Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਦੇਸ਼ ਕੀ ਬੇਟੀ \\\'ਗੀਤਾ\\\' - ਮਿੰਟੂ ਬਰਾੜ.
ਪਿਛਲੇ ਕੁੱਝ ਕੁ ਹਫ਼ਤਿਆਂ ਤੋਂ ਜਦੋਂ ਵੀ ਟੀ ਵੀ ਲਾਈਦਾ ਹੈ ਤਾਂ ਮੁੜ-ਘੁੜ \'ਦੇਸ਼ ਕੀ ਬੇਟੀ ਗੀਤਾ\' ਦੀ ਖ਼ਬਰ ਸੁਣਨ ਦੇਖਣ ਨੂੰ ਮਿਲ ਰਹੀ ਹੈ। ਇਸ ਮਸਲੇ ਤੇ ਗੱਲ ਕਰਨ ਤੋਂ ਪਹਿਲਾਂ ਜੇ ਇਹ ਜਾਣ ਲਿਆ ਜਾਵੇ ਕਿ ਇਹ ਗੀਤਾ ਹੈ ਕੋਣ, ਤਾਂ ਸੁਖਾਲਾ ਰਹੇਗਾ। ਚੌਦਾ ਕੁ ਸਾਲ ਪਹਿਲਾਂ ਭਾਰਤ ਤੋਂ ਪਾਕਿਸਤਾਨ ਜਾਂਦੀ ਸਮਝੌਤਾ ਐਕਸਪ੍ਰੈੱਸ ਨਾਂ ਦੀ ਰੇਲ ਗੱਡੀ ਰਾਹੀਂ ਇਹ ਕੁੜੀ ਪਤਾ ਨਹੀਂ ਕਿਵੇਂ ਪਾਕਿਸਤਾਨ ਪਹੁੰਚ ਗਈ। ਜਨਮ ਤੋਂ ਹੀ ਸੁਣਨ ਅਤੇ ਬੋਲਣ \'ਚ ਅਸਮਰਥ ਹੋਣ ਕਾਰਨ ਕਿਸੇ ਤੋਂ ਗੁੱਥੀ ਸੁਲਝੀ ਨਹੀਂ ਤਾਂ ਇਸ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਮੰਗਤੇ ਅਤੇ ਵਿਚਾਰਾਂ ਦੇ ਧਨੀ \'ਬਾਬਾ ਈਦੀ\' ਨੇ ਹੋਰ ਹਜ਼ਾਰਾ ਬੇਸਹਾਰਾ ਵਾਂਗ ਆਪਣੀ \'ਈਦੀ ਫਾਊਂਡੇਸ਼ਨ\' \'ਚ ਥਾਂ ਦੇ ਦਿਤੀ। ਜਿਵੇਂ-ਤਿਵੇਂ ਇਸ ਕੁੜੀ ਦਾ ਈਦੀ ਫਾਊਂਡੇਸ਼ਨ \'ਚ ਤਕਰੀਬਨ ਡੇਢ ਦਹਾਕਾ(ਚੌਦਾ ਸਾਲ) ਗੁਜ਼ਰ ਗਿਆ। ਫੇਰ ਅਚਾਨਕ ਚਾਰ ਕੁ ਮਹੀਨੇ ਪਹਿਲਾਂ ਸਲਮਾਨ ਖ਼ਾਨ ਦੀ ਇਕ ਫ਼ਿਲਮ ਆਈ \'ਬਜਰੰਗੀ ਭਾਈ ਜਾਨ\' ਜਿਸ ਨੇ ਟਿਕਟ ਖਿੜਕੀ ਤੇ ਤਾਂ ਰੰਗ ਬੰਨ੍ਹਿਆ ਹੀ ਨਾਲ-ਨਾਲ \'ਗੀਤਾ\' ਨੂੰ ਵੀ ਚਰਚਾ \'ਚ ਲੈ ਆਂਦਾ। ਫ਼ਿਲਮ \'ਚ ਭਾਵੇਂ ਇਕ ਭਾਰਤੀ ਹੀਰੋ ਇਕ ਪਾਕਿਸਤਾਨੀ ਬੱਚੀ ਨੂੰ ਆਪਣੇ ਟਿਕਾਣੇ ਤੇ ਪਹੁੰਚਾਉਣ \'ਚ ਕਾਮਯਾਬ ਹੁੰਦਾ ਹੈ ਪਰ ਅਸਲੀ ਜ਼ਿੰਦਗੀ \'ਚ ਇਸ ਦੇ ਬਿਲਕੁਲ ਉਲਟ ਵਰਤਾਰਾ ਦੇਖਣ ਨੂੰ ਮਿਲਿਆ। ਇਸ ਅਸਲੀ ਕਹਾਣੀ \'ਚ ਕਰੈਡਿਟ ਇਕ ਹੀਰੋਇਨ ਦੇ ਹੱਥ ਆਇਆ।
ਜੀ ਹਾਂ! ਉਹ ਘੱਟ ਨਹੀਂ ਹਨ ਕਿਸੇ ਹੀਰੋਇਨ ਤੋਂ। ਕਾਫ਼ੀ ਸਟਾਲਿਸ਼ ਹਨ, ਚਰਚਾ \'ਚ ਰਹਿੰਦੇ ਹਨ ਤੇ ਪਿਛਲੇ ਤਕਰੀਬਨ ੨੫-੩੦ ਸਾਲਾਂ ਤੋਂ ਰਾਜਨੀਤੀ \'ਚ ਮਕਬੂਲ ਰਹੇ ਹਨ ਤੇ ਅੱਜ ਕੱਲ੍ਹ ਭਾਰਤ ਦੇ \'ਨਾਂ\' ਦੇ ਵਿਦੇਸ਼ ਮੰਤਰੀ ਦੇ ਤੌਰ ਤੇ ਆਪਣੀ ਭੂਮਿਕਾ ਨਿਭਾ ਰਹੇ ਹਨ। \'ਨਾਂ ਦੇ\' ਇਸ ਲਈ ਲਿਖਿਆ ਕਿਉਂਕਿ ਉਨ੍ਹਾਂ ਦੇ ਕਰਨ ਲਈ ਮਾਨਯੋਗ ਪ੍ਰਧਾਨ ਮੰਤਰੀ ਘੱਟ ਹੀ ਕੰਮ ਛੱਡਦੇ ਹਨ। ਹਾਂ ਇਕ ਗੱਲ ਸਾਬਤ ਹੋ ਚੁੱਕੀ ਹੈ ਕਿ ਮਾਣਯੋਗ ਸ਼੍ਰੀਮਤੀ ਸੁਸ਼ਮਾ ਸਵਰਾਜ ਇਨਸਾਨੀਅਤ ਦੀ ਇਕ ਜਿਉਂਦੀ ਜਾਗਦੀ ਅਖੌਤੀ ਮੂਰਤ ਹੋ ਨਿੱਬੜੇ ਹਨ। ਪਿਛਲੇ ਕੁੱਝ ਕੁ ਮਹੀਨੇ ਪਹਿਲਾਂ ਇਹਨਾਂ ਵੱਲੋਂ ਨਿਭਾਈ ਲਲਿਤ ਮੋਦੀ ਲਈ ਇਨਸਾਨੀਅਤ ਨੇ ਦੇਸ਼ ਦੀ ਸੰਸਦ ਤੱਕ ਦੇ ਬਰੇਕ ਲਾ ਦਿੱਤੇ ਸਨ ਤੇ ਪਤਾ ਨਹੀਂ ਕਿੰਨੇ ਕੁ ਦਾ ਘਾਟਾ ਪਿਆ ਦੇਸ਼ ਨੂੰ! ਮੇਰੇ ਵਰਗੇ ਦੇ ਹਿਸਾਬ ਤੋਂ ਬਾਹਰ ਦੀ ਗੱਲ ਹੈ।
ਹੁਣ ਦੂਜੀ ਬਾਰ ਉਨ੍ਹਾਂ ਨੇ ਇਕ ਵਿਦੇਸ਼ ਮੰਤਰੀ ਦੇ ਤੌਰ ਤੇ ਜੋ ਮਾਰ੍ਹਕਾ ਮਾਰਿਆ ਉਹ ਹੈ \'ਗੀਤਾ\' ਨੂੰ ਆਪਣੇ ਮੁਲਕ ਲਿਆਉਣ ਦਾ। ਜਿਸ ਵਿਚ ਉਹ ਕਾਮਯਾਬ ਵੀ ਹੋਏ ਹਨ। ਇਕ ਚੰਗਾ ਕਾਰਜ ਕੀਤਾ ਇਕ ਅਪਾਹਜ ਬੱਚੀ ਨੂੰ \'ਦੇਸ਼ ਦੀ ਬੇਟੀ\' ਤੱਕ ਦੇ ਰੁਤਬੇ \'ਤੇ ਪਹੁੰਚਾਇਆ। ਇਕ ਨੈਸ਼ਨਲ ਪ੍ਰੈੱਸ ਕਾਨਫਰੈਂਸ ਜਰੀਏ ਗੀਤਾ ਨੂੰ ਇੰਡੀਆ ਦੇ ਮੇਨ ਸਟਰੀਮ ਮੀਡੀਆ ਦੇ ਰੂਬਰੂ ਖ਼ੁਦ ਸੁਸ਼ਮਾ ਜੀ ਦਾ ਕਰਨਾ, ਫੇਰ ਇਸ ਖ਼ਾਸ ਮਹਿਮਾਨ ਲਈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਮਿਲਣੀ, ਦਿੱਲੀ ਦੇ ਮੁੱਖ ਮੰਤਰੀ ਜੀ ਵੱਲੋਂ, ਇਸ ਦੌਰਾਨ ਭਾਜਪਾ ਨਾਲ ਲੱਖ ਮਤਭੇਦ ਹੋਣ ਦੇ ਬਾਵਜੂਦ ਗੀਤਾ ਦਾ ਸਵਾਗਤ ਕਰਨਾ। ਇਕ ਵਿਦੇਸ਼ ਮੰਤਰੀ ਜੀ ਵੱਲੋਂ ਗੀਤਾ ਨੂੰ ਛੱਡਣ ਆਏ ਮਹਿਮਾਨਾਂ ਨੂੰ ਰਾਜਕੀਆ ਮਹਿਮਾਨਾਂ ਦਾ ਦਰਜਾ ਦੇਣਾ। ਉਨ੍ਹਾਂ ਨੂੰ ਘੁਮਾਉਣ ਫਿਰਾਉਣ ਲਈ ਸਰਕਾਰੀ ਇੰਤਜ਼ਾਮ ਆਦਿ ਨਾਲ ਗੀਤਾ ਦੀ ਇਹ ਘਰ ਵਾਪਸੀ ਇਕ ਇਤਿਹਾਸਿਕ ਘਟਨਾ ਹੋ ਨਿੱਬੜੀ ਹੈ।
ਸੋ ਪ੍ਰਸ਼ੰਸਾ ਕਰਨੀ ਬਣਦੀ ਹੈ। ਪ੍ਰਸ਼ੰਸਾ ਕਿਉਂ ਕਰਨੀ ਬਣਦੀ ਹੈ ਕਿਉਂਕਿ ਸਿਆਣਿਆਂ ਨੇ ਕਿਹਾ ਜੋ ਇਨਸਾਨ ਨਿੱਕੀਆਂ ਨਿੱਕੀਆਂ ਗੱਲਾਂ ਲਈ ਲਾਪਰਵਾਹ ਹੁੰਦਾ ਉਹ ਵੱਡੇ ਕੰਮਾਂ ਵਿਚ ਵੀ ਕਾਮਯਾਬ ਨਹੀਂ ਹੁੰਦਾ। ਦੇਖੋ ਸਾਡੇ ਮੁਲਕ ਦੇ ਹਾਕਮ ਇਕ ਗ਼ਰੀਬ ਜਿਹੀ ਅਪਾਹਜ ਲੜਕੀ ਲਈ ਕਿੰਨੇ ਚਿੰਤਤ ਦਿਸੇ ਤੇ ਕਿੰਨੀ ਤਨਦੇਹੀ ਨਾਲ ਇਸ ਕਾਰਜ \'ਚ ਸਾਰੇ ਸਿਸਟਮ ਨੂੰ ਝੋਕੀਂ ਬੈਠੇ ਹਨ। ਸੋ ਸ਼ਾਬਾਸ਼ ਭਾਈ ਸਰਕਾਰੇ।
ਹੁਣ ਪਾਠਕ ਦੁਚਿੱਤੀ ਹੋਣਗੇ ਕਿ ਇਸ ਸਾਰੇ ਵਰਤਾਰੇ ਨਾਲ ਮੇਰੇ ਕੀ ਭਰਿੰਡ ਲੜ ਗਈ! ਬਿਲਕੁਲ ਦੋਸਤੋ ਇਕੱਲੇ ਮੇਰੇ ਹੀ ਨਹੀਂ ਹਰ ਉਸ ਇਨਸਾਨ ਦੇ ਮਨ ਦੇ ਇਹ ਸਵਾਲ ਹਨ ਜੋ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਉਮੀਦ ਹੈ ਕਿ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ \'ਚ ਕਾਮਯਾਬ ਹੋਵਾਂਗਾ।
ਨਿੱਜੀ ਤੌਰ ਤੇ ਮੈਂ ਗੀਤਾ ਨਾਲ ਹਮਦਰਦੀ ਰੱਖਦਾ ਹਾਂ ਤੇ ਜੇ ਮੈਨੂੰ ਵੀ ਮੌਕਾ ਮਿਲਦਾ ਤਾਂ ਮੈਂ ਵੀ ਇਸ ਕਾਰਜ \'ਚ ਆਪਣਾ ਬਣਦਾ ਯੋਗਦਾਨ ਪਾਉਂਦਾ। ਨਿੱਜੀ ਤੌਰ ਤੇ ਜੇ \'ਈਦੀ ਫਾਊਂਡੇਸ਼ਨ\' ਦੇ ਕਿਸੇ ਜੀਅ ਦੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਉਨ੍ਹਾਂ ਦੇ ਪੈਰਾਂ ਹੇਠ ਆਪਣੀਆਂ ਨਜ਼ਰਾਂ ਵਿਛਾ ਦਿੰਦਾ। ਅੱਗੇ ਵਧਣ ਤੋਂ ਪਹਿਲਾਂ ਦੱਸ ਦੇਵਾ ਕਿ ਜ਼ਿੰਦਗੀ ਵਿਚ ਭਗਤ ਪੂਰਨ ਸਿੰਘ, ਡਾ. ਅਬਦੁਲ ਕਲਾਮ ਅਤੇ ਅਬਦੁਲ ਸਿਤਾਰ ਉਰਫ਼ ਬਾਬਾ ਈਦੀ, ਨੂੰ ਮਿਲਣ ਦੀ ਚਾਹ ਸੀ ਜੋ ਹੁਣ ਕੁੱਝ ਕੁ \'ਸੀ\' ਹੀ ਰਹੇਗੀ। ਜੇ ਹਾਲੇ ਉਮੀਦ ਹੈ ਤਾਂ ਉਨ੍ਹਾਂ ਵਿਚ ਇਕ ਜਨਾਬ \'ਈਦੀ\' ਹਨ ਜੋ ਅੱਜ ਵੀ ੮੭ ਸਾਲ ਦੀ ਉਮਰ \'ਚ ਸਮਾਜ ਭਲਾਈ ਦੀ ਜਿਉਂਦੀ ਜਾਗਦੀ ਮੂਰਤ ਹਨ। ਉਨ੍ਹਾਂ ਦੇ ਕਾਰਜ ਮੈਨੂੰ ਸਦਾ ਉਨ੍ਹਾਂ ਦੇ ਚਰਨ ਛੂਹਣ ਲਈ ਪ੍ਰੇਰਦੇ ਹਨ। ਜਨਾਬ ਈਦੀ ਬਾਰੇ ਜ਼ਿਆਦਾ ਜਾਣਨ ਲਈ ਮੇਰੇ ਉਸਤਾਦ ਜੀ ਸਤਿਕਾਰਯੋਗ ਡਾ. ਹਰਪਾਲ ਸਿੰਘ ਪੁੰਨੂੰ ਜੀ ਦੁਆਰਾ ਲਿਖਿਆ ਲੇਖੁ \'ਈਦੀ\' ਆਨਲਾਈਨ ਉਨ੍ਹਾਂ ਦੀ ਕਿਤਾਬ \'ਪੱਥਰ ਤੋਂ ਰੰਗ ਤੱਕ\' ਵਿਚੋਂ ਪੜ੍ਹਿਆ ਜਾ ਸਕਦਾ ਹੈ।
ਅੱਗੇ ਵਧਣ ਤੋਂ ਪਹਿਲਾਂ ਇਕ ਹੋਰ ਵਰਤਾਰੇ ਤੇ ਚਰਚਾ ਕਰਨੀ ਬਣਦੀ ਹੈ। ਉਹ ਹੈ ਔਕਾਤ। ਭਾਵੇਂ ਇਹ ਸ਼ਬਦ ਉੱਚ ਲੋਕਾਂ ਦੀ ਗੱਲ ਕਰਦਿਆਂ ਵਰਤਣਾ ਵਰਜਿਤ ਹੈ ਪਰ ਕਈ ਬਾਰ ਇਹੋ ਜਿਹੇ ਸ਼ਬਦ ਵਰਤੇ ਬਿਨਾਂ ਲੇਖਕ ਦੀ ਭੜਾਸ ਪੂਰੀ ਤਰ੍ਹਾਂ ਨਹੀਂ ਨਿਕਲਦੀ ਸੋ ਜੇ ਕਿਸੇ ਨੂੰ ਰੁਤਬੇ ਮੁਤਾਬਿਕ ਇਹ ਸ਼ਬਦ ਚੰਗਾ ਨਾ ਲੱਗੇ ਤਾਂ ਉਹ ਇੱਥੇ \'ਸੋਚ\' ਜਾਂ \'ਹੈਸੀਅਤ\' ਸ਼ਬਦ ਦਾ ਇਸਤੇਮਾਲ ਕਰ ਸਕਦਾ ਹੈ। ਅਸੀਂ ਗਲੀਂ ਬਾਤੀ ਲੱਖ ਉੱਚੀ ਸੋਚ ਬਣਾ ਲਈਏ ਪਰ ਸਾਡੀ ਔਕਾਤ ਅਕਸਰ ਝਲਕ ਜਾਂਦੀ ਹੈ। ਜਿਵੇਂ ਕਿ ਇਸ ਵਰਤਾਰੇ \'ਚ ਗੀਤਾ ਨੂੰ ਸਾਂਭਣ ਬਦਲੇ ਪ੍ਰਧਾਨ ਮੰਤਰੀ ਵੱਲੋਂ ਇਕ ਕਰੋੜ ਈਦੀ ਫਾਊਂਡੇਸ਼ਨ ਨੂੰ ਦੇਣ ਦੀ ਪੇਸ਼ਕਸ਼ ਕਰਨਾ। ਇਹ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਂ ਇਕ ਰਾਜੇ ਦੀ ਔਕਾਤ! ਤੇ ਹੁਣ ਇਕ ਮੰਗਤੇ ਦੇ ਤੌਰ ਤੇ ਜਾਣੇ ਜਾਂਦੇ ਬਾਬਾ ਈਦੀ ਦੀ ਸੋਚ ਦੇਖੋ, ਉਨ੍ਹਾਂ ਇਸ ਪੇਸ਼ਕਸ਼ ਨੂੰ ਬੜੀ ਹਲੀਮੀ ਨਾਲ ਇਨਕਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਡੇ ਫ਼ਰਜ਼ ਦਾ ਹਿੱਸਾ ਸੀ ਜੋ ਅਸੀਂ ਪਿਛਲੇ ਤਕਰੀਬਨ ਪੰਜਾਹ ਸਾਲ ਤੋਂ ਨਿਭਾਉਂਦੇ ਆ ਰਹੇ ਹਾਂ। ਜੇ ਸਾਡਾ ਹੰਕਾਰੀ ਰਾਜਾ ਇਹ ਕਹਿ ਕੇ ਸਹਾਇਤਾ ਦੀ ਪੇਸ਼ਕਸ਼ ਕਰਦਾ ਕਿ ਤੁਸੀਂ ਬਹੁਤ ਚੰਗੇ ਕਾਰਜ ਕਰ ਰਹੇ ਹੋ ਇਸ ਲਈ ਅਸੀਂ ਤੁਹਾਨੂੰ ਇਹ ਤੁਛ ਭੇਟਾ ਦੇ ਰਹੇ ਹਾਂ ਤਾਂ ਗੱਲ ਸਮਝ \'ਚ ਆਉਂਦੀ ਸੀ, ਤੇ ਬਾਬਾ ਈਦੀ ਵੀ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲੈਂਦਾ। ਪਰ ਇੱਥੇ ਤਾਂ ਇਹ ਦਿਖਾਇਆ ਜਾ ਰਿਹਾ ਹੈ ਕਿ ਕੋਈ ਨਾ ਤੁਸੀਂ ਸਾਡੀ ਧੀ ਨੂੰ ਪੰਦਰਾਂ ਸਾਲ ਸਾਂਭਿਆ ਆਹ ਚੁੱਕੋ ਉਸ ਦਾ ਕਰੋੜ ਰੁਪਿਆ। ਬੱਸ ਇਹੀ ਹੈ \'ਸੋਚ\' ਤੇ \'ਔਕਾਤ\' ਵਿਚਲਾ ਫ਼ਰਕ। ਬਾਬਾ ਈਦੀ ਦੇ ਮੇਰੇ ਵਰਗੇ ਅਣਗਿਣਤ ਕਾਇਲ ਹਨ। ਪਰ ਅੱਜ ਤੱਕ ਕਦੇ ਮੋਦੀ ਨੂੰ ਮਿਲਣ ਦੀ ਸੋਚ ਸੁਪਨੇ ਵਿਚ ਵੀ ਨਹੀਂ ਆਈ, ਤੇ ਬਾਬਾ ਈਦੀ ਨੂੰ ਮਿਲਣ ਲਈ ਦਿਨ ਰਾਤ ਦਿਲ \'ਚ ਤਾਂਘ ਰਹਿੰਦੀ ਹੈ। ਬਾਬਾ ਈਦੀ ਦੀ ਸੋਚ ਦਾ ਇਕ ਛੋਟਾ ਜਿਹਾ ਨਮੂਨਾ ਸਤਿਕਾਰਯੋਗ ਡਾ. ਪੰਨੂ ਸਾਹਿਬ ਦੇ ਲੇਖ ਵਿਚੋਂ ਸੰਖੇਪ ਵਿਚ ਆਪ ਜੀ ਨਾਲ ਹੋਰ ਸਾਂਝਾ ਕਰ ਰਿਹਾ ਹਾਂ; 
ਕਹਿੰਦੇ ਹਨ ਜਦੋਂ ਜਰਨਲ \'ਜ਼ਿਆ ਉਲ ਹੱਕ\' ਪਾਕਿਸਤਾਨ ਤੇ ਕਾਬਜ਼ ਹੋਇਆ ਸੀ ਤਾਂ ਉਸ ਤਾਨਾਸ਼ਾਹ ਨੇ ਆਪਣੀ ਵਜ਼ਾਰਤ \'ਚ \'ਬਾਬਾ ਈਦੀ\' ਜਿਸ ਨੂੰ ਲੋਕ ਮੰਗਤਾ ਕਹਿੰਦੇ ਤੇ ਸਮਝਦੇ ਸਨ, ਨੂੰ ਸਮਾਜ ਭਲਾਈ ਮੰਤਰੀ ਬਣਾ ਦਿੱਤਾ ਸੀ। ਜਦੋਂ ਜ਼ਿਆ ਉਲ ਹੱਕ ਦੀ ਸੰਸਦ ਦੀ ਪਹਿਲਾ ਇਜਲਾਸ ਹੋਇਆ ਤਾਂ ਉੱਥੇ ਸਾਰੇ ਸਾਂਸਦਾਂ ਨੇ \'ਹੱਕ\' ਦੀ ਖ਼ੁਸ਼ਾਮਦ ਦੇ ਨਾਲ-ਨਾਲ ਗਰਾਂਟਾਂ ਦੇ ਗੱਫੇ ਮੰਗੇ ਤੇ ਈਦੀ ਨੇ ਕੁੱਝ ਅਜਿਹਾ ਭਾਸ਼ਣ ਦਿੱਤਾ ਕਿ ਅੰਤਰਰਾਸ਼ਟਰੀ ਪ੍ਰੈੱਸ ਕਹਿੰਦੀ \'\'ਮੰਗਤਿਆਂ ਦੇ ਇਜਲਾਸ \'ਚ ਇਕ ਈਦੀ ਰੂਪੀ \'ਦਾਤਾ\' ਦੇਖਿਆ।\'\' ਇਤਿਹਾਸ ਗਵਾਹ ਹੈ ਬਾਬਾ ਈਦੀ ਇਹੋ ਜਿਹੇ ਕਈ ਸਰਕਾਰੀ ਕਰੋੜਾਂ ਨੂੰ ਇਨਸਾਨੀਅਤ ਉੱਤੋਂ ਬਾਰ ਚੁੱਕਿਆ ਹੈ।
ਮੁੱਦੇ ਤੇ ਆਉਂਦੇ ਹਾਂ ਕਿ ਸਰਕਾਰ ਲਈ ਸਾਡੇ ਸਵਾਲ ਕੀ ਹਨ;
੧. ਅੱਜ ਗੀਤਾ ਨੂੰ ਤਾਂ ਤੁਸੀਂ ਸਰਕਾਰ ਜੀ ਘਰ ਪੁੱਜਦਾ ਕਰ ਦਿੱਤਾ ਹੈ ਤੇ ਉਨ੍ਹਾਂ ਲੱਖਾਂ ਗੀਤਾਵਾਂ ਬਾਰੇ ਕੀ ਵਿਚਾਰ ਹਨ ਜੋ ਜੰਮਣ ਤੋਂ ਪਹਿਲਾਂ ਮਾਰ ਕੇ ਇਕ ਅਦੁੱਤੀ ਸਚਾਈ \"ਜੋ ਉਪਜੈ ਸੋ ਬਿਨਸਿ\" ਨੂੰ ਝੁਠਲਾ ਦਿਤਾ ਜਾਂਦਾ ਹੈ? ਕਹਿੰਦੇ ਹਨ ਜੋ ਜਨਮ ਲੈਂਦਾ ਉਸ ਦੀ ਮੌਤ ਵੀ ਹੁੰਦੀ ਹੈ ਪਰ ਇੱਥੇ ਤਾਂ ਕਲਜੁਗੀ ਬੰਦਿਆਂ ਨੇ ਜੰਮਣ ਤੋਂ ਪਹਿਲਾਂ ਮੌਤ ਦੇ ਕੇ ਅਦੁੱਤੀ ਸਚਾਈ ਨੂੰ ਬਦਲ ਕੇ ਰੱਖ ਦਿੱਤਾ ਹੈ। ਚਲੋ ਜੇ ਇਹਨਾਂ \'ਚੋਂ ਕੁੱਝ ਬੇਭਾਗੀਆਂ ਇਸ ਬੇਕਸੂਰੀ ਸਜਾ ਤੋਂ ਬੱਚ ਕੇ ਦੁਨੀਆ ਦੇਖਣ \'ਚ ਕਾਮਯਾਬ ਹੋ ਵੀ ਜਾਂਦੀਆਂ ਹਨ ਤਾਂ ਆਪਣੇ ਮੁਲਕ ਵਿਚ ਹੀ ਅਨੇਕਾਂ ਅਨਾਥਾਲਿਆਂ \'ਚ ਰੁਲ ਰਹੀਆਂ ਹਨ, ਕੋਠਿਆਂ \'ਤੇ ਬਿੱਕ ਰਹੀਆਂ ਹਨ, ਪੱਬਾਂ \'ਚ ਨੱਚਣ ਲਈ ਮਜਬੂਰ ਹਨ, ਤੇਜ਼ਾਬ ਦੀ ਮਾਰ ਝੱਲ ਰਹੀਆਂ ਹਨ, ਦਾਜ ਦੀ ਬਲੀ ਚੜ੍ਹ ਰਹੀਆਂ, ਬਾਲ ਵਰੇਸੇ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ ਵਗੈਰਾ-ਵਗੈਰਾ। 
ਇਹ ਲਿਖਦੇ-ਲਿਖਦੇ ਗੂਗਲ ਬਾਬੇ ਤੋਂ ਪੁੱਛ ਕਢਾਈ ਸੀ, ਦਿਲ ਹਿਲਾ ਦੇਣ ਵਾਲੇ ਆਂਕੜੇ ਦੱਸੇ। ਇਕ ਬਾਰ ਤਾਂ ਯਕੀਨ ਨਹੀਂ ਆਇਆ ਕਿ ਇੰਜ ਨਹੀਂ ਹੋ ਸਕਦਾ! ਪਰ ਫੇਰ ਦਿਲ ਨੂੰ ਦਿਲਾਸਾ ਦਿਤਾ ਕਿ ਇਹ ਕਿਹੜਾ ਕਾਲੇ ਇਲਮ ਵਾਲਾ ਬਾਬਾ ਜੋ ਲੋਕਾਂ ਨੂੰ ਲੁੱਟਦਾ। ਇਹ ਤਾਂ ਮੁਫਤੋ ਮੁਫ਼ਤੀ ਸੱਚ ਬਿਆਨਦਾ, ਬਿਨਾਂ ਕਿਸੇ ਲਾਲਚ ਦੇ। ਵੈਸੇ ਮੈਂ ਥੋੜੇ ਜਿਹੇ ਆਂਕੜੇ ਦੇ ਦਿੰਦਾ, ਬਾਕੀ ਤੁਸੀਂ ਆਪ ਗੂਗਲ ਬਾਬੇ ਨੂੰ ਜਦੋਂ ਮਰਜ਼ੀ ਪੁੱਛ ਲਿਉ। ਬਾਬਾ ਦੱਸਦਾ ਹੈ ਕਿ ਭਾਰਤ ਵਿਚ ਹਰ ਰੋਜ ੨੦੦੦ ਬੱਚੀਆਂ ਦਾ ਕੁੱਖ ਤੋਂ ਕਬਰ ਵਿਚਲਾ ਫ਼ਾਸਲਾ ਮਿਟਾ ਦਿੱਤਾ ਜਾਂਦਾ ਹੈ। ਮੈਡੀਕਲ ਜਰਨਲਿਸਟ ਲੈਨਕਟ ਦਾ ਸਰਵੇ ਦੱਸਦਾ ਹੈ ਕਿ ੧੯੮੧ ਤੋਂ ਲੈ ਕੇ ੨੦੧੧ ਤੱਕ ੧੨ ਮਿਲੀਅਨ ਕੁੜੀਆਂ ਨੂੰ ਕਲਯੁਗ ਨਹੀਂ ਦੇਖਣ ਦਿਤਾ ਸਤਯੁਗੀ ਸੋਚ ਵਾਲੇ ਬੰਦਿਆਂ ਨੇ।
ਭਾਵੇਂ ਆਸਟ੍ਰੇਲੀਆ ਵਰਗੇ ਮੁਲਕ ਵਿਚ ਰਜਾਈ \'ਚ ਬੈਠਾ ਮਿੰਟੂ ਬਰਾੜ ਰਜਾਈ ਜਰਨਲਿਜ਼ਮ ਕਰ ਰਿਹਾ ਹੋਵੇ ਪਰ ਇਹ ਆਂਕੜੇ ਦੇਸ਼ ਦੇ \'ਔਰਤਾਂ ਅਤੇ ਬੱਚਿਆ ਦੀ ਵਿਕਾਸ ਮੰਤਰੀ\' ਦੇ ਬਿਆਨ \'ਤੇ ਆਧਾਰਿਤ ਹਨ। ਬਲਾਤਕਾਰ ਮਾਮਲਿਆਂ \'ਚ ਸਾਡਾ ਮੁਲਕ ਹਰ ਸਾਲ ਤਕਰੀਬਨ ੨੪੦੦੦ ਦੇ ਕਰੀਬ ਮਾਮਲਿਆਂ ਨਾਲ ਦੁਨੀਆ \'ਚ ਚੌਥੇ ਨੰਬਰ ਤੇ ਹੈ। ਇੱਥੇ ਮੈਂ ਗਿਲਾ ਕਰਾਂਗਾ ਉਨ੍ਹਾਂ ਲੋਕਾਂ ਨਾਲ ਜੋ ਇਹ ਪੀੜਾ ਆਪਣੇ \'ਤੇ ਝੱਲ ਲੈਂਦੇ ਹਨ ਤੇ ਇੱਜ਼ਤ ਦੀਆਂ ਧੱਜੀਆਂ ਉਡਣ ਤੋਂ ਬਚਣ ਲਈ ਚੁੱਪਚਾਪ ਸਹਿਣ ਕਰ ਲੈਂਦੇ ਹਨ ਨਹੀਂ ਤਾਂ ਮੇਰਾ ਭਾਰਤ ਮਹਾਨ ਇਸ ਕਾਰੇ \'ਚ ਵੀ ਪਹਿਲੇ ਪਾਇਦਾਨ ਤੇ ਖੜ੍ਹਾ ਹੋਣਾ ਸੀ। ਪਰਵਾਰਿਕ ਹਿੰਸਾ ਆਦਿ ਨੂੰ ਤਾਂ ਛੱਡੀਏ ਲੇਖ ਲੰਮਾ ਹੋ ਜਾਣਾ।
੨. ਜੰਗੀ ਫ਼ੌਜੀਆਂ ਬਾਰੇ ਕੀ ਕਹੋਗੇ ਜੋ ੧੯੬੫ ਅਤੇ ੧੯੭੧ ਤੋਂ ਲੈ ਕੇ ਅੱਜ ਤੱਕ ਪਾਕਿਸਤਾਨੀ ਜੇਲ੍ਹਾਂ \'ਚ ਸੁਲਗ ਰਹੇ ਹਨ?
੩. ਕਿ ਕਹੋਗੇ ਇਰੋਮ ਸ਼ਰਮੀਲਾ ਬਾਰੇ ਜਿਹੜੀ ੧੨ ਸਾਲਾਂ ਤੋਂ ਆਪਣੇ ਲਈ ਨਹੀਂ ਮੁੱਦਿਆਂ ਲਈ ਭੁੱਖ ਹੜਤਾਲ ਤੇ ਬੈਠੀ ਹੈ?
੪. ਬਾਪੂ ਸੂਰਤ ਸਿੰਘ ਵੀ ਭੁੱਖ ਹੜਤਾਲ ਦੇ ਛੇ ਮਹੀਨੇ ਪਾਰ ਕਰ ਗਏ। ਸਜਾ ਭੁਗਤ ਚੁੱਕਿਆਂ ਤੇ ਕਦੋਂ ਰਹਿਮ ਕਰੋਗੇ ਜੀ ਉਨ੍ਹਾਂ ਦੇ ਪਰਵਾਰ ਨਾਲ ਮਿਲਾਉਣ ਦਾ?
੫. ਕਦੇ ਸੋਚਿਆ ਇਕ ਭਾਰਤ ਦੀ ਬੇਟੀ \'ਬੀਬਾ ਜਗਦੀਸ਼ ਕੌਰ\' ਦਿੱਲੀ ਕਤਲੇਆਮ ਦੇ ੩੧ ਸਾਲਾਂ ਤੋਂ ਇਨਸਾਫ਼ ਨੂੰ ਭਟਕਦੀ \'ਮਾਤਾ ਜਗਦੀਸ਼ ਕੌਰ\' ਬਣ ਚੁੱਕੀ ਹੈ?
੬. ਸੁਸ਼ਮਾ ਜੀ! ਬਿਲਕੁਲ ਈਦੀ ਫਾਊਂਡੇਸ਼ਨ ਵਾਂਗ ਇਕ ਪਿੰਗਲਵਾੜੇ ਨਾਂ ਦੀ ਸੰਸਥਾ ਵੀ ਚਲਦੀ ਹੈ ਗੁਰੂ ਕੀ ਨਗਰੀ \'ਚ। ਇਕ ਗ਼ਰੀਬ ਜਿਹਾ, ਪਰ ਵਿਚਾਰਾ ਨਹੀਂ, \'ਭਗਤ ਪੂਰਨ ਸਿੰਘ\' ਨੇ ਸ਼ੁਰੂ ਕੀਤੀ ਸੀ। ਮੈਂ ਸੋਚਿਆ ਦੱਸ ਦੇਵਾ ਸ਼ਾਇਦ ਆਪ ਜੀ ਦੀ ਨਜ਼ਰੀਂ ਨਾ ਪਈ ਹੋਵੇ ਹਾਲੇ। ਕਦੇ ਫ਼ੁਰਸਤ ਮਿਲੀ ਉੱਥੇ ਜਾਣ ਦੀ?
੭. ਬਜਰੰਗੀ ਭਾਈ ਜਾਨ ਭਾਵੇਂ ਸੁਪਰ ਹਿੱਟ ਫ਼ਿਲਮ ਰਹੀ। ਪਰ ਕੁਲ ਚਾਰ ਕੁ ਹਫ਼ਤੇ ਚਰਚਾ \'ਚ ਰਹੀ। ਸੋ ਸਰਕਾਰ ਜੀ ਗੀਤਾ ਵਾਲਾ ਐਪੀਸੋਡ ਤੋਂ ਜੇ ਵਿਹਲੇ ਹੋਵੋ ਤਾਂ ਵਿਚਾਰੇ ਸਾਹਿੱਤਕਾਰ ਜੋ ਭਾਵੇਂ ਦੇਰੀ ਨਾਲ ਸਹੀ ਪਰ ਜਾਗੇ ਤਾਂ ਹਨ ਦੀ ਸਾਰ ਲੈਣ ਬਾਰੇ ਕੀ ਵਿਚਾਰ ਹਨ?
੮. ਸਰਕਾਰ ਜੀ ਆਪ ਜੀ ਦੇ ਇਕ ਮੰਤਰੀ ਨੇ ਪਿਛਲੇ ਦਿਨੀਂ ਇਕ ਦਲਿਤ ਪਰਵਾਰ ਦੇ ਬੱਚਿਆਂ ਨੂੰ ਜਿੰਦਾ ਸਾੜਨ ਦੀ ਘਟਨਾ ਤੇ ਪ੍ਰੈੱਸ ਮੂਹਰੇ ਇਹ ਕਿਹਾ ਸੀ ਕਿ ਜੇ ਕੋਈ ਕੁੱਤਾ ਵੀ ਮਰ ਜਾਵੇ ਤਾਂ ਸਰਕਾਰ ਦੇ ਨਾਂ ਲਾ ਦਿੰਦੇ ਹੋ। ਇਹ ਵੱਖਰੀ ਗੱਲ ਹੈ ਕਿ ਵਕਤ ਨਾਲ ਉਨ੍ਹਾਂ ਆਪਣੇ ਸ਼ਬਦ ਵਾਪਸ ਲੈ ਲਏ। ਸੋ ਗੀਤਾ ਵਾਂਗ ਹੋਰ ਵੀ ਬਹੁਤ ਸਾਰੀਆਂ ਜਿੰਦਾ ਤਾਜ ਮਹਿਲ ਦੇ ਦਰਸ਼ਨਾਂ ਦੇ ਅਭਿਲਾਸ਼ੀ ਹਨ।
੯. ਰੋਜੀ ਰੋਟੀ ਲਈ ਲੱਖਾਂ ਧੀਆਂ-ਪੁੱਤਾਂ ਨੇ ਜੋ ਦੇਸ਼ ਤੋਂ ਮੁੱਖ ਮੋੜਿਆ ਉਨ੍ਹਾਂ ਦੀ ਵੀ ਸਾਰ ਕਦੋਂ ਲੈਣੀ ਹੈ?
ਮਸਲੇ ਅਣਗਿਣਤ ਹਨ ਪਰ ਸਰਕਾਰ ਜੀ ਆਪ ਜੀ ਦਾ ਵਕਤ ਬਹੁਤ ਕੀਮਤੀ ਹੈ ਕਿਉਂਕਿ ਆਪ ਜੀ ਨੇ ਹਾਲੇ ਕਾਲਾ ਧਨ ਵੀ ਢੋਹਣਾਂ ਹੋਣਾ ਕਿਉਂ ਜੋ ਲੰਮੇ ਚਿਰ ਤੋਂ ਵਿਦੇਸ਼ ਦੀ ਮੰਡੀ \'ਚ ਕਿਰਸਾਨਾ ਦੀ ਫ਼ਸਲ ਵਾਂਗ ਰੜੇ ਮੈਦਾਨ \'ਚ ਪਿਆ ਹੋਣਾ, ਹੋਰ ਨਾ ਕਿਤੇ ਸਿਉਂਕ ਲੱਗ ਜੇ। ਬਾਕੀ ਆਪ ਜੀ ਨੇ ਚਿੱਟੇ ਮਛਰ ਦੀ ਮਾਰ \'ਚ ਆਏ ਕਿਰਸਾਨਾ ਦੀ ਫ਼ਸਲ ਦੇ ੨੫-੨੫ ਰੁਪਿਆਂ ਦੇ ਚੈੱਕ ਵੀ ਵੰਡਣੇ ਹਨ। ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਨੂੰ ਸਬਕ ਵੀ ਸਿਖਾਉਣਾ ਹੋਣਾ। ਨਵੀਆਂ ਨਵੀਆਂ ਜੈਕਟਾਂ ਸਮਾਉਣ ਲਈ ਵੀ ਵਕਤ ਚਾਹੀਦੇ ਹੋਣਾ। ਹੋਰ ਹਰ ਮਹੀਨੇ ਰੇਡੀਉ ਤੇ ਪੁਰਾਣੀ ਜਾਕਟ ਪਾ ਕੇ ਥੋੜ੍ਹਾ \'ਮਨ ਕੀ ਬਾਤ\' ਕੀਤੀ ਜਾ ਸਕਦੀ ਆ। ਕੀ ਹੋਇਆ ਰੇਡੀਉ ਆ ਫੇਰ ਵੀ ਸੋਸ਼ਲ ਮੀਡੀਆ ਰਾਹੀਂ ਫ਼ੋਟੋਆਂ ਵੀ ਤਾਂ ਜਾਂਦੀਆਂ ਹਨ। ਬਾਕੀ ਇੱਕ ਗੱਲ ਪੱਕੀ ਹੈ ਕਿ ਸੈਲਫੀ ਵੀ ਓਥੇ ਸੋਹਣੀ ਆਉਂਦੀ ਹੈ ਜਿੱਥੇ ਤਾਜ਼ਗੀ ਹੋਵੇ ਸੋ ਸਰਕਾਰ ਜੀ ਵਿਦੇਸ਼ੀ ਦੌਰੇ ਵੀ ਇਸ ਲਈ ਬਹੁਤ ਜ਼ਰੂਰੀ ਹਨ। ਹਾਂ ਨਾਲੇ ਮੈਨੂੰ ਪਤਾ ਲੱਗਿਆ ਕਿ ਆਪਣਾ ਉਹ ਫੇਸਬੁੱਕ ਵਾਲਾ ਮਾਰਕ ਜਕਰਬੁਰਗ ਵੀ ਭਾਰਤ ਆਇਆ ਹੋਇਆ। ਉਸ ਨੂੰ ਵੀ ਤਾਂ ਤਾਜ ਮਹਿਲ ਦਿਖਾ ਕੇ ਲਿਆਉਣਾ ਪੈਣਾ। ਆਖ਼ਿਰ ਤੇਰਾਂ ਕਰੋੜ ਭਾਰਤੀਆਂ ਦਾ ਮਨੋਰੰਜਨ ਕਰ ਰਿਹਾ ਉਹ ਬੰਦਾ, ਤੇ ਉਹ ਨੇ ਅਮਰੀਕਾ ਗਈ ਸਰਕਾਰ ਨਾਲ ਵੀ ਸੈਲਫੀ ਖਿਚਵਾਈ ਸੀ। ਪਰ ਉਸ ਨੂੰ ਥੋੜ੍ਹਾ ਜਿਹਾ ਉਲਾਂਭਾ ਦੇਣਾ ਬਣਦਾ ਸਰਕਾਰ ਜੀ। ਉਸ ਨੇ ਜਿਹੜੀ ਸੈਲਫੀ ਉਸ ਵਕਤ ਆਪ ਜੀ ਨਾਲ ਖਿੱਚੀ ਸੀ ਉਹ ਆਪਣੇ ਪੇਜ ਤੇ ਨਹੀਂ ਸਾਂਝੀ ਕੀਤੀ ਸੋ ਦੱਸ ਦਿਓ ਉਨ੍ਹਾਂ ਨੂੰ ਵੀ ਸਾਡੇ ਕੋਲ ਟਵਿਟਰ ਤੇ ਵੀ ਬਹੁਤ ਫੌਲੋਅਰ ਹਨ।
ਮੁੱਕਦੀ ਗੱਲ ਸਰਕਾਰ ਜੀ ਆਪ ਜੀ ਕੋਲ ਕਰਨ ਨੂੰ ਬਹੁਤ ਸਾਰੇ ਕੰਮ ਹਨ ਸੋ ਇਹੋ ਜਿਹੇ ਕੰਮ ਲਈ ਤਾਂ ਸਮਾਜਸੇਵੀ ਸੰਸਥਾਵਾਂ ਦੀ ਪਿੱਠ ਤੇ ਹੱਥ ਧਰ ਦਿਓ ਇੱਥੇ ਵੀ ਬਹੁਤ ਸਾਰੀਆਂ ਈਦੀ ਫਾਊਂਡੇਸ਼ਨਾਂ ਹੋਂਦ \'ਚ ਹਨ, ਤੇ ਆ ਸਕਦੀਆਂ ਹਨ। ਕੁੱਝ ਪਲ ਦੇ ਕਰੈਡਿਟ ਲਈ ਇਕ ਗ਼ਰੀਬ ਬੱਚੀ ਨੂੰ ਜਰੀਆ ਨਾ ਬਣਾਓ। ਚਾਰ ਦਿਨਾਂ ਨੂੰ ਦੇਸ਼ ਕੀ ਬੇਟੀ ਗੀਤਾ ਕਿਸੇ ਸੜਕ ਕਿਨਾਰੇ ਰੋੜੀ ਕੁੱਟਦੀ ਚੰਗੀ ਨਹੀਂ ਲੱਗਣੀ।
ਅੰਤ \'ਚ ਸਰਕਾਰ ਜੀ ਦੇਸ਼ ਕੀ ਬੇਟੀ ਗੀਤਾ ਨੂੰ ਮੇਰਾ ਸੁਨੇਹਾ ਲਾ ਦਿਓ ਵੀ ਗੀਤਾ ਪੁੱਤ ਲੈ ਲਾ ਨਜ਼ਾਰੇ ਜਿਹੜੇ ਚਾਰ ਦਿਨ ਲੈਣੇ ਹਨ। ਆਹ ਡੀ.ਐਨ.ਏ. ਟੈੱਸਟ ਆ ਜਾਣ ਦਿਓ, ਛੱਡ ਆਉਣਗੇ ਗ਼ਰੀਬ ਮਾਪਿਆਂ ਦੇ ਘਰ, ਕਿਸੇ ਸੜਕ ਕਿਨਾਰੇ, ਰੋੜੀ ਕੁੱਟਣ ਨੂੰ ਤੇ ਫੇਰ ਯਾਦ ਕਰੇਗੀ ਮਾਤਾ ਬਿਲਕੀਸ ਤੇ ਬਾਬਾ ਈਦੀ ਨਾਲ ਗੁਜ਼ਾਰੇ ਦਿਨ।
2015-11-08
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)