Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗਾਇਕੀ ਦੇ ਪੁਰਾਣੇ ਯੁੱਗ ਦੀਆਂ ਨਵੀਂਆਂ ਗੱਲਾਂ - ਐਸ ਅਸ਼ੋਕ ਭੌਰਾ.

ਸ਼ੀਸ਼ੇ ਸਾਹਮਣੇ ਖੜ੍ਹ ਕੇ ਉਸ ਨੂੰ ਪੁੱਛਿਓ ਕਿ ਮੈਂ ਜੋ ਵੀਹਾਂ ਸਾਲਾਂ ਦਾ ਸੀ, ਕੀ ਉਹ ਅੱਜ ਹਾਂ? ਸ਼ੀਸ਼ਾ ਦੁਹਾਈਆਂ ਪਾ ਕੇ ਕਹੇਗਾ, ‘ਨਹੀਂ ਮਿੱਤਰਾ! ਤੂੰ ਸਾਰੇ ਦਾ ਸਾਰਾ ਬਦਲ ਗਿਆਂ ਏ।’ ਲੋਕੀਂ ਐਵੇਂ ਉਲਾਂਭਾ ਦਿੰਦੇ ਨੇ ਕਿ ਦੁਨੀਆਂ ਬਦਲ ਗਈ ਹੈ, ਪਰ ਸੱਚ ਇਹ ਹੈ ਕਿ ਤੁਸੀਂ ਆਪ ਹੀ ਬਦਲ ਗਏ ਹੁੰਦੇ ਹੋ।

ਗਾਇਕੀ ਦੀ ਗੱਲ ਕਰਦਿਆਂ ਇਸੇ ਕਰਕੇ ਮੈਂ ਸੁਰਿੰਦਰ ਸ਼ਿੰਦੇ ਬਾਰੇ ਇਹ ਸਾਰਾ ਕੁਝ ਕਹਿਣ ਤੋਂ ਪਹਿਲਾਂ ਇਹ ਵੀ ਕਹਾਂਗਾ ਕਿ ਮੈਂ ਵੀ ਬਦਲ ਗਿਆ ਹਾਂ। ਸੁਰਿੰਦਰ ਸ਼ਿੰਦੇ ਨੂੰ ਮੈਂ ਉਦੋਂ ਜਾਣਨ ਲੱਗਾ ਸਾਂ ਜਦੋਂ ‘ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ’, ‘ਵੇ ਸ਼ਰਾਬੀਆ ਪੇਕੇ ਤੁਰ ਜਾਊ ਤੇਰੀ ਨਾਰ’ ਦੋਗਾਣੇ ਸੁਰਿੰਦਰ ਸੋਨੀਆ ਨਾਲ ਹੱਟੀ-ਭੱਠੀ ਵੱਜਣ ਲੱਗੇ ਸਨ। ਫਿਰ ਉਦੋਂ ਮੈਂ ਸੁਰਿੰਦਰ ਸ਼ਿੰਦੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਲੱਗਾ ਜਦੋਂ ‘ਉਚਾ ਬੁਰਜ ਲਾਹੌਰ ਦਾ ਮੈਂ ਖੜ੍ਹੀ ਸੁਕਾਵਾਂ ਕੇਸ’ ਨਾਲ ਉਹ ਪੂਰਾ ਉਚਾ ਉਠ ਗਿਆ।
‘ਜਿਊਣੇ ਮੌੜ ਨੇ ਲੁੱਟੀਆਂ ਤੀਆਂ ਲੌਂਗੋਵਾਲ ਦੀਆਂ’ ਤੋਂ ਬਾਅਦ ‘ਜਿਊਣਾ ਮੌੜ, ਜੱਟ ਮਿਰਜ਼ਾ ਖਰਲਾਂ ਦਾ ਅਤੇ ਸ਼ਹੀਦ ਭਗਤ ਸਿੰਘ’ ਵਰਗੇ ਓਪੇਰਿਆਂ ਨਾਲ ਪੰਜਾਬੀ ਗਾਇਕੀ ਵਿਚ ਇਤਿਹਾਸ ਸਿਰਜਣ ਵਾਲਾ ਸ਼ਿੰਦਾ ਮੇਰੇ ਅੰਗ-ਸੰਗ ਰਿਹਾ ਕਹਿ ਲਵੋ ਜਾਂ ਮੇਰੀ ਕਲਮ ਸ਼ਿੰਦੇ ਦੇ ਨਾਲ ਨਾਲ ਤੁਰਦੀ ਰਹੀ। ਗੱਲ ਇਥੇ ਮੈਂ ਇਹ ਵੀ ਕਰ ਦਿਆਂ ਕਿ ਮੈਂ ਉਸੇ ਸੁਰਿੰਦਰ ਸ਼ਿੰਦੇ ਦੀ ਗੱਲ ਕਰ ਰਿਹਾ ਹਾਂ ਜਿਸ ਨੇ ‘ਤੇਰੀ ਫੀਅਟ ‘ਤੇ ਜੇਠ ਨਜ਼ਾਰੇ ਲੈਂਦਾ’, ‘ਸੁੱਖ ਲਈਆਂ ਪੰਜ ਮੱਸਿਆਂ ਪਹਿਲੀ ਮੱਸਿਆ ਕੰਨਾਂ ਨੂੰ ਹੱਥ ਲਾਵੇ’, ‘ਮੈਨੂੰ ਕਹਿੰਦਾ ਲਾਣੇਦਾਰਨੀਏ ਕਦੇ ਚਾਹ ਦੀ ਘੁੱਟ ਪਿਆਇਆ ਕਰ’ ਅਤੇ ‘ਜੰਞ ਚੜ੍ਹੀ ਅਮਲੀ ਦੀ’ ਤੱਕ ਗਾਇਕਾ ਗੁਲਸ਼ਨ ਕੋਮਲ ਨਾਲ ਦੋਗਾਣਿਆਂ ਦੀ ਇਕ ਬਰਾਬਰ ਸਿਖਰ ਬਣਾਈ ਰੱਖੀ। ਹਾਂ! ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ’, ‘ਯੈਂਕੀ ਲਵ ਯੂ ਲਵ ਯੂ ਕਰਦੇ’ ਅਤੇ ਫਿਰ ਇਕ ਵਾਰ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਨਾਲ ਏਦਾਂ ਦਾ ਮਾਹੌਲ ਬਣਿਆ ਸੀ ਕਿ ਪੰਜਾਬੀ ਦੇ ਗਾਇਕੀ ਗਗਨ ‘ਤੇ ਨਾ ਸਿਰਫ ‘ਸ਼ਿੰਦਾ ਸ਼ਿੰਦਾ’ ਹੋ ਗਈ ਸੀ ਸਗੋਂ ਦੋ ਗੱਲਾਂ ਦੇ ਅੰਕੜੇ ਬਣੇ ਰਹਿਣਗੇ ਕਿ ‘ਜਿਊਣਾ ਮੌੜ’ ਅਤੇ ‘ਪੁੱਤ ਜੱਟਾਂ ਦੇ’ ਨਾਲ ਜਿਹੜਾ ਸਟਾਰਡਮ ਸ਼ਿੰਦੇ ਨੂੰ ਮਿਲਿਆ ਸੀ, ਉਹ ਆਮ ਗਾਇਕਾਂ ਦੇ ਹਿੱਸੇ ਘੱਟ ਹੀ ਆਇਆ ਹੈ।
ਕਈ ਖਾਸੀਅਤਾਂ ਸਿਰਫ ਸ਼ਿੰਦੇ ਵਿਚ ਹੀ ਹਨ, ਦੋਗਾਣਿਆਂ ‘ਚ ਵਧੀਆ ‘ਗ੍ਰਾਮ’ ਉਸ ਦਾ ਹੀ ਲੱਗਦਾ ਹੈ। ‘ਜੱਟ ਮਿਰਜ਼ਾ ਖਰਲਾਂ’ ਦਾ ਐਲ ਪੀ ਵਿਚ ਉਹਦਾ ਦੋਗਾਣਾ ਸੁਣ ਕੇ ਦੇਖੋ, ਮੇਰੇ ਦਾਅਵੇ ਨੂੰ ਤੁਹਾਡੀ ਸਹਿਮਤੀ ਦੀ ਤਸਦੀਕ ਮਿਲੇਗੀ। ਸੰਵਾਦ ਬੋਲਣ ਵਿਚ ਸ਼ਿੰਦੇ ਦਾ ਕੋਈ ਜਵਾਬ ਨਹੀਂ। ਸ਼ਿੰਦਾ ਫਿਲਮਾਂ ‘ਚ ਪੂਰੀ ਤਰ੍ਹਾਂ ਫਿੱਟ ਰਿਹਾ ਹੈ। ਪੰਜਾਬੀ ਫਿਲਮ ‘ਉਚਾ ਦਰ ਬਾਬੇ ਨਾਨਕ ਦਾ’ ਵਿਚ ਗੁਰਦਾਸ ਨਾਲ ਉਹਦੀ ਚੰਗੀ ਭੂਮਿਕਾ ਸੀ। ਕਲੀਆਂ ‘ਚ ਉਹ ਕਈ ਥਾਂ ਮਾਣਕ ਦੀ ਬਰਾਬਰੀ ਕਰ ਗਿਆ ਹੈ ਤੇ ਖਾਸ ਗੱਲ ਇਹ ਕਿ ਉਮਰ ਦਾ ਪ੍ਰਭਾਵ ਉਹ ਹਾਲੇ ਤੱਕ ਵੀ ਕਬੂਲ ਨਹੀਂ ਕਰ ਰਿਹਾ। ਮੈਨੂੰ ਇਹ ਕਹਿਣ ਵਿਚ ਵੀ ਕੋਈ ਝਿਜਕ ਨਹੀਂ ਕਿ ਕਈ ਗੱਲਾਂ ‘ਚ ਸ਼ਿੰਦੇ ਨੂੰ ਆਪਣਾ ਸਮਝਣਾ ਗੁਸਤਾਖੀ ਹੀ ਹੋਵੇਗੀ।
ਜੱਗ ਜਾਣਦਾ ਹੈ ਕਿ ਮੇਰੀ ਕੁਲਦੀਪ ਮਾਣਕ ਨਾਲ ਨੇੜਤਾ ਰਹੀ ਹੈ ਪਰ ਕੁਝ ਅਰਸਾ ਮਾਣਕ ਨਾਲ ਸਿਹਤਮੰਦ ਮੁਕਾਬਲਾ ਕਰਨ ਵਾਲੇ ਸ਼ਿੰਦੇ ਦਾ ਮੈਂ ਵਿਰੋਧੀ ਵੀ ਨਹੀਂ ਰਿਹਾ। ਦੋਵੇਂ ਕਈ ਥਾਂ ਮੁਕਾਬਲੇ ‘ਚ ਬਰਾਬਰ ਖੜ੍ਹੇ ਰਹੇ ਨੇ। ਦੋਹਾਂ ਨਾਲ ਦੇਵ ਥਰੀਕਿਆਂ ਵਾਲਾ ਖੜ੍ਹਾ ਰਿਹਾ ਹੈ ਪਰ ਜਿੰਨੀ ਕੁ ਗੱਲ ਮੈਂ ਮਾਣਕ ਦੀ ਆਪਣੀ ਕਲਮ ਰਾਹੀਂ ਕਰਦਾ ਰਿਹਾਂ, ਉਨੀ ਕੁ ਗੱਲ ਸ਼ਿੰਦੇ ਦੀ ਵੀ ਕੀਤੀ ਹੈ। ਦੇਵ ਥਰੀਕਿਆਂ ਵਾਲੇ ਦੇ ਸਾਂਝੇ ਮੈਟਰ ‘ਜੱਗਾ ਡਾਕੂ’ ਨੂੰ ਜਦੋਂ ਦੋਵਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਨੇ ਸ਼ਿੰਦੇ ਦੇ ਹੱਕ ‘ਚ ਲਿਖਿਆ ਪਰ ਮੈਂ ਚੁੱਪ ਰਿਹਾ। ਇਕ ਦਿਨ ਜਦੋਂ ਸ਼ਿੰਦੇ ਦੀ ਧਰਮ ਪਤਨੀ ਜੋਗਿੰਦਰ ਕੌਰ ਰੱਖੜੀ ਵਾਲੇ ਦਿਨ ਮਾਣਕ ਦੇ ‘ਚਾਂਦੀ ਦੀ ਰੱਖੜੀ’ ਬੰਨ੍ਹ ਕੇ ਮੁੜੀ ਤਾਂ ਮੈਂ ਮਾਣਕ ਦਾ ਗੁੱਟ ਫੜ ਕੇ ਕਿਹਾ, ‘ਦੁਨੀਆਂ ਸਾਹਮਣੇ ਲੀਡਰਾਂ ਵਾਂਗ ਡਰਾਮਾ ਕਰਦੇ ਓਂ, ਅੰਦਰੋਂ ਦੋਵੇਂ ਘਿਓ ਖਿਚੜੀ ਹੋ’ ਤਾਂ ਉਹ ਹੱਸ ਪਿਆ, ‘ਤੁਸੀਂ ਧਿਰ ਬਣਾਈ ਰੱਖੋ, ਤੂੰ ਮੇਰੇ ਨਾਲ ਖੜ੍ਹਾ ਰਹਿ, ਸ਼ਮਸ਼ੇਰ ਨੇ ਤਾਂ ਸ਼ਿੰਦੇ ਨਾਲ ਖੜ੍ਹਾ ਹੀ ਰਹਿਣੈ।’
ਸ਼ਿੰਦੇ ਦੀ ਖਾਸ ਗੱਲ ਇਹ ਹੈ ਕਿ ਉਹ ਸਿਰਫ ਮੇਰੇ ਵਿਆਹ ‘ਤੇ ਹੀ ਨ੍ਹੀਂ ਆਇਆ, ਉਂਜ ਉਹ ਸ਼ੌਂਕੀ ਮੇਲੇ ‘ਚ ਵੀ ਆਇਆ, ਮੇਰੇ ਹਰ ਪਰਿਵਾਰਕ ਸਮਾਗਮ ਵਿਚ ਸ਼ਾਮਿਲ ਹੋਇਆ, ਇਥੋਂ ਤੱਕ ਕਿ ਜਦੋਂ ਮੇਰੀ ਆਰਥਿਕ ਹਾਲਤ ਕੁਝ ਕਾਰਨਾਂ ਕਰਕੇ ਸਹੀ ਨਹੀਂ ਸੀ ਤਦ ਇਤਫਾਕ ਇਹ ਬਣਿਆ ਕਿ ਮੈਂ ਇੰਗਲੈਂਡ ਵਿਚ ਸਾਂ। ਦੂਜੇ ਪਾਸੇ ਰਾਣੀ ਪ੍ਰੋਮੋਟਰ ਨਾਲ ਸ਼ਿੰਦਾ, ਰਣਜੀਤ ਮਣੀ, ਨੱਚਣ ਵਾਲੀ ਬਬੀਤਾ ਅਤੇ ਅੰਮ੍ਰਿਤਾ ਵਿਰਕ ਵੀ ਇੰਗਲੈਂਡ ਆਏ ਹੋਏ ਸਨ। ਬੈਡਫੋਰਡ ਵਿਚ ਮੇਰਾ ਸਨਮਾਨ ਸੀ ਤੇ ਜਿੰਨੇ ਪੌਂਡ ਸਟੇਜ ‘ਤੇ ਬਣੇ, ਉਹ ਸਾਰੇ ਸ਼ਿੰਦੇ ਨੇ ਮੇਰੀ ਕੋਟ ਦੀ ਜੇਬ ਵਿਚ ਪਾ ਦਿੱਤੇ। ਇਹ ਕੋਈ ਦੋ ਕੁ ਹਜ਼ਾਰ ਪੌਂਡ ਸਨ। ਇਸ ਤੋਂ ਬਾਅਦ ਰਾਣੀ ਗੁੱਸੇ ਹੋਈ ਅਤੇ ਰਣਜੀਤ ਮਣੀ ਤੇ ਸ਼ਿੰਦੇ ਨੂੰ ਸਿੱਧੀ ਨਾਰਾਜ਼ਗੀ ਸਹਿਣੀ ਪਈ ਪਰ ਸਿਰਫ ਮੇਰੇ ਕਰਕੇ। ਨਾਲ ਲੱਗਦੀ ਹੀ ਇਕ ਹੋਰ ਗੱਲ ਕਰ ਦਿਆਂ ਕਿ ਜਿਨ੍ਹਾਂ ਦਿਨਾਂ ਵਿਚ ਮੈਂ ਇੰਗਲੈਂਡ ਦੀ ਅਦਾਕਾਰਾ ਰੂਪ ਦਵਿੰਦਰ ਨੂੰ ਲੈ ਕੇ ਇਕ ਟੈਲੀ ਫਿਲਮ ਮਾਹਿਲਪੁਰ ਲਾਗੇ ਜੇਜੋਂ ਦੀਆਂ ਪਹਾੜੀਆਂ ‘ਚ ਬਣਾ ਰਿਹਾ ਸਾਂ ਤਾਂ ਸੁਰਿੰਦਰ ਸ਼ਿੰਦਾ ਇਸ ਫਿਲਮ ‘ਚ ਗਾਉਣ ਲਈ ਆਇਆ। ਉਹ ਸਾਰਾ ਦਿਨ ਮੇਰੇ ਨਾਲ ਰਿਹਾ, ਗੱਲ ਅਸਲ ‘ਚ ਇਹ ਹੈ ਕਿ ਲਿਖਣ ਵਿਚ ਮੈਂ ਕਦੇ ਵੀ ਕਿਸੇ ਗਾਇਕ ਨਾਲ ਸ਼ਰਾਰਤ ਨਹੀਂ ਕੀਤੀ ਤੇ ਸ਼ਿੰਦਾ ਇਹ ਜਾਣਦਿਆਂ ਵੀ, ਮੇਰੇ ਨਾਲ ਜੁੜਿਆ ਰਿਹਾ ਹੈ ਕਿ ਮੈਂ ਮਾਣਕ ਪੱਖੀ ਹਾਂ ਕਿਉਂਕਿ ਕਈ ਥਾਂ ‘ਦੇਵ’ ਕਰਕੇ ਦੋਹਾਂ ਵੱਡੇ ਗਾਇਕਾਂ ਦੀ ਆਪਸ ਵਿਚ ਸਿਹਤਮੰਦ ਖਿੱਚੋਤਾਣ ਬਣੀ ਰਹਿੰਦੀ ਸੀ।
ਜਗਜੀਤ ‘ਮਾਹੀ ਮੁੰਡਾ’ ਫਿਲਮ ਬਣਾਉਣ ਪਿਛੋਂ ਲਗਭਗ ਹਾਰ ਗਿਆ ਸੀ ਪਰ ‘ਪੁੱਤ ਜੱਟਾਂ ਦੇ’ ਨਾਲ ਕ੍ਰਿਕਟ ਦੇ ਫਾਈਨਲ ਮੈਚ ਵਾਂਗ ਜਿੱਤ ਗਿਆ ਤੇ ਇਸ ਫਿਲਮ ਵਿਚ ਸ਼ਿੰਦੇ ਦੀ ਗਾਇਕੀ ਨੇ ਸਭ ਤੋਂ ਵੱਧ ਚੌਕੇ-ਛੱਕੇ ਮਾਰੇ ਸਨ।
ਅਖਬਾਰ ‘ਅਜੀਤ’ ਵਿਚ ਮੈਂ ਕਾਲਮ ‘ਸੁਰ ਸੱਜਣਾਂ ਦੀ’ ਸ਼ੁਰੂ ਕਰਨ ਤੋਂ ਪਹਿਲਾਂ ਗੁਲਜ਼ਾਰ ਸੰਧੂ ਨਾਲ ‘ਪੰਜਾਬੀ ਟ੍ਰਿਬਿਊਨ’ ਵਿਚ ਗਾਉਣ ਵਾਲਿਆਂ ਦੀਆਂ ਪਤਨੀਆਂ ਨਾਲ ਮੁਲਾਕਾਤਾਂ ਦਾ ਕਾਲਮ ਸ਼ੁਰੂ ਕੀਤਾ ਸੀ, ‘ਤੈਨੂੰ ਮੇਰੀ ਵੀ ਉਮਰ ਲੱਗ ਜਾਵੇ’ ਪਰ ਫਿਰ ਛੇਤੀ ਹੀ ਹਰਭਜਨ ਹਲਵਾਰਵੀ ਐਡੀਟਰ ਬਣ ਗਿਆ। ਉਹਦੇ ਅੰਦਰ ਕਾਮਰੇਡੀ ਛਲਕਦੀ ਸੀ। ਉਹ ਗਾਇਕਾਂ ਨੂੰ ਕੰਜਰ ਤੱਕ ਕਹਿ ਦਿੰਦਾ ਸੀ ਤੇ ਇੱਕੋ ਹੀ ਲੇਖ ਸੁਰਿੰਦਰ ਸ਼ਿੰਦਾ ਅਤੇ ਜੋਗਿੰਦਰ ਕੌਰ ਬਾਰੇ ਛਪ ਕੇ ਕਾਲਮ ਬੰਦ ਹੋ ਗਿਆ।
ਇਸ ਕਾਲਮ ਦੀ ਘਟਨਾ ਮੈਨੂੰ ਬੜੀ ਚੇਤੇ ਰਹੇਗੀ। ਹੋਇਆ ਇਹ ਕਿ ਇਸ ਪਿਛੋਂ ਮੈਂ ਲੁਧਿਆਣੇ ਸ਼ਿੰਦੇ ਦੇ ਘਰ ‘ਅਜੀਤ’ ਦੇ ‘ਸੁਰ ਸੱਜਣਾਂ ਦੀ’ ਕਾਲਮ ਲਈ ਮੁਲਾਕਾਤ ਕਰਨ ਉਹਦੇ ਘਰ ਗਿਆ। ਮਾੜੀ ਕਿਸਮਤ ਨੂੰ ਸ਼ਿੰਦਾ ਘਰ ਨਹੀਂ ਸੀ। ਬੀਬੀ ਜੋਗਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤੇ ਕੁਝ ਪੁੱਛਣ ਦੀ ਬਜਾਏ ਸਿੱਧਾ ਹੀ ਉਲਾਂਭਿਆਂ ਦਾ ਹਮਲਾ ਕਰ ਦਿੱਤਾ, ‘ਤੁਸੀਂ ਘਰ ਆਉਂਦੇ ਓਂ, ਅਸੀਂ ਤੁਹਾਨੂੰ ਚਾਹ-ਪਾਣੀ ਪਿਲਾਉਂਦੇ ਆਂ, ਪੁੱਛ-ਪ੍ਰਤੀਤ ਕਰਦੇ ਆਂ, ਤੇ ਤੂੰ ਉਹ ਕੀ ਲਿਖਿਆ ਪੰਜਾਬੀ ਟ੍ਰਿਬਿਊਨ ‘ਚ। ਚਮਕੀਲਾ ਜੇ ਇਨ੍ਹਾਂ ਦਾ ਸ਼ਾਗਿਰਦ ਹੈ ਤੇ ਪੁੱਠਾ ਸਿੱਧਾ ਗਾਉਂਦਾ, ਗਾਈ ਜਾਵੇ, ਅਸੀਂ ਕੀ ਲੈਣਾ ਦੇਣਾ।’
ਅਗਲੀ ਗੱਲ ਸੁਣਨ ਤੋਂ ਪਹਿਲਾਂ ਹੀ ਮੈਂ ਉਥੋਂ ਖਿਸਕ ਗਿਆ। ਪੰਜਾਬੀ ਗਾਇਕੀ ਦੀ ਇਹ ਕੁਪੱਤ ਮੈਨੂੰ ਸਾਰੀ ਉਮਰ ਚੇਤੇ ਰਹੇਗੀ। ਹਾਲਾਂਕਿ ਇਸ ਤੋਂ ਬਾਅਦ ਮੈਂ ਬੀਬੀ ਜੋਗਿੰਦਰ ਕੌਰ ਨੂੰ ਅਮਰੀਕਨ ਅੰਬੈਸੀ ਦੇ ਬਾਹਰ ਦਿੱਲੀ ਬੜੇ ਸਤਿਕਾਰ ਨਾਲ ਫਤਿਹ ਬੁਲਾਈ ਤੇ ਕੁਝ ਵਰ੍ਹੇ ਪਹਿਲਾਂ ਸਿਆਟਲ ਤੋਂ ਵੈਨਕੂਵਰ ਤੱਕ ਸੜਕ ਰਾਸਤੇ ਮੈਂ ਸੁਰਿੰਦਰ ਸ਼ਿੰਦਾ ਤੇ ਜੋਗਿੰਦਰ ਕੌਰ ਨੇ ਇੱਕ ਕਾਰ ਵਿਚ ਸਫਰ ਵੀ ਕੀਤਾ ਪਰ ਇਹ ਘਟਨਾ ਕਦੇ ਮਨ ਵਿਚੋਂ ਨਿਕਲੀ ਹੀ ਨਹੀਂ।
‘ਜਿਊਣਾ ਮੌੜ’ ਬਾਰੇ ਜੋ ਕੁਝ ਮੈਂ ਪਹਿਲਾਂ ਕੁਲਦੀਪ ਮਾਣਕ ਦੀ ਗੱਲ ਕਰਦਿਆਂ ਲਿਖ ਚੁੱਕਾ ਹਾਂ, ਉਸੇ ਹੀ ਥਾਂ ਖੜ੍ਹਾ ਹਾਂ ਤੇ ਮੈਂ ਵਿਚਾਰ ਨਹੀਂ ਬਦਲਾਂਗਾ ਕਿਉਂਕਿ ਸ਼ਿੰਦਾ, ਐਚ ਐਮ ਵੀ ਦਾ ਮੈਨੇਜਰ ਜ਼ਹੀਰ ਅਹਿਮਦ, ਮਾਣਕ ਅਤੇ ‘ਜਿਊਣਾ ਮੌੜ’ ਲਿਖਣ ਵਾਲਾ ਦੇਵ ਥਰੀਕੇ, ਸਾਰੇ ਮੇਰੇ ਸੰਪਰਕ ‘ਚ ਰਹੇ ਹਨ। ਪਰ! ਸੁਰਿੰਦਰ ਸ਼ਿੰਦੇ ਨੇ ਇਹ ਗੁੱਸਾ ਮੇਰੇ ਨਾਲ ਫੋਨ ‘ਤੇ ਵੀ ਝਾੜਿਆ, ਸਰੀ ਦੇ ਇਕ ਸਾਹਿਤਕ ਸਮਾਗਮ ਵਿਚ ਵੀ, ਪਰ ਮੈਨੂੰ ਸਭ ਤੋਂ ਵੱਡਾ ਦੁੱਖ ਇਹ ਲੱਗਾ ਜਦੋਂ ਅਮਰੀਕਾ ਵਿਚ ਇਕ ਗੀਤਕਾਰ ਨੇ ਮੈਨੂੰ ਦੱਸਿਆ ਕਿ ਸ਼ਿੰਦਾ ਸਾਡੇ ਨਾਲ ‘ਖਾਂਦਾ ਪੀਂਦਾ’ ਕਹਿ ਰਿਹਾ ਸੀ, ਅਸ਼ੋਕ ਸਾਨੂੰ ਫਰੀ ਸੱਦ ਲੈਂਦਾ ਸੀ ਤੇ ਅੱਗਿਓਂ ਪੈਸੇ ਲੈ ਲੈਂਦਾ ਸੀ।
ਦੂਜੀ ਦੁਖਦਾਇਕ ਗੱਲ ਇਹ ਵਾਪਰੀ ਕਿ ਸਰੀ ਰੇਡੀਓ ਐਫ ਐਮ ‘ਤੇ ਜਦੋਂ ਮੈਂ ਹਰਜਿੰਦਰ ਥਿੰਦ ਨਾਲ ਮੁਲਾਕਾਤ ਲਈ ਗਿਆ ਤਾਂ ਜ਼ਿੰਮੇਵਾਰ ਸ਼ਖਸੀਅਤ ਥਿੰਦ ਇਹ ਕਹਿ ਰਿਹਾ ਸੀ ਕਿ ‘ਸ਼ਿੰਦਾ ਵੀ ਆਇਆ ਸੀ ਪਿੱਛੇ ਜਿਹੇ, ਚਮਕੀਲੇ ਦੀ ਗੱਲ ਚੱਲੀ ਸੀ ਤੇ ਉਹ ਕਹਿ ਰਿਹਾ ਸੀ ਕਿ ਭੌਰਾ ਐਵੇਂ ਹੀ ਇੱਧਰਲੀਆਂ ਉਧਰਲੀਆਂ ਮਾਰੀ ਜਾਂਦਾ ਐ।’ ਦੋ ਲਿਖਤਾਂ ਦਾ ਸਬੂਤ ਇਸ ਰਚਨਾ ਨਾਲ ਇਸ ਕਰਕੇ ਦੇ ਰਿਹਾਂ ਕਿ ਜਿਸ ਸ਼ਿੰਦੇ ਦੀ ਹਰ ਸੰਗੀਤਕ ਘਟਨਾ, ਫਿਲਮੀ ਪ੍ਰਾਪਤੀ ਅਤੇ ਮਾਣ ਸਨਮਾਨ ਨੂੰ ਮੈਂ ਫਲੈਸ਼ ਕਰਦਾ ਰਿਹਾ ਹਾਂ, ਉਹੀ ਸ਼ਿੰਦਾ ਤਿੰਨ ਦਹਾਕਿਆਂ ਦੀ ਦੋਸਤੀ ਨੂੰ ਇਕ ‘ਜਿਊਣੇ ਮੌੜ’ ਦੀ ਘਟਨਾ ਨਾਲ ਜੋੜ ਕੇ ਜਾਂ ਮੇਰੇ ਮਾਣਕ ਨਾਲ ਖੜ੍ਹੇ ਹੋਣ ਦੀ ਕਹਾਣੀ ਨੂੰ ਬਿਆਨ ਕੇ ਦੋਸਤੀ ਨੂੰ ਦਾਅ ‘ਤੇ ਵੀ ਲਾ ਸਕਦਾ ਹੈ, ਇਸੇ ਕਰਕੇ ਮੈਂ ਸ਼ਿੰਦੇ ਦੀ ਗੱਲ ਕਰਨ ‘ਚ ਬਹੁਤ ਦੇਰ ਕੀਤੀ ਹੈ। ਗੱਲ ਇਸ ਕਰਕੇ ਕਰਨ ਲੱਗਾ ਹਾਂ ਕਿ ਪੰਜਾਬੀ ਗਾਇਕੀ ਦਾ ਢਾਈ ਦਹਾਕਿਆਂ ਦਾ ਇਤਿਹਾਸ ਮੇਰੇ ਨਾਲ ਜੁੜਿਆ ਹੋਇਆ ਹੈ। ਜੇ ਸ਼ਿੰਦੇ ਦੀ ਗੱਲ ਨਾ ਕੀਤੀ ਤਾਂ ਗਾਇਕੀ ਦਾ ਇਤਿਹਾਸ ਪੂਰਾ ਨਹੀਂ ਮੰਨਿਆ ਜਾਵੇਗਾ। ਹਾਂ! ਮੈਂ ਇਹ ਜ਼ਰੂਰ ਕਹਿੰਦਾ ਰਹਾਂਗਾ ਕਿ ਅਸੀਂ ‘ਕੱਠਿਆਂ ਨੇ ਦਾਰੂ ਬੜੀ ਪੀਤੀ, ਉਹ ਪਿੰਡ ਭੌਰੇ ਮੇਰੇ ਨਵੇਂ-ਪੁਰਾਣੇ ਘਰ ਬੜੀ ਵਾਰ ਆਇਆ। ਕਿਤੇ ਵੀ ਸਾਡੀ ਦੋਸਤੀ ‘ਚ ਤ੍ਰੇੜ ਨਹੀਂ ਪਈ। ਨਾ ਮੈਂ ਲਿਖਿਆ, ਨਾ ਮੈਂ ਸ਼ਿੰਦੇ ਨੂੰ ਮਾੜਾ ਕਿਹਾ ਪਰ ਉਹ ਸਿਆਣਾ ਤੇ ਜ਼ਿੰਮੇਵਾਰ ਹੋ ਕੇ ਏਦਾਂ ਕਿਉਂ ਕਰ ਗਿਆ, ਮੈਨੂੰ ਨਹੀਂ ਪਤਾ!
ਮੈਂ ਇਹ ਕਹਿਣ ‘ਚ ਵੀ ਬੁਰਾ ਨਹੀਂ ਮਨਾਉਂਦਾ ਕਿ ਦੋ ਕੁ ਸਾਲ ਪਹਿਲਾਂ ਸ਼ਿਕਾਗੋ ਇਕ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ‘ਤੇ ਸ਼ਿੰਦੇ ਦਾ ਅਖਾੜਾ ਸੀ। ਉਹਨੇ ਆਪਣੇ ਰਵਾਇਤੀ ਅੰਦਾਜ਼ ਵਿਚ ਜੰਮ ਕੇ ਗਾਇਆ। ਅੱਧ ਕੁ ਜਿਹੇ ਜਾ ਕੇ ਜਦੋਂ ਉਹਨੇ ਆਪ ਹੀ ਆਪਣੇ ਪੁੱਤਰ ਮਨਿੰਦਰ ਸ਼ਿੰਦਾ ਨੂੰ ਵੱਡਾ ਗਾਇਕ ਬਣਾ ਕੇ ਪੇਸ਼ ਕੀਤਾ ਤਾਂ ਅਖਾੜਾ ਉਖੜ ਗਿਆ ਤੇ ਉਹ ਮੰਨ ਵੀ ਗਿਆ ਬਾਅਦ ਵਿਚ। ਸੱਚ ਵੀ ਇਹ ਆ ਕਿ ਸੁਰਿੰਦਰ ਸ਼ਿੰਦਾ, ਇੱਕ ਹੈ, ਇੱਕ ਸੀ ਤੇ ਇੱਕ ਰਹੇਗਾ। ਕਿਸੇ ਦੇ ਨਾਂ ਮਗਰ ‘ਸ਼ਿੰਦਾ’ ਲਿਖ ਕੇ ਸੁਰਿੰਦਰ ਸ਼ਿੰਦੇ ਵਾਲੀ ਗੱਲ ਨਹੀਂ ਬਣਦੀ, ਭਾਵੇਂ ਉਹ ਉਸ ਦਾ ਪੁੱਤਰ ਹੀ ਕਿਉਂ ਨਾ ਹੋਵੇ। ਇਹ ਵਾਹ ਉਹਨੇ ਆਪਣੇ ਪੁੱਤਰ ਬਾਰੇ ਲਾ ਕੇ ਵੇਖ ਵੀ ਲਈ ਹੈ।
ਖੈਰ! ਕਈ ਮਾਮਲਿਆਂ ਵਿਚ ਸ਼ਿੰਦਾ ਮੈਥੋਂ ਤੇ ਮੈਂ ਸ਼ਿੰਦੇ ਤੋਂ ਵਿਚਾਰਧਾਰਕ ਤੌਰ ‘ਤੇ ਦੂਰ ਹੋ ਗਏ ਹੋ ਸਕਦੇ ਹਾਂ ਪਰ ਤੀਹਾਂ ਸਾਲਾਂ ਦੀ ਸਾਡੀ ਯਾਰੀ, ਮੁਹੱਬਤ, ਸੱਚੀਂ-ਮੁੱਚੀਂ ਹੀ ਅੰਕੜਾ ਬਣੀ ਰਹੇਗੀ ਕਿ ਮੈਂ ਆਪਣੇ ਸੁਭਾਅ ਮੁਤਾਬਿਕ ਸ਼ੀਸ਼ਾ ਘੱਟ ਅਤੇ ਆਪਣੇ ਆਪ ਨੂੰ ਵੱਧ ਵੇਖਦਾ ਹਾਂ।

2016-05-31
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)