Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਮਾਝੇ ਦੀ ਧਰਤੀ ਤੇ ਵੱਸੇ ਹੋਏ ਪਿੰਡ ਬੰਡਾਲਾ - ਜਤਿੰਦਰ ਸਿੰਘ ਔਲ਼ਖ.

ਮਾਝੇ ਦੀ ਧਰਤੀ ਤੇ ਵੱਸੇ ਹੋਏ ਪਿੰਡ ਬੰਡਾਲਾ ਦਾ ਵਿਚਕਾਰਲਾ ਹਿੱਸਾ ਕਾਫੀ ਉਂਚੇ ਥੇਹ ਤੇ ਵੱਸਿਆ ਹੋਇਆ ਹੈ।ਪਿੰਡ ਦੀਆਂ ਗਲੀਆਂ ਕਾਫੀ ਖੁੱਲੀਆਂ ਹਨ। ਪਿੰਡ ਵਿੱਚ ਵੜਦਿਆਂ ਹੀ ਕਰਨੈਲ ਦੇ ਢੱਠੇ ਮਹੱਲ ਨਜ਼ਰੀਂ ਪੈਣਗੇ। ਮਹੱਲਾਂ ਦਾ ਇੱਕ ਦਰਵਾਜਾ ਤੇ ਕੁਝ ਬਚੀਆਂ ਦੀਵਾਰਾਂ ਅਪਣੇ ਸਮੇਂ ਰਹੀ ਆਪਣੀ ਸ਼ਾਨ ਦੀ ਕਹਾਣੀ ਕਹਿ ਰਹੀਆਂ ਹਨ। ਮਹੱਲ ਦੇ ਖੰਡਰਾਂ ਦੀ ਸ਼ਾਨ ਵੇਖਕੇ ਭੁਲੇਖਾ ਪੈਂਦਾ ਹੈ ਕਿ ਇਹ ਪੁਰਾਣੇ ਸਮੇਂ ਦੇ ਕਿਸੇ ਰਾਜੇ-ਮਹਾਰਾਜੇ ਦੇ ਹੋਣਗੇ।ਸਾਡੇ ਪੁੱਛਣ ਤੇ ਇੱਕ ਬਜੁਰਗ ਨੇ ਦੱਸਿਆ ਕਿ ਮਹੱਲ ਅੰਗਰੇਜਾਂ ਦੇ ਸਮੇਂ ਕਰਨੈਲ (ਕਰਨਲ) ਸਹਿਬ ਦੇ ਹਨ । ਕਰਨੈਲ ਸਹਿਬ ਦੇ ਨਾਮ ਨਾਲ਼ ਮਸ਼ਹੂਰ ਕਰਨਲ ਜਵਾਲਾ ਸਿੰਘ ਨੇ ਇਹਨਾਂ ਮਹੱਲਾਂ ਨੂੰ ਬਣਾਇਆ। ਜਵਾਲਾ ਸਿੰਘ ਘਰੋਂ ਹਲ਼ ਵਾਹੁਣ ਗਿਆ ਤੇ ਕਿਸੇ ਗੱਲੋਂ ਵਿਯੋਗ ਵਿੱਚ ਆ ਕੇ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ। ਜਿੱਥੇ ਪਹਿਲੇ ਵਿਸ਼ਵ ਯੁੱਧ ਕਾਰਨ ਭਰਤੀ ਖੁੱਲੀ ਸੀ। ਜਵਾਲਾ ਸਿੰਘ ਅਸਾਧਾਰਣ ਸ਼ਖਸ਼ੀਅਤ ਦਾ ਮਾਲਿਕ ਸੀ।ਜੋ ਆਪਣੀ ਯੋਗਤਾ ਕਾਰਨ ਅਫਸਰ ਭਰਤੀ ਹੋ ਗਿਆ।ਇੱਕ ਦਿਨ ਅੰਗਰੇਜ਼ ਅਫਸਰ ਦੇ ਬੰਗਲੇ ਨੂੰ ਅੱਗ ਲੱਗ ਗਈ ।ਬੰਗਲੇ ਵਿੱਚ ਅੰਗਰੇਜ਼ ਦੀ ਪਤਨੀ ਤੇ ਦੋ ਬੱਚੇ ਵੀ ਸਨ। ਅੰਗਰੇਜ਼ ਦੁਹਾਈ ਪਾਵੇ ਪਰ ਡਰਦਾ ਕੋਈ ਲਾਗੇ ਨਾ ਜਾਵੇ।ਚਤੁਰ ਦਿਮਾਗ ਜਾਵਾਲਾ ਸਿੰਘ ਚਾਰ-ਪੰਜ ਕੰਬਲ਼ ਭਿਉਂ ਕੇ ਅੱਗ ਵਿੱਚ ਕੁੱਦ ਗਿਆ ਤੇ ਪਹਿਲੇ ਫੇਰੇ ਦੋਵੇਂ ਬੱਚਿਆਂ ਨੂੰ ਬਾਹਰ ਕੱਢ ਲਿਆਇਆ ਤੇ ਦੂਜੇ ਫੇਰੇ ਮੇਮ ਨੂੰ। ਅਫਸਰ ਨੇ ਖੁਸ਼ ਹੋ ਕੇ ਜਵਾਲਾ ਸਿੰਘ ਦੀ ਤਰੱਕੀ ਦੀ ਸਿਫਾਰਿਸ਼ ਕੀਤੀ ਤੇ ਜਵਾਲਾ ਸਿੰਘ ਕਰਨਲ ਬਣ ਗਿਆ। ਜਵਾਲਾ ਸਿੰਘ ਨੇ ਪਿੰਡ ਆ ਕੇ ਇਹ ਮਹਿਲ ਬਣਵਾਏ।ਉਸਨੂੰ ਇੱਕ ਸਾਧੂ ਦਾ ਸਰਾਪ ਹੋਣ ਕਾਰਨ ਪਿੰਡ ਛੱਡਣਾ ਪਿਆ।ਅਜਕਲ ਉਸਦਾ ਪਰਿਵਾਰ ਕਪੂਰਥਲੇ ਰਹਿ ਰਿਹਾ ਹੈ।

ਅੱਜ ਤੋ ਕੁਝ ਸਦੀਆਂ ਪਹਲਾਂ ਮਾਲਵੇ ਤੋਂ ਆਏ ਮੈਲਖੀ ਨੇ ਪਿੰਡ ਦਾ ਮੁੱਢ ਬੰਨਿਆਂ ਇਸੇ ਲਈ ਇਸਨੂੰ ਮੈਲਖੀ ਦਾ ਬੰਡਾਲਾ ਵੀ ਕਹਿੰਦੇ ਹਨ। ਸੰਘਣੀ ਅਬਾਦੀ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਪਿੰਡ ਹਜਾਰ ਸਾਲ ਦੇ ਲਗਭਗ ਪਹਿਲਾਂ ਵਸਾਇਆ ਜਾ ਸਕਦਾ ਹੈ। ਪਿੰਡ ਚੋਂ ਲਗਭਗ ਪੰਜ ਹਜਾਰ ਸਾਲ ਪਹਿਲਾਂ ਤਬਾਹ ਹੋਈ ਸਭਿਅਤਾ ਦੇ ਅਵਸ਼ੇਸ਼ ਸਪਸ਼ਟ ਮਿਲ਼ਦੇ ਹਨ। ਅਤੇ ਕਿਸੇ ਕੁਦਰਤੀ ਆਫਤ ਨਾਲ਼ ਤਬਾਹ ਹੋਈ ਹੜੱਪਾ ਸਭਿਅਤਾ ਦੇ ਬਾਕੀ ਨਗਰਾਂ ਵਾਂਗ ਇਹ ਨਗਰ ਵੀ ਤਬਾਹ ਹੋ ਗਿਆ ਤੇ ਥੇਹ ਬਣ ਗਿਆ। ਦਸਵੀਂ ਸਦੀ ਦੇ ਹੇੜ-ਗੇੜ ਮਾਲਵੇ ਤੋਂ ਆਏ ਮੈਲਖੀ ਨੇ ਮੁੜ ‘ਬੁਲੰਦਆਲਾ’ ਪਿੰਡ ਵਸਾ ਦਿੱਤਾ ਜਿਸਦਾ ਨਾਮ ਵਿਗੜ ਕੇ ਬੰਡਾਲਾ ਪੈ ਗਿਆ।

ਮਨਮੋਹਨ ਬਾਵਾ ਦੇ ਨਾਵਲ ਯੁੱਧ ਨਾਦ ਵਿੱਚ ਜ਼ਿਕਰ ਮਿਲ਼ਦਾ ਹੈ ਕਿ ਜਾਡਲਾ ਨਗਰੀ ਵਿੱਚ ਜੱਟ ਕਬੀਲਿਆਂ ਦੇ ਰੂਪ ਵਿੱਚ ਜਨਪਦਾ ਦਾ ਰਾਜ ਸੀ। ਵਰਨਣ ਜਾਡਲਾ ਨਗਰੀ ਹੁਣ ਦੀ ਜੰਡਿਆਲ਼ਾ ਨਗਰੀ ਹੈ। ਜੋ ਬੰਡਾਲ਼ਾ ਤੋਂ ਸਿਰਫ ਦੋ ਕਿਲੋਮੀਟਰ ਦੂਰ ਹੈ। ਮੁਗਲ ਕਾਲ ਵੇਲੇ ਤੇ ਰਣਜੀਤ ਸਿੰਘ ਕਾਲ ਵੇਲੇ ਇੱਸ ਪਿੰਡ ਦੇ ਮੁਖ ਬਜਾਰ ਵਿੱਚ ਕਾਫੀ ਰੌਣਕ ਸੀ। ਜੋ ਹੁਣ ਸੁੰਨਸਾਨ ਪਿਆ ਹੈ। ਬਜਾਰ ਵਿੱਚ ਨਾਨਕਸ਼ਾਹੀ ਇੱਟਾਂ ਦੇ ਬਣੇ ਕੁਝ ਘਰਾਂ ਦੇ ਖੰਡਰ ਵੀ ਹਨ। ਦੱਸਦੇ ਹਨ ਕਿ ਦਿੱਲੀ ਨੂੰ ਜਾਂਦੇ ਕਾਫਲੇ ਇੱਥੇ ਬਜਾਰ ਵਿੱਚ ਪੜਾਅ ਕਰਦੇ ਤੇ ਜਰੂਰੀ ਵਸਤਾਂ ਦੀ ਖਰੀਦਦਾਰੀ ਕਰਦੇ। ਲਗਭਗ ਤਿੰਨ ਸੌ ਸਾਲ ਪੁਰਾਣਾ ਘਰ ਅਸਾਂ ਵੇਖਿਆ ਜਿੱਸਦੇ ਸਾਹਮਣੀ ਦੀਵਾਰ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਖੂਬਸੂਰਤ ਢੰਗ ਨਾਲ਼ ਚਿਤਰੀਆਂ ਹੋਈਆਂ ਸਨ ਪਰ ਘਰ ਲਗਭਗ ਖੰਡਰ ਬਣ ਚੁੱਕਾ ਸੀ।ਕਮਾਲ ਦੀ ਗੱਲ ਇਹ ਸੀ ਕਿ ਖੰਡਰ ਬਣ ਚੁੱਕੇ ਘਰ ਦੀਆਂ ਢਹਿੰਦੀਆਂ ਦੀਵਾਰਾਂ ਤੇ ਸੁਸ਼ੋਬਿਤ ਇਹਨਾਂ ਤਸਵੀਰਾਂ ਦੇ ਰੰਗ ਅਜੇ ਵੀ ਤਰੋ-ਤਾਜਾ ਮਹਿਸੂਸ ਹੋ ਰਹੇ ਸਨ। ਪਿੰਡ ਦੇ ਬਾਹਰਵਾਰ ਅਸੀਂ ਇੱਕ ਮੁਗਲ ਕਾਲ ਵੇਲ਼ੇ ਦਾ ਆਵਾ ਵੀ ਵੇਖਿਆ ਜੋ ਦਰਿਆ ੋਚਂ ਨਿਕਲਦੀ ਇੱਕ ਉਪ-ਨਦੀ ਦੇ ਕੰਢੇ ਬਣਾਇਆ ਗਿਆ ਸੀ ਜੋ ਹੁਣ ਖਤਮ ਹੋ ਚੁੱਕੀ ਹੈ।ਇੱਸ ਆਵੇ ਤੇ ਨਾਨਕਸ਼ਾਹੀ ਇੱਟਾਂ ਬਣਦੀਆਂ ਸਨ ਜਿੰ੍ਹਨਾਂ ਦੀ ਟੁੱਟ-ਭੱਜ ਅੱਜ ਵੀ ਮੌਜੂਦ ਹੈ।

ਪਿੰਡ ਵਿੱਚ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਨਾਥਾਂ ਦਾ ਡੇਰਾ ਹੈ ਇੱਸ ਜਗ੍ਹਾ ਨੂੰ ਆਸਣ ਜੋਗੀ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਮੰਦਰ ਅੰਦਰ ਪਹੁੰਚਣ ਤੇ ਕਿਸੇ ਨਿਰਾਲੀ ਹੀ ਦੁਨੀਆਂ ਵਿੱਚ ਪਹੰਚ ਗਏ ਮਹਿਸੂਸ ਹੁੰਦਾ ਹੈ।ਸਾਧੂ ਆਪਣੀ ਹੀ ਰਮਜ਼ ਅੰਦਰ ਮਸਤ ਸਨ। ‘ੳਮ ਗੁਰੁ ਗੋਰਖ ਆਏ ਨਮਹ’ ਦੇ ਅਲਾਪ ਨੇ ਫਿਜ਼ਾ ਮਹਿਕਾਈ ਹੋਈ ਸੀ’। ਲੱਗਦਾ ਸੀ ਕਿ ਮੰਤਰ ਦੇ ਅਲਾਪ ਨੇ ਬ੍ਰਹਮ ਦੇ ਦੁਆਲੇ ਕੋਈ ਜਾਦੂ ਬੁਣ ਦਿੱਤਾ ਹੈ। ਜਿਵੇਂ ਪ੍ਰਮਾਤਮਾ ਹੁਣੇ ਹੀ ਆਪਣੀ ਅਗੰਮੀ ਸਵਾਰੀ ਰਾਹੀਂ ਉਤਰਨਗੇ। ਅਤੇ ਸਭ ਹਿਰਦਿਆਂ ਨੂੰ ਅਗੰਮੀ ਨੂਰ ਨਾਲ਼ ਸ਼ਰਸ਼ਾਰ ਕਰ ਦੇਣਗੇ। ਮਸਤ-ਮਲੰਗੀ ਦੀ ਇਹ ਨਿਆਰੀ ਦੁਨੀਆਂ ਨਾਦ, ਖੱਖਰੀਆਂ, ਮੁੰਦਰਾਂ, ਚਿਲਮਾ, ਰੁਦਰਾਖਸ਼ ਤੇ ਹੋਰ ਕੀਮਤੀ ਮਣੀਆਂ ਦੀਆਂ ਮਲਾਵਾਂ, ਵੱਖਰਾ ਹੀ ਸੰਸਾਰ ਹੈ ਨਾਥ ਜੋਗੀਆਂ ਦਾ। ਕੁਝ ਆਪਣੀ ਹੀ ਰਮਜ਼ ਵਿੱਚ ਬੈਠੇ ਹੋਏ ਸਨ ਤੇ ਕੁਝ ਲੇਟੇ ਹੋਏ ਸਨ। ਵੱਡਅਕਾਰੀ ਟੈਲੀਵਿਜ਼ਨ ਤੇ ਬ੍ਰਹਮ ਗਿਆਨ ਦੀਆਂ ਫਿਲਮਾਂ ਚੱਲ ਰਹੀਆਂ ਸਨ। ਬਾਬਾ ਹਾਜ਼ਿਰ ਨਾਥ ਨੇ ਦੋ ਸਾਧੂਆਂ ਨੂੰ ਸਾਡੇ ਨਾਲ਼ ਮੰਦਰ ਦੀ ਸ਼ਾਨ ਪ੍ਰਾਚੀਨ ਗੁਫਾ ਵਿਖਾਉਣ ਲਈ ਭੇਜਿਆ। ਇੱਕ ਨਾਥ ਹੱਥ ਵਿੱਚ ਟਾਰਚ ਲਈ ਸਾਡੀ ਅਗਵਈ ਕਰ ਰਿਹਾ ਸੀ ਤੇ ਦੂਜਾ ਮੋਮਬੱਤੀ ਲੈ ਕੇ ਸਾਡੇ ਪਿਂਛੇ ਚੱਲ ਰਿਹਾ ਸੀ । ਰਸਤਾ ਏਨਾ ਤੰਗ ਕਿ ਗੋਡਿਆਂ ਰਾਹੀਂ ਰੀਂਗ ਕਿ ਹੀ ਅੱਗੇ ਜਾਇਆ ਜਾ ਸਕਦਾ ਹੈ। ਲੰਮੀ ਗੁਫਾ ਦੇ ਅੰਤ ਵਿੱਚ ਅਸੀਂ ਪੀਰਾਂ ਦੀ ਜਗ੍ਹਾ ਤੇ ਨਮਸਕਾਰ ਕੀਤੀ। ਵਿਸ਼ਵਾਸ਼ ਹੈ ਕਿ ਗੁਰੁ ਗੋਰਖ ਨਾਥ ਗੁਫਾ ਵਿਂਚ ਪ੍ਰਗਟ ਹੁੰਦੇ ਹਨ।ਇਹ ਗੁਫਾ ਸੈਂਕੜੇ ਸਾਲ ਪੁਰਾਣੀ ਤੇ ਪਹਿਲਾਂ ਕੱਚੀ ਸੀ। ਸੈਂਕੜੇ ਸਾਲ ਪਹਿਲਾਂ ਬਾਬਾ ਮਰਤਕ ਨਾਥ ਏਥੇ ਤਪੱਸਿਆ ਕਰਦੇ ਸਨ।ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋਏ ਦੁਨੀਆਂ ਦੀ ਸੁੱਧ-ਬੁੱਧ ਖੋ ਬੈਠੇ ਨਾਥ ਲਈ ਪ੍ਰਮਾਰਥ ਨਾਲ਼ ਮਿਲਨਸਥੱਲ ਰਹੀ ਹੈ ਇਹ ਪਵਿੱਤਰ ਠੰਡੀ ਗੁਫਾ। ਗੁਫਾ ਦੇ ਬਾਹਰਵਾਰ ਵੱਡਾ ਟੱਲ ਲਟਕ ਰਿਹਾ ਸੀ। ਮਹਾਂਪੁਰਖਾਂ ਦੀਆਂ ਮੂਰਤੀਆਂ ਬਹੁਤ ਸਜਾਵਟੀ ਤਰੀਕੇ ਨਾਲ਼ ਲਟਕ ਰਹੀਆਂ ਸਨ।

ਮੰਦਰ ਦੀ ਇੱਕ ਨੁੱਕਰੇ ਵੱਖ-ਵੱਖ ਨਾਥਾਂ ਦੀਆਂ ਸਮਾਧੀਆਂ ਹਨ। ਬਾਬਾ ਹਾਜ਼ਿਰ ਨਾਥ ਨੇ ਦੱਸਿਆ ਕਿ ਜਦੋਂ ਮੈਂ ਵੀ ਸਰੀਰ ਛੱਡ ਜਾਵਾਂਗਾ ਤਾਂ ਮੇਰੇ ਸਰੀਰ ਨੂੰ ਵੀ ਟੋਆ ਪੁੱਟ ਕੇ ਇੱਕ ਨੁੱਕਰੇ ਦਫਨ ਕਰ ਦੇਣਗੇ। ਮੰਦਰ ਦੀ ਇੱਕ ਨੁਕਰੇ ਖੁਦਾਈ ਦੇ ਦੌਰਾਨ ਹੇਠੋਂ ਨਾਨਕਸ਼ਾਹੀ ਇੱਟਾਂ ਦਾ ਇੱਕ ਖੂਹ ਤੇ ਇੱਕ ਦੀਵਾਰ ਮਿਲ਼ੇ। ਮਨੁੱਖਾਂ ਤੇ ਪਸ਼ੂਆਂ ਦੇ ਪਿੰਜਰ ਵੀ ਮਿਲੇ ਹਨ।ਇੱਕ ਪਾਸੇ ਮ੍ਰਿਤਕ ਨੂੰ ਦਫਨਾਇਆ ਜਾਂਦਾ ਸੀ ਤੇ ਦੂਜੇ ਪਾਸੇ ਮੰਦਰ ਦੀਆਂ ਗਾਂਵਾਂ ਨੂੰ, ਨਾਥ ਮ੍ਰਿਤਕ ਨੂੰ ਅਗਨੀਦਾਹ ਨਹੀਂ ਕਰਦੇ।ਮੰਦਿਰ ਤੋਂ ਤੁਰਨ ਵੇਲ਼ੇ ਸਾਨੂੰ ਇੱਕ ਸਿੱਲ ਮਿਲ਼ੀ ਜਿਸਤੇ ਫਾਰਸੀ ‘ਚ ਕੁਝ ਲਿਖਿਆ ਹੋਇਆ ਸੀ । ਕਹਿੰਦੇ ਹਨ ਕਿ ਬਲਖ-ਬੂਖਾਰੇ ਦਾ ਬਾਦਸ਼ਾਹ ਨਾਥਾਂ ਦਾ ਸ਼ਰਧਾਲੂ ਸੀ। ਜੋ ਅਕਸਰ ਨਾਥਾਂ ਦੇ ਦਰਸ਼ਨ ਲਈ ਆਇਆ ਕਰਦਾ ਸੀ।ਮੰਦਰ ਤੇ ਗੁਫਾ ਸੈਂਕੜੇ ਸਾਲ ਪੁਰਾਣੇ ਹਨ।ਅਚਾਨਿਕ ਇੱਕ ਨੁੱਕਰੇ ਪਈ 1.5 ਵਰਗ ਫੁੱਟ ਦੀ ਇੱਕ ਇੱਟ ਦਿਖਾਈ ਦਿੱਤੀ। ਬਾਬਾ ਜੀ ਨੇ ਦੱਸਿਆ ਕਿ ਇਹ ਇੱਟ ਉਸਾਰੀ ਦੌਰਾਨ ਨੀਂਹ ਦੀ ਖੁਦਾਈ ਦੌਰਾਨ ਮਿਲ਼ੀ। ਬਿਲਕੁਲ ਇਹੋ ਇੱਟਾਂ ਛੀਨਿਆਂ ਵਾਲ਼ੇ ਥੇਹ ਦੀ ਖੁਦਾਈ ਦੌਰਾਨ ਵੀ ਮਿਲੀਆਂ ਹਨ। ਕਈ ਵਿਦਵਾਨ ਇਹਨਾਂ ਥੇਹਾਂ ਦਾ ਸਬੰਧ ਕਿਸੇ ਕੁਦਰਤੀ ਆਫਤ ਨਾਲ਼ ਤਬਾਹ ਹੋਈ ਹੜੱਪਾ ਦੀ ਸਭਿਅਤਾ ਨਾਲ਼ ਜੋੜਦੇ ਹਨ।ਬੰਡਾਲਾ ਦੇ ਵਸਨੀਕ ਸਰਵਣ ਸਿੰਘ ਦੇ ਘਰ ਖੁਦਾਈ ਦੇ ਦੌਰਾਨ ਇਹਨਾਂ ਵੱਡ ਅਕਾਰੀ ਇੱਟਾਂ ਦਾ 20/22 ਫੁੱਟ ਦਾ ਇੱਕ ਬੁਰਜ ਨਿਕਲਿਆ। ਪੰਜ ਹਜਾਰ ਸਾਲ ਪਹਿਲਾਂ ਮਿਲ਼ੀਆਂ ਇਹਨਾਂ ਇੱਟਾਂ ਨਾਲ਼ ਸਰਵਣ ਸਿੰਘ ਨੇ ਘਰ ਦਾ ਵਿਹੜਾ ਪੱਕਾ ਕੀਤਾ ਹੋਇਆ ਹੈ। ਇੱਟਾਂ ਤੋਂ ਇਲਾਵਾ ਹਥਿਆਰ, ਮਿੱਟੀ ਦੇ ਬਰਤਨ ਖਿਡਾਉਣੇ, ਆਦਿ ਸੰਦ ਸਮਾਨ ਵੀ ਮਿਲਿਆ ਹੈ।

ਛੀਨਿਆਂ ਵਾਲ਼ੇ ਥੇਹ ਅਤੇ ਬੰਡਾਲਾ ਥੇਹ ਵਿੱਚ ਜੇ ਕੋਈ ਅੰਤਰ ਹੈ ਤਾਂ ਬੰਡਾਲਾ ਥੇਹ ਅੰਦਰ ਉਸਾਰੀਆਂ ਮਿਲ਼ੀਆਂ ਹਨ ਤੇ ਹੋਰ ਵੀ ਮਿਲਨ ਦੀ ਸੰਭਾਵਨਾਂ ਹੈ ਪਰ ਛੀਨਿਆਂ ਵਾਲ਼ੇ ਥੇਹ ਅੰਦਰ ਨਾ ਉਸਾਰੀ ਮਿਲ਼ੀ ਹੈ ਤੇ ਨਾ ਮਿਲਨ ਦੀ ਸੰਭਾਵਨਾ ਹੈ। ਸਰਵਣ ਸਿੰਘ ਦੇ ਘਰੋਂ ਮਿਲਿਆ ਬੁਰਜ ਕਿਸੇ ਪ੍ਰਾਚੀਨ ਕਿਲੇ ਦਾ ਹਿੱਸਾ ਹੋ ਸਕਦਾ ਹੈ ਜਾਂ ਸੁਰੱਖਿਆ ਦੇ ਨਜ਼ਰੀਏ ਨਾਲ਼ ਚੁਫੇਰੇ ਨਜ਼ਰ ਰੱਖਣ ਲਈ ਬਣਿਆਂ ਬੁਰਜ(ਪਿਕਟ)। ਲੋਕਾਂ ਵਿੱਚ ਪ੍ਰਚਿਲਤ ਹੈ ਕਿ ਸਿੰਧ ਘਾਟੀ ਦੀ ਸਭਿਅਤਾ ਵੇਲੇ ਇੱਸ ਸ਼ਹਿਰ ਦਾ ਨਾਮ ਦੀਪ ਸ਼ਹਿਰ ਸੀ।ਸੰਭਵ ਹੈ ਕਿ ਕੁਦਰਤੀ ਆਫਤ ਨਾਲ਼ ਤਬਾਹ ਹੋਈਆਂ ਇਨਹਾਂ ਨਗਰੀਆਂ ਦੇ ਲੋਕ ਇੱਧਰ-ਉਧਰ ਖਿਡ ਗਏ ਹੋਣ ਤੇ ਥੇਹ ਹੋਏ ਇਹਨਾਂ ਸ਼ਹਿਰਾਂ ਦੀ ਯਾਦ ਸੀਨਾ-ਬਸੀਨਾਂ ਤੁਰੀ ਆਉਂਦੀ ਹੈ।

2011-03-12
Comments
sarsin53@gmail.com
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)