Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਉਹ ਦੋ ਸਰਦਾਰ ਸੀ - ਅੰਜੂਜੀਤ ਸ਼ਰਮਾ ਜਰਮਨੀ.

ਮੇਰੇ ਨੱਕ ਵਿਚਲੇ ਬਰੀਕ ਜਿਹੇ ਕੋਕੇ ਦਾ ਚਮਕਾਰਾ ਦੇਖ ਕੇ ਉਸਨੇ ਮੈਨੂੰ ਝੱਟ ਆਪਣੇ ਵੱਲ ਆਉਣ ਦਾ ਬਿੰਨਾ ਬੋਲਿਆਂ ਇਸ਼ਾਰਾ ਕੀਤਾ।ਮੈਂ ਉਸ ਦੇ ਸੋਹਣੇ ਸੁਨੱਖੇ ਸਰੀਰ ਵੱਲ ਦੇਖਿਆ ਜਿਹੜਾ ਬਜੁਰਗ ਹੋਣ ਦੀ ਰਤਾ ਭਰ ਦੀ ਗਵਾਹੀ ਨਹੀਂ ਸੀ ਭਰ ਰਿਹਾ।ਕੁਝ ਕੁ ਫੁੱਟ ਦੀ ਦੂਰੀ ਤੇ ਖੜ੍ਹੀ ਨੇ ਹੱਥ ਦਾ ਪੂਰਾ ਪੰਜਾ ਖੋਲ ਕੇ ਮੈਂ ਬਿੰਨਾ ਬੋਲਿਆਂ ਉਸ ਵੱਲ ਹੱਥ ਉਤਾਂਹ ਕਰਕੇ ਪੰਜ ਮਿੰਟ ਬਾਅਦ ਆਉਣ ਦਾ ਇਸ਼ਾਰਾ ਕੀਤਾ।ਉਸ ਨੇ ਕੀਮਤੀ ਐਨਕਾਂ ਵਿਚਦੀ ਮੇਰੇ ਇਸ਼ਾਰੇ ਨੂੰ ਦੇਖਿਆ ਤੇ ਜਰਾ ਕੁ ਮੁਸਕਰਾ ਕੇ ਸਿਰ ਹਾਂ ਵਿੱਚ ਹਿਲਾ ਦਿੱਤਾ।ਮੈਂ ਆਪਣੀ ਡਿਊਟੀ ਦੀ ਭੱਜ ਦੌੜ ਵਿੱਚ ਭੁੱਲ ਹੀ ਗਈ ਕਿ ਮੈਨੂੰ ਘੰਟਾ ਕੁ ਪਹਿਲਾਂ ਆਪਣੇ ਕਮਰੇ ਦੇ ਸਾਹਮਣੇ ਬੈਠੇ ਇੱਕ ਆਦਮੀ ਨੇ ਕੁਝ ਕਹਿਣ ਜਾਂ ਦੱਸਣ ਲਈ ਇਸ਼ਾਰਾ ਕੀਤਾ ਸੀ।ਭਾਵੇਂ ਮੈਂ ਪੰਜ ਮਿੰਟ ਮਗਰੋਂ ਆਉਣ ਬਾਰੇ ਕਹਿ ਕੇ ਘੰਟੇ ਬਾਅਦ ਉਸ ਕੋਲ ਗਈ ਸੀ।ਉਹ ਹਾਲੇ ਵੀ ਚੁੱਪ ਚਾਪ ਕੁਰਸੀ ਤੇ ਬੈਠਾ ਮੇਰੇ ਆਉਣ ਦੀ ਉਡੀਕ ਕਰ ਰਿਹਾ ਸੀ।
ਹੈਲੋ,,,,,,,,ਮੈਂ ਕਹਿ ਕੇ ਚੁੱਪ ਹੋ ਗਈ
ਮੇਰਾ ਨਾਂ ਮਿਸਟਰ ਸ਼ਮਿੱਥ ਹੈ ਉਸਨੇ ਝੱਟ ਪੱਟ ਲਗਦੇ ਹੱਥ ਕਿਹਾ।
ਓ,,,,ਹੈਲੋ ,ਮਿਸਟਰ ਸ਼ਮਿੱਥ,,,,,ਸੌਰੀ ਮੈਂ ਤੁਹਾਡੇ ਕੋਲ ਆਉਣ ਲਈ ਘੰਟਾ ਕੁ ਲੇਟ ਹੋ ਗਈ।ਮੈਂ ਉਸਨੂੰ ਹਸਾਉਣ ਅਤੇ ਆਪਣੀ ਗਲਤੀ ਛੁਪਾਉਣ ਦੀ ਕੋਸ਼ਿਸ਼ ਕੀਤੀ।
ਆ ਹ,,,,,,,,,,ਕੋਈ ਗੱਲ ਨੀ ਮੇਰੇ ਕੋਲ ਬਥੇਰਾ ਸਮਾਂ ਹੈ।ਉਡੀਕ ਕਰਨ ਵਾਸਤੇ ਉਸਨੇ ਮੇਰੀ ਗਲਤੀ ਨੂੰ ਨਜਰ ਅੰਦਾਜ ਕਰਕੇ ਆਪਣੀ ਮਜਾਕੀਆ ਸੁਭਾਅ ਤੋਂ ਜਾਣੂੰ ਕਰਾਇਆ।
ਮੇਰਾ ਨਾਂ ਅੰਜੂ ਹੈ ਕਹਿ ਕਿ ਮੈਂ ਆਪਣੇ ਲਟਕਦੇ ਹੱਥਾਂ ਵਿੱਚੋਂ ਸੱਜਾ ਹੱਥ ਉਸ ਵੱਲ ਵਧਾਇਆ,,,,,ਉਸ ਨੇ ਆਪਣੇ ਗੋਰੇ ਚਿੱਟੇ ਦੋਨਾਂ ਹੱਥਾਂ ਨਾਲ ਮੇਰਾ ਹੱਥ ਘੁੱਟਿਆ।ਜਿਹੜੇ ਬਜੁਰਗ ਹੋਣ ਦਾ ਹਾਲੇ ਵੀ ਅੰਦਾਜਾ ਨਹੀਂ ਦਿਵਾ ਰਹੇ ਸਨ।
ਮੈਂ ਤੁਹਾਡੇ ਅੋਲਡ ਹੋਮ ਵਿੱਚ ਦੋ ਕੁ ਦਿਨ ਪਹਿਲਾਂ ਹੀ ਆਇਆਂ ਹਾਂ,,,,,,,ਸ਼ਾਇਦ ਤੁਸੀਂ ਉਸ ਦਿਨ ਡਿਊਟੀ ਤੇ ਨਹੀਂ ਸੀ।ਉਸਨੇ ਆਪਣੇ ਬਾਰੇ ਮੁਕਤਸਰ ਜਾਣਕਾਰੀ ਦਿੱਤੀ।
ਜੀ ਮੈਂ ਛੁੱਟੀ ਤੇ ਸੀ,,,,,,,,,,ਮੈਂ ਉਸਨੂੰ ਜਵਾਬ ਦਿੰਦਿਆਂ ਕਿਹਾ।
ਸਾਰਾ ਕੁਝ ਠੀਕ ਠਾਕ ਹੋ ਰਿਹਾ ਹੈ ।ਮੈਂ ਉਸ ਤੋਂ ਸਾਡੇ ਹੋਮ ਵੱਲੋਂ ਅਤੇ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਪੁੱਛਿਆ।
ਸੌਰੀ ਮੈਂ ਤੁਹਾਡੀ ਗੱਲ ਨੀ ਸਮਝਿਆ,,,,,,,ਉਸ ਨੇ ਆਪਣੇ ਮਨ ਦੀ ਗੱਲ ਮੈਨੂੰ ਦੱਸੀ।
ਮੇਰਾ ਮਤਲਬ ਹੈ ਤੁਸੀਂ ਸਾਡੀਆਂ ਸੇਵਾਵਾਂ ਤੋਂ ਖੁਸ਼ ਹੋ,,,,,,,ਕਿਸੇ ਚੀਜ ਦੀ ਕਮੀ ਤਾਂ ਨਹੀਂ ਮਹਿਸੂਸ ਕਰ ਰਹੇ ਹੋ?
ਓ ਨਹੀਂ ਨਹੀਂ ਅੰ,,,,,ਕਹਿੰਦਾ ਕਹਿੰਦਾ ਰੁਕ ਗਿਆ
ਅੰਜੂ,,,,,,ਮੈਂ ਆਪਣੇ ਨਾਂ ਨੂੰ ਦੁਬਾਰਾ ਦੁਹਰਾਇਆ,,,,ਜਿਹੜਾ ਉਸਦੇ ਬੋਲਣ ਲਈ ਜਰਾ ਔਖਾ ਅਤੇ ਅਣਜਾਣ ਸੀ।
ਉਸ ਨੇ ਬੁੱਲ੍ਹਾਂ ਦੀ ਘੁੱਟਵੀਂ ਜਿਹੀ ਸ਼ਕਲ ਬਣਾ ਕੇ ਜੀਭ ਤੇ ਜੋਰ ਦੇ ਕੇ ਸਹੀ ਤਰੀਕੇ ਨਾਲ ਮੇਰਾ ਨਾਂ ਲੈਣ ਦੀ ਕੋਸ਼ਿਸ਼ ਕੀਤੀ।
ਬਿਲਕੁਲ ਠੀਕ ਤੁਸੀਂ ਮੇਰਾ ਨਾਂ ਲਿਆ ਹੈ।ਮੈਂ ਉਸਦਾ ਹੌਂਸਲਾ ਵਧਾਇਆ
ਤੁਸੀਂ ਨੱਕ ਵਿੱਚ ਕੀ ਪਾਇਆ ਹੈ,,,,,,,,,,,,ਉਸਨੇ ਅਸਲ ਮੁੱਦੇ ਦੀ ਮੈਥੋਂ ਗੱਲ ਪੁੱਛੀ
ਮੈਂ ਆਪਣੇ ਕੋਕੇ ਨੂੰ ਉਂਗਲ ਨਾ ਛੋਹਿਆ ਤੇ ਕਿਹਾ,,,,,,,,,,ਇਹ ਨੋਸ ਪਿੰਨ ਹੈ।
ਉਸ ਨੇ ਮੇਰੇ ਨੱਕ ਦੇ ਐਨ ਲਾਗੇ ਜਿਹੇ ਐਨਕ ਕਰਕੇ ਦੇਖਿਆ,,,,,,ਫਿਰ ਦੁਖੀ ਤੇ ਦਰਦ ਵਾਲਾ ਮੂੰਹ ਬਣਾ ਕਿ ਕਹਿਣ ਲੱਗਾ।ਦਰਦ ਨੀ ਹੁੰਦਾ ਇੱਕ ਪਿੰਨ ਨੂੰ ਮਾਸ ਦੇ ਆਰ ਪਾਰ ਕਰਕੇ।ਮੈਂ ਉਸਨੂੰ ਕਿਹਾ ਨਹੀਂ ਹੁਣ ਨਹੀਂ ਸ਼ੁਰੂ ਸ਼ੁਰੂ ਵਿੱਚ ਦਰਦ ਹੋਇਆ ਸੀ।
ਅੰਜੂ ਤੂੰ ਇੰਡੀਅਨ ਹੈ ਨਾ?
ਉਸਨੇ ਮੇਰੇ ਵੱਲ ਦੇਖ ਕੇ ਬਹੁਤ ਪਿਆਰ ਨਾਲ ਪੁੱਛਿਆ।
ਜੀ ਮੈਂ ਇੰਡੀਅਨ ਹਾਂ,,,,,,,,,,,ਪਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੰਡੀਅਨ ਹਾਂ?
ਮੈਂ ਉਸ ਨੌਜਵਾਨ ਵਰਗੇ ਦਿੱਸਦੇ ਬਜੁਰਗ ਤੋਂ ਪੁੱਛਿਆ ,,,,,
ਤੇਰਾ ਕੋਕਾ ਤੇ ਤੇਰੀਆਂ ਅੱਖਾਂ ਤੇਰੇ ਚਿਹਰੇ ਦੇ ਨੈਣ ਨਕਸ਼ ਦੱਸਦੇ ਹਨ ਕਿ ਤੂੰ ਇੰਡੀਅਨ ਹੈ।
ਮੈਨੂੰ ਇਸ ਗੱਲ ਤੇ ਮਾਣ ਹੋਇਆ ਕਿ ਮੇਰੇ ਨੈਣ ਨਕਸ਼ ਮੇਰੇ ਦੇਸ਼ ਦੀ ਗਵਾਹੀ ਦਿੰਦੇ ਹਨ।ਮੇਰੇ ਪੁਰਖਿਆਂ ਦੇ ਵਤਨ ਦੀ ਗਵਾਹੀ ਦਿੰਦੇ ਹਨ।ਭਾਵੇਂ ਅਸੀਂ ਆਪਣੀ ਨਾਗਰਿਕਤਾ ਬਦਲ ਲਈ ਹੈ।ਜਰਮਨ ਬੋਲੀ ਬੋਲਣ ਵਿੱਚ ਮੁਹਾਰਤ ਹਾਸਲ ਕਰ ਲਈ ਹੈ।ਇਥੇ ਦੇ ਪਹਿਰਾਵੇ ਵਿੱਚ ਢਕੇ ਗਏ ਹਾਂ ਪਰ ਸਾਡੇ ਨੈਣ ਨਕਸ਼ ਅਸਲੋਂ ਨਕਲ ਨਹੀਂ ਹੋ ਸਕਦੇ ਉਹ ਸਾਡੀ ਗਵਾਹੀ ਭਰਦੇ ਰਹਿਣਗੇ ਹਮਵਤਨੀ ਹੋਣ ਦੇ।
ਮੈਂ ਉਸ ਦੀ ਕੁਰਸੀ ਦੇ ਕੋਲ ਜਮੀਨ ਤੇ ਗੋਡੇ ਲਾਹ ਕੇ ਬੈਠ ਗਈ ਤੇ ਉਸ ਵੱਲ ਗੌਰ ਨਾਲ ਦੇਖਿਆ,,,,,,,,ਉਸਨੇ ਮੇਰੇ ਦੇਖਿਆ ਤੇ ਕਿਹਾ,,,,ਮੈਂ ਇੰਡੀਅਨ ਲੋਕਾਂ ਦਾ ਬਹੁਤ ਵੱਡਾ ਫੈਨ ਸੀ ਤੇ ਅੱਜ ਵੀ ਹਾਂ,,,,,,,,,,ਭਾਵੇਂ ਉਹ ਗੱਲ 1950 ਦੀ ਸੀ ਤੇ ਭਾਵੇਂ ਗੱਲ 2016 ਦੀ ਹੈ।
ਮੈਂ ਬਿੰਨਾ ਬੋਲਿਆਂ ਉਸ ਵੱਲ ਦੇਖਦੀ ਰਹੀ,,,,,,,,,,ਕਿਉਂਕਿ ਗੱਲ ਮੇਰੇ ਵਤਨ ਦੀ ਹੋ ਰਹੀ ਸੀ ਅਤੇ ਮੈਂ ਉਸਨੂੰ ਬਿੰਨਾ ਕੁਝ ਟੋਕਿਆਂ ਸਭ ਸੁਣਨਾ ਚਾਹੁੰਦੀ ਸੀ।
ਮੈਨੂੰ ਯਾਦ ਹੈ ਜਦ ਹਿਟਲਰ ਨੇ ਸਾਨੂੰ 19 -19 ਸਾਲਾਂ ਦੇ ਜਵਾਨ ਮੁੰਡਿਆਂ ਨੂੰ ਜਬਰਦਸਤੀ ਲੜਾਈ ਲਈ ਕਿਹਾ ਸੀ।ਸਾਡੇ ਮਾਪਿਆਂ ਨੇ ਨਾਂਹ ਚਾਹੁੰਦਿਆਂ ਹੋਇਆਂ ਸਾਨੂੰ ਹਿਟਲਰ ਦੇ ਹਵਾਲੇ ਕਰ ਦਿੱਤਾ ਸੀ। ਅਸੀਂ ਉਸ ਸੂਰ ਦੇ ਬੱਚੇ ਦੇ ਕਹਿਣ ਤੇ ਉਸ ਤੋਂ ਡਰਦਿਆਂ ਕਿੰਨੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ ਸਨ।
ਸ਼ੁਕਰ ਹੋਇਆ ਉਹ ਸਮਾਂ ਲੰਘ ਗਿਆ,,,,,,ਉਸ ਮਗਰੋਂ ਮੈਂ ਆਪਣੇ ਪਰਿਵਾਰ ਨਾਲ ਬਰੀਮਨ ਸ਼ਹਿਰ ਵਿੱਚ ਆ ਗਿਆ।
ਆ ਕੇ ਬਰੀਮਨ ਦੀ ਫੈਕਟਰੀ ਵਿੱਚ ਕੰਮ ਕਰਨ ਲੱਗਾ। ਉਹ ਬਜੁਰਗ ਬਿੰਨਾ ਰੁਕਿਆ ਜਿਵੇਂ ਆਪਣੇ ਅੰਦਰਲੇ ਡੱਕੇ ਹੜ ਨੂੰ ਬੋਲਾਂ ਰਾਹੀ ਬਾਹਰ ਕੱਢ ਰਿਹਾ ਸੀ।
ਉਹਨਾਂ ਦਿਨਾਂ ਵਿੱਚ ਮੇਰੇ ‪#‎ਦੋ‬ ਇੰਡੀਅਨ ਸਰਦਾਰ ਦੋਸਤ ਬਣੇ।ਦੋਨੇ ਭਰਾ ਸਨ ਇੱਕ ਭਰਾ 1950 ਵਿੱਚ ਫੁੱਟਬਾਲ ਦਾ ਖਿਡਾਰੀ ਸੀ ਅਤੇ ਦੂਜਾ ਉੱਚ ਪੱਧਰ ਦਾ ਪੜ੍ਹਿਆ ਲਿਖਿਆ ਸਾਡੀ ਫੈਕਟਰੀ ਵਿੱਚ ਚੰਗੀ ਪੋਸਟ ਤੇ ਸੀ।ਦੋਨਾਂ ਦਾ ਭਰਵਾਂ ਸਰੀਰ ਸਿਰ ਤੇ ਪੱਗ ਤੇ ਖੁੱਲ੍ਹਾ ਹੱਸ ਮੁੱਖ ਸੁਭਾਅ ਸੀ।ਮੈਂ ਅੱਜ ਤੱਕ ਕਿਸੇ ਵਿੱਚ ਉਦਾ ਦਾ ਸੁਭਾਅ ਨਹੀਂ ਦੇਖਿਆ। ਹੈਰਾਨੀ ਦੀ ਗੱਲ ਸੀ ਕਿ ਸਾਡੀਆਂ ਜਰਮਨ ਕਈ ਔਰਤਾਂ ਉਨਾਂ ਤੇ ਬਹੁਤ ਮਰਦੀਆਂ ਸਨ।ਜਦ ਅਸੀਂ ਇੱਕਠੇ ਹੋ ਕਿ ਡਿਸਕੋ ਜਾਂ ਬੀਅਰ ਬਾਰ ਜਾਂਦੇ ਸੀ।ਉਹਨਾਂ ਵਿੱਚ ਇੱਕ ਦਾ ਵਿਆਹ ਹੋ ਚੁੱਕਾ ਸੀ।ਜਿਸ ਦੀ ਘਰਵਾਲੀ ਦੇ ਨੱਕ ਵਿੱਚ ਤੇਰੇ ਵਾਂਗ ਕੋਕਾ ਪਾਇਆ ਹੋਇਆ ਸੀ।ਉਸ ਦਾ ਕਹਿਣਾ ਸੀ ਕਿ ਸਾਡੀਆਂ ਔਰਤਾਂ ਦੀ ਰੀਤ ਹੈ ਨੱਕ ਵਿੱਚ ਕੋਕਾ ਪਾਉਣ ਦੀ।
ਉਸ ਬਜੁਰਗ ਨੇ,,,,,ਆਪਣੇ ਦੋਸਤ ਦੀਆਂ ਛੋਟੀਆਂ ਛੋਟੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ।
ਤੇ ਮੈਂ ਕਦੇ ਗੋਡਿਆਂ ਭਾਰ ਬਹਿੰਦੀ ਕਦੇ ਉਸਦੇ ਲਾਗੇ ਖੜਦੀ,,,,,ਪਰ ਉਸਦੀ ਹਰ ਗੱਲ ਗੌਰ ਨਾਲ ਸੁਣ ਰਹੀ ਸੀ।
ਪਰ ਅੰਜੂ,,,,,,,,,,,ਇੱਕ ਦਿਨ ਦੋਹਾਂ ਭਰਾਵਾਂ ਨੇ ਆਪਣੇ ਵਾਲ ਕਟਾ ਦਿੱਤੇ ਤੇ ਸਾਡੇ ਵਾਂਗ ਬਣ ਗਏ।ਉਸਨੇ ਆਪਣੇ ਅੱਧ ਵਾਹੇ ਵਾਲਾਂ ਵਿੱਚ ਹੱਥ ਮਾਰ ਕੇ ਕਿਹਾ।
ਭਾਂਵੇਂ ਉਹ ਵਾਲ ਕਟਾ ਕੇ ਹੋਰ ਸੋਹਣੇ ਲੱਗਣ ਲੱਗ ਪਏ ਸੀ,,,,,,,ਪਰ ਪੱਗ ਵਿੱਚ ਉਨਾਂ ਦੀ ਦਿਖ ਹੋਰ ਹੀ ਸੀ।
ਮੈਂ ਉਸ ਦੀ ਗੱਲ ਸੁਣਦੀ ਰਹੀ,,,,,,,,,,ਉਸਨੇ ਮੇਰੇ ਝੁਕੇ ਹੋਏ ਚਿਹਰੇ ਵੱਲ ਗੌਰ ਨਾਲ ਦੇਖਿਆ,,,,,ਤੇ ਕਹਿਣ ਲੱਗਾ,,,,,,,,,,ਅੱਜ ਕਿੰਨੇ ਵਰਿਆਂ ਮਗਰੋਂ ਤੂੰ ਮੈਨੂੰ ਮੇਰੇ ਯਾਰਾਂ ਦੀ ਯਾਦ ਦਵਾ ਦਿੱਤੀ,,,,,ਮੈਂ ਉਹਨਾਂ ਨਾਲ ਬਹੁਤ ਵਧੀਆ ਸਮਾਂ ਕੱਢਿਆ।ਅਸੀਂ ਇੱਕਠਿਆਂ ਨੇ ਕੁੜੀਆਂ ਨਾਲ ਇਸ਼ਕ ਕੀਤੇ,,,,ਇੱਕਠਿਆਂ ਨੇ ਮੌਜ ਮਸਤੀ ਕੀਤੀ,,,,,,,,,,,,ਫਿਰ ਇੱਕ ਦਿਨ ਮੈਂ ਬਰੀਮਨ ਛੱਡ ਕੇ ਸਟੂਡਗਾਰਡ(ਜਰਮਨੀ ਦਾ ਸ਼ਹਿਰ) ਉੱਥੇ ਚਲਾ ਗਿਆ,,,,ਫਿਰ ਸਾਡਾ ਹੌਲੀ ਹੌਲੀ ਰਾਬਤਾ ਮੁੱਕ ਗਿਆ,,,,,ਅੱਜ ਤੇਰੇ ਕੋਕੇ ਦੀ ਲਸ਼ਕੋਰ ਨੇ ਮੈਨੂੰ ਇੰਡੀਆ ਅਤੇ ਆਪਣੇ ਪੁਰਾਣੇ ਬੇਲੀਆਂ ਦੀ ਯਾਦ ਦਿਵਾ ਦਿੱਤੀ।
ਤੇਰੇ ਨੈਣ ਨਕਸ਼ ਵਿੱਚੋਂ ਮੈਨੂੰ ਓਹ ਦਿੱਸਣ ਲੱਗ ਪਏ।
ਤੇ ਮੈਂ ਉਸਦੀ ਕੁਰਸੀ ਲਾਗੇ ਬੈਠੀ 1950 ਦੇ ਸਮੇਂ ਨੂੰ ਸੋਚ ਰਹੀ ਸੀ ਜਦ ਟਾਵਾਂ ਟਾਵਾਂ ਹੀ ਭਾਰਤੀ ਜਰਮਨੀ ਦੀ ਧਰਤੀ ਤੇ ਪਹਿਲ ਕਦਮੀਂ ਕਰ ਰਿਹਾ ਸੀ।ਤੇ ਆ ਕੇ ਇਹਨਾਂ ਗੋਰੀਆਂ ਚਿੱਟੀਆਂ ਚਮੜੀਆਂ ਤੇ ਆਪਣੇ ਸੋਨੇ ਰੰਗੇ ਰੰਗਾਂ ਦੀ ਧਾਂਕ ਜੰਮਾ ਰਿਹਾ ਸੀ।
ਇਹਨਾਂ ਸਰਦ ਰੁੱਤਾਂ ਵਿੱਚ ਜੰਮੇ ਪਲੇ ਜਰਮਨ ਲੋਕਾਂ ਨੂੰ ਆਪਣੇ ਦੇਸ਼ ਦੀਆਂ ਨਿੱਘੀਆਂ ਰੁੱਤਾਂ ਵਰਗਾ ਨਿੱਘ ਮਿਲ ਵਰਤੋ ਵਿੱਚ ਦੇ ਰਹੇ ਸਨ।ਜਿਸ ਦੀ ਪਹਿਚਾਣ ਅਤੇ ਯਾਦ ਅੱਜ ਵੀ ਜਰਮਨੀ ਦੇ ਇਤਿਹਾਸ ਦੇ ਪੰਨਿਆਂ ਤੇ ਸ਼ਾਨ ਨਾਲ ਲਿਖੀ ਹੈ।ਜਿੰਨਾ ਦੇ ਸਾਊ ਸਲੀਕੇ ਅਤੇ ਸੋਹਣੇ ਮਿਲ ਵਰਤੋਂ ਦੇ ਤਰੀਕੇ ਨੂੰ ਜਾਣ ਕੇ ਜਰਮਨੀ ਅੱਜ ਸਭ ਇੰਡੀਅਨ ਲੋਕਾਂ ਦੀ ਕਦਰ ਕਰਦਾ ਹੈ। ਇਸੇ ਕਰਕੇ ਤਾਂ ਕਹਿੰਦੇ ਹਨ ਪੰਜਾਬੀ ਜਿੱਥੇ ਜਾਂਦੇ ਹਨ,ਸਭ ਨੂੰ ਆਪਣਾ ਬਣਾ ਲੈਂਦੇ ਹਨ। ਜਿੰਦਾਬਾਦ ਪੰਜਾਬੀਓ ਜਿਉਂਦੇ ਵੱਸਦੇ ਰਹੋ।

2016-08-06
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)