ ਦੇ ਨੋਟਸ ਬੋਰਡ ਤੇ ਨੋਟਸ ਲੱਗਾ ਹੋਇਆ ਸੀ: ਸੁਰਜੀਤ ਸਿੰਘ ਪਾਤਰ ਇਜ਼ ਫਾਈਨਡ ਰੂਪੀਜ਼ ਟੈਨ ਫਾਰ ਇੰਟਰਟੇਨਿੰਗ ਏ ਲੇਡੀ ਗੈਸਟ ਇਨ ਹਿਜ਼ ਰੂਮ। ਮੈਂ ਬਹੁਤ ਦੇਰ ਉਸ ਨੋਟਿਸ ਨੂੰ ਸਿ਼ਵ ਦੀ ਯਾਦ ਵਜੋਂ ਸਾਂਭੀ ਰੱਖਿਆ।
ਸਿ਼ਵ ਨਾਲ ਮੇਰੀ ਚੌਥੀ ਮੁਲਾਕਾਤ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਹੋਈ। ਮੈਂ ਤੇ ਰਣਜੀਤ ਬਾਜਵਾ ਪਟਿਆਲੇ ਤੋਂ ਚੰਡੀਗੜ੍ਹ ਆਏ ਸਾਂ, ਐਵੇਂ ਘੁੰਮਣ ਫਿਰਨ। ਕਾਫ਼ੀ ਹਾਊਸ ਵਿਚ ਅਮਿਤੋਜ ਮਿਲਿਆ। ਕਹਿਣ ਲੱਗਾ: ਬਹੁਤ ਥੱਕੇ-ਥੱਕੇ ਲਗਦੇ ਓ। ਇਹ ਲਓ, ਇਕ-ਇਕ ਗੋਲੀ ਖਾ ਲਵੋ। ਉਸ ਨੇ ਪਾਣੀ ਦੇ ਗਲਾਸ ਮੰਗਵਾਏ ਤੇ ਸਾਨੂੰ ਗੋਲੀਆਂ ਖਲਾ ਦਿੱਤੀਆਂ। ਕਾਫ਼ੀ ਪੀ ਕੇ ਅਸੀਂ ਕਿਤਾਬਾਂ ਦੀ ਦੁਕਾਨ ਤੇ ਆ ਗਏ। ਅਮਿਤੋਜ ਸ਼ਾਮ ਨੂੰ ਹੋਸਟਲ ਵਿਚ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ। ਕੁਝ ਚਿਰ ਬਾਅਦ ਮੈਂ ਹਲਕਾ-ਹਲਕਾ ਨਸ਼ਾ ਮਹਿਸੂਸ ਕੀਤਾ। ਮੈਨੂੰ ਅਹਿਸਾਸ ਹੋਇਆ ਕਿ ਅਮਿਤੋਜ ਸਾਡੇ ਨਾਲ ਕੋਈ ਅਮਿਤੋਜੀ ਚੋਜ ਖੇਡ ਗਿਆ ਸੀ। ਕਿਤਾਬਾਂ ਦੀ ਦੁਕਾਨ ਵਿਚ ਹੀ ਪਤਾ ਨਹੀਂ ਮੈਂ ਤੇ ਰਣਜੀਤ ਕਿਵੇਂ ਨਿੱਖੜ ਗਏ।
ਕਿਤਾਬਾਂ ਦੀ ਦੁਕਾਨ ਤੋਂ ਬਾਹਰ ਆਇਆ ਤਾਂ ਦੂਰੋਂ ਮਸ਼ਹੂਰ ਚਿੱਟੀ ਜਸਤਾਰ ਤੇ ਕਾਲੇ ਚੋਗੇ ਵਾਲੇ ਮਸ਼ਹੂਰ ਚਿਤਰਕਾਰ ਸ. ਕਿਰਪਾਲ ਸਿੰਘ ਆਉਾਂਦੇ ਜ਼ਰ ਆਏ। ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਅਮਿਤੋਜ ਲੋਰ ਵਿਚ ਉਨ੍ਹਾਂ ਨੂੰ ਚਿਤਰਕਾਰੀ ਬਾਰੇ ਇਕ ਬਹੁਤ ਲੰਮਾ ਭਾਸ਼ਣ ਦਿੱਤਾ। ਹੁਣ ਆਪਣੀ ਮੂਰਖਤਾ ਨਾਲੋਂ ਉਨ੍ਹਾਂ ਦੀ ਸਹਿਨਸ਼ੀਲਤਾ ਬਾਰੇ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਉਹ ਕਿੰਨੀ ਦੇਰ ਮੇਰਾ ਭਾਸ਼ਣ ਸੁਣੀ ਗਏ।
ਮੇਰਾ ਅਗਲਾ ਲੰਮਾ ਭਾਸ਼ਣ ਕਵਿਤਾ ਬਾਰੇ ਸੀ ਤੇ ਉਹ ਭਾਸ਼ਣ ਸੁਣਨ ਦੀ ਵਾਰੀ ਕਿਸੇ ਮਾੜੇ ਮੋਟੇ ਕਵੀ ਦੀ ਨਹੀਂ ਸਿ਼ਵ ਕੁਮਾਰ ਦੀ ਸੀ ਜਿਸ ਨੂੰ ਮਸਤਾਨੀ ਤੋਰ ਤੁਰਿਆ ਆਉਾਂਦਿਆਂ ੂਰੋਂ ਦੇਖ ਲਿਆ ਸੀ। ਸਿ਼ਵ ਦੀ ਸਹਿਨਸ਼ੀਲਤਾ ਦੇ ਵੀ ਮੈਂ ਬਲਿਹਾਰ ਹਾਂ ਕਿ ਉਹ ਮੈਨੂੰ ਸੁਣਦਾ ਰਿਹਾ ਤੇ ਫੇਰ ਕਹਿਣ ਲੱਗਾ: ਚਲ ਆਪਾਂ ਘਰ ਚੱਲਦੇ ਆਂ। ਬਾਕੀ ਗੱਲਾਂ ਓਥੇ ਕਰਾਂਗੇ। ਅਸੀਂ ਸਿ਼ਵ ਦੇ ਘਰ ਵੱਲ ਨੂੰ ਚੱਲ ਪਏ। ਰਾਹ ਵਿਚੋਂ ਉਹਨੇ ਰਸਭਰੀ ਫੜ ਲਈ। ਅਸੀਂ ਜਾ ਕੇ ਸੋਫਿ਼ਆਂ ‘ਤੇ ਬੈਠੇ ਹੀ ਸਾਂ ਕਿ ਪਤਾ ਨਹੀਂ ਕਿਵੇਂ ਘੁੰਮਦਾ ਘੁਮਾਉਾਂਦਾ ਣਜੀਤ ਬਾਜਵਾ ਵੀ ਓਥੇ ਪਹੁੰਚ ਗਿਆ। ਪਤਾ ਨਹੀਂ ਕਦੋਂ ਤੱਕ ਗੱਲਾਂ ਕਰਦੇ ਰਹੇ ਤੇ ਕਦੋਂ ਸੌਂ ਗਏ। ਸਵੇਰੇ ਜਾਗੇ ਤਾਂ ਸੋਫਿ਼ਆਂ ਤੇ ਹੀ ਪਏ ਸਾਂ। ਇਸ ‘ਅਮਿਤੋਜ ਸ਼ਾਮ‘ ਤੋਂ ਕਈ ਸਾਲਾਂ ਬਾਅਦ ਸਾਨੂੰ ਅਮਿਤੋਜ ਨੇ ਦੱਸਿਆ ਕਿ ਉਹ ਜਿਹੜੀ ਗੋਲੀ ਸਾਡੀ ਥਕਾਵਟ ਉਤਾਰਨ ਲਈ ਉਹਨੇ ਸਾਨੂੰ ਖਲਾਈ ਸੀ। ਉਹ ਡਰਿੰਕਰਸ ਸੀ।
ਇਕ ਬਹੁਤ ਲੰਮੇ ਦਲਾਨ ਵਿਚ ਵੀਹ ਮੋਮਬੱਤੀਆਂ ਗੋਲ ਕਤਾਰੇ ਵਿਚ ਜਗ ਰਹੀਆਂ ਸਨ ਤੇ ਹਰੇਕ ਮੋਮਬੱਤੀ ਇਕ-ਇਕ ਸ਼ਾਇਰ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ। ਇਨ੍ਹਾਂ ਚਿਹਰਿਆਂ ਵਿਚ ਇਕ ਚਿਹਰਾ ਪੰਜਾਬੀਆਂ ਦੇ ਮਹਿਬੂਬ ਸ਼ਾਇਰ ਸਿ਼ਵ ਦਾ ਸੀ। ਇਹ ਦਲਾਨ ਕਵੀ ਤ੍ਰੈਲੋਚਨ ਦੇ ਘਰ ਦਾ ਸੀ, ਜਿਸ ਦੀ ਮੰਗਣੀ ਦੀ ਪਾਰਟੀ ਤੇ ਵੀਹ ਪੰਜਾਬੀ ਕਵੀ ਆਏ ਸਨ। ਹਰ ਸ਼ਾਇਰ ਨੇ ਮੋਮਬੱਤੀਆਂ ਦੀ ਲੋਏ ਆਪਣਾ ਕਲਾਮ ਪੜ੍ਹਿਆ। ਅਖ਼ੀਰ ਵਿਚ ਸਿ਼ਵ ਨੇ ਆਪਣੀ ਜਾਦੂਮਈ ਆਵਾਜ਼ ਵਿਚ ਆਪਣੀ ਪਿਆਰੀ ਗ਼ਜ਼ਲ ਪੜ੍ਹੀ:
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ-ਭਰ ਪਲ਼ੀਆਂ
ਇਸ਼ਕ ਮੇਰੇ ਦੀ ਸਾਲਗਿਰ੍ਹਾ ਤੇ
ਇਹ ਕਿਸ ਘੱਲੀਆਂ ਕਾਲ਼ੀਆਂ ਕਲੀਆਂ
ਇਹ ਸਿ਼ਵ ਨਾਲ ਮੇਰੀ ਪੰਜਵੀਂ ਮੁਲਾਕਾਤ ਸੀ। ਸਿ਼ਵ ਨਾਲ ਮੇਰੀ ਛੇਵੀਂ ਮੁਲਾਕਾਤ ਪਟਿਆਲੇ ਕਿਸੇ ਕਾਲਜ ਦੇ ਕਵੀ ਦਰਬਾਰ ਵਿਚ ਹੋਈ। ਇਹ ਕਵੀ ਦਰਬਾਰ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ। ਸਿ਼ਵ ਮਾਈਕ ਤੇ ਆਇਆ ਤਾਂ ਅੰਗਰੇਜ਼ੀ ਵਿਚ ਸਰੋਤਿਆਂ ਨੂੰ ਸੰਬੋਧਨ ਕਰਨ ਲੱਗਾ। ਮੁੰਡੇ ਉਸਦਾ ਮਖ਼ੌਲ ਉਡਾਉਣ ਲੱਗੇ। ਉਹ ਰੁੱਸ ਕੇ ਸਟੇਜ ਤੋਂ ਉਤਰ ਗਿਆ। ਸੂਬਾ ਸਿੰਘ ਮੰਚ ਸੰਚਾਲਨ ਕਰ ਰਹੇ ਸਨ। ਉਹ ਸਿ਼ਵ ਨੂੰ ਮਨਾ ਕੇ ਲਿਆਏ ਤੇ ਕਹਿਣ ਲੱਗੇ। ਸਿ਼ਵ ਰੁੱਸਣ ਤੋਂ ਬਾਅਦ ਜਿ਼ਆਦਾ ਅੱਛਾ ਗਾਉਾਂਦਾ ੈ। ਸਿ਼ਵ ਨੇ ਆਪਣਾ ਗੀਤ ਸ਼ੁਰੂ ਕੀਤਾ ਤੇ ਵਿਦਿਆਰਥੀ ਉਸ ਦੇ ਸੁਰੀਲੇ ਤੇ ਰਸੀਲੇ ਬੋਲਾਂ ਦੀ ਪਾਵਨਤਾ ਵਿਚ ਡੁੱਬ ਗਏ:
ਹੁਣੇ ਸਰਘੀ ਦੀ ਵਾ ਨੇ
ਪੰਛੀਆਂ ਦਾ ਬੋਲ ਪੀਤਾ ਹੈ
ਤੇ ਜਾਗੀ ਬੀੜ ਨੇ ਤੇਰੇ ਨਾਮ ਦਾ
ਇਕ ਵਾਕ ਲੀਤਾ ਹੈ
ਸਿ਼ਵ ਨਾਲ ਮੇਰੀ ਸੱਤਵੀਂ ਮੁਲਾਕਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਕਵੀ ਦਰਬਾਰ ਵਿਚ ਹੋਈ। ਇਹ ਕਵੀ ਦਰਬਾਰ ਵਿਸ਼ਵਾ ਨਾਥ ਤਿਵਾੜੀ ਹੋਰਾਂ ਕਰਵਾਇਆ ਸੀ। ਇਸ ਵਿਚ ਅਮਿਤੋਜ ਨੇ ਆਪਣੀ ਲੰਮੀ ਨਜ਼ਮ ਅਮੀਬਾ ਪੜ੍ਹੀ। ਇਹ ਪਹਿਲਾ ਕਵੀ ਦਰਬਾਰ ਸੀ ਜਿਸ ਵਿਚ ਸਿ਼ਵ ਨੇ ਆਪਣੀ ਕਵਿਤਾ ਗਾ ਕੇ ਨਹੀਂ ਪੜ੍ਹੀ। ਇਹ ਇਕ ਕ੍ਰਾਂਤੀਕਾਰੀ ਕਵਿਤਾ ਸੀ। ਸ਼ਾਇਦ ਸਿ਼ਵ ਤਰੱਨੁਮ ਤੇ ਰੋਮਾਂਸ ਦੇ ਮਿਹਣੇ ਨੂੰ ਦਿਲ ਨੂੰ ਲਾ ਬੈਠਾ ਸੀ। ਸਰੋਤਿਆਂ ਦੇ ਵਾਰ-ਵਾਰ ਕਹਿਣ ਤੇ ਵੀ ਸਿ਼ਵ ਨੇ ਕੋਈ ਗੀਤ ਗਾ ਕੇ ਨਾ ਸੁਣਾਇਆ। ਸਿ਼ਵ ਗਾਵੇ ਨਾ ਇਹ ਗੱਲ ਸਾਰਿਆਂ ਨੂੰ ਅਜੀਬ ਲੱਗੀ। ਸਿ਼ਵ ਨੇ ਗਾਉਣਾ ਛੱਡ ਦਿੱਤਾ ਸੀ। ਲਗਦਾ ਠੱਗਾਂ ਨੇ ਕੁੱਤਾ-ਕੁੱਤਾ ਕਹਿ ਕੇ ਬ੍ਰਾਹਮਣ ਦੇ ਸਿਰ ਤੋਂ ਪਠੋਰਾ ਸੁਟਵਾ ਲਿਆ ਸੀ। ਇਸ ਤੋਂ ਬਾਅਦ ਸਿ਼ਵ ਜਿਵੇਂ ਸਰੋਦ ਤੋ ਰੋਮਾਂਸ ਨੂੰ ਨਫ਼ਰਤ ਕਰਨ ਲੱਗਾ। ਉਸ ਨੇ ਲੁੱਚੀ ਧਰਤੀ ਤੇ ਕੁੱਤਿਓ ਵਰਗੀਆਂ ਨਫ਼ਰਤ ਭਰੀਆਂ ਨਜ਼ਮਾਂ ਲਿਖੀਆਂ। ਲਗਦਾ ਸੀ ਉਹ ਜ਼ਹਿਰ ਨਾਲ ਭਰ ਗਿਆ ਸੀ। ਫਿਰ ਖ਼ਬਰ ਆਈ ਕਿ ਉਹ ਫੁੱਲ ਬਣ ਗਿਆ ਜਾਂ ਤਾਰਾ। ਸਿ਼ਵ ਦੀ ਮੌਤ ਤੋਂ ਬਾਅਦ ਬਟਾਲੇ ਗਿਆ। ਸੱਥਰ ਤੇ ਬੈਠੇ ਲੋਕ ਖ਼ਾਮੋਸ਼ ਸਨ। ਸਿ਼ਵ ਦੇ ਗਾਏ ਇਕ ਗੀਤ ਦੀ ਰਿਕਾਰਡਿੰਗ ਚੱਲ ਰਹੀ ਸੀ:
ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿੱਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ

2011-03-16
Comments
surjit ji tusi bohot lucky ho tuhanu shiv kumar ji naal milan da mouka milya..........te tuhadi is mulakta nu mera salaam...
 
Patar Sahib.. tuhade varge funkaar di eh vadmuli rachna pad k lagda k kite mera appa v ohna yaada chhupeyaa hai....Sirsa national colllege pahla waar tuhanu suneyaa c dr sukhdev hura ik Kavi darbar karveyaa v
 
I like it. ki pushde ho hal phakiran da, sada nadio vichre niran da, sada hanj di joone ayan da, sada dil jalia dilgiran da.
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)