Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
to ਯਮਲਾ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਤੋਰ ਰਿਹੈ ਵਿਜੇ ਯਮਲਾ - ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ).

ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦਾ ਨਾਂ ਜ਼ੁਬਾਨ \'ਤੇ ਆਉਂਦਿਆਂ ਹੀ ਕੰਨਾਂ ਵਿੱਚ ਤੂੰਬੀ ਦੀ ਟੁਣਕਾਰ ਮਹਿਸੂਸ ਹੋਣ ਲਗਦੀ ਹੈ। ਲੰਮੇ ਤੁਰਲੇ ਵਾਲੀ ਚਿੱਟੀ ਪੱਗ ਬੰਨ੍ਹੀ ਇੱਕ ਦਰਵੇਸ਼ ਜਿਹਾ ਇਨਸਾਨ ਅੱਖਾਂ ਅੱਗੇ ਆ ਜਾਂਦਾ ਹੈ ਤੇ ਜ਼ੁਬਾਨ ਆਪਣੇ ਆਪ ਹੀ \'ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ\', \'ਜੰਗਲ ਦੇ ਵਿੱਚ ਖੁਹਾ ਲੁਆ ਦੇ\', \'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ\' ਵਰਗੇ ਗੀਤ ਗੁਣ-ਗੁਣਾਉਣ ਲੱਗ ਜਾਂਦੀ ਹੈ। ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸਨੂੰ ਯਮਲਾ ਜੱਟ ਬਾਰੇ ਜਾਣਕਾਰੀ ਨਾ ਹੋਵੇ। ਜਿਸਨੂੰ ਜਾਣਕਾਰੀ ਨਹੀਂ ਹੋਵੇਗੀ, ਸ਼ਾਇਦ ਓਹ ਪੰਜਾਬੀ ਵੀ ਨਾ ਹੋਵੇ। ਯਮਲਾ ਜੱਟ ਜੀ ਨੇ ਤੂੰਬੀ ਨਾਂ ਦਾ ਸਾਜ਼ ਸੰਗੀਤ ਜਗਤ ਦੀ ਝੋਲੀ ਐਸਾ ਪਾਇਆ ਕਿ ਜਿੱਥੇ ਉਹਨਾਂ ਦੇ ਗੀਤ ਦੋ ਮੰਜਿਆਂ ਨੂੰ ਜੋੜ ਕੇ ਲਗਾਏ ਸਪੀਕਰਾਂ ਰਾਹੀਂ ਤਾਂ ਵੱਜਦੇ ਹੀ ਸਨ ਉੱਥੇ ਉਹਨਾਂ ਦੀ ਤੂੰਬੀ ਦਾ ਜਸ ਰੀਮਿਕਸ ਹੋ ਕੇ ਵੀ ਦੁਨੀਆਂ ਦੇ ਕੋਨੇ ਕੋਨੇ \'ਚ ਪਹੁੰਚਿਆ ਹੈ। ਲਾਲ ਚੰਦ ਯਮਲਾ ਜੱਟ ਜੀ ਦੇ ਬੀਜੇ ਹੋਏ ਬੀਜ਼ ਉਹਨਾਂ ਦੇ ਜਹਾਨੋਂ ਤੁਰ ਜਾਣ ਤੋਂ ਬਾਦ ਛਾਂਦਾਰ ਬੁਟੇæ ਬਣਨ ਦੇ ਰਾਹ \'ਤੇ ਹਨ। ਬੀਤੇ ਦਿਨੀਂ ਉਹਨਾਂ ਦੇ ਸਕੇ ਪੋਤਰੇ ਵਿਜੇ ਯਮਲਾ ਨੇ ਇੱਕ ਗਾਇਕ ਆਪਣੇ ਗੀਤ \'ਪਿਆਰ\' ਵਜੋਂ ਭਰਵੀ ਹਾਜ਼ਰੀ ਲਗਵਾਈ ਹੈ। ਆਓ ਤੁਹਾਨੂੰ ਮਿਲਾਈਏ ਵਿਜੇ ਯਮਲਾ ਨਾਲ-
ਸਵਾਲ- ਵਿਜੇ ਜੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰੋ।
ਜਵਾਬ- ਬਿਲਕੁਲ ਜੀ, ਸਭ ਤੋਂ ਪਹਿਲਾਂ ਯਮਲਾ ਪਰਿਵਾਰ ਦੀ ਤਰਫ਼ੋਂ ਹਰ ਪਾਠਕ ਨੂੰ ਦਿਲੋਂ ਪਿਆਰ। ਮੇਰੇ ਪਿਤਾ ਜੀ ਸਮੇਤ ਪੰਜ ਭਰਾ ਅਤੇ ਦੋ ਭੈਣਾਂ ਸਨ। ਮੇਰੇ ਪਿਤਾ ਜੀ ਦਾ ਨਾਂ ਜਗਵਿੰਦਰ ਯਮਲਾ ਅਤੇ ਮਾਤਾ ਜੀ ਦਾ ਨਾਮ ਸੱਤਿਆ ਦੇਵੀ ਹੈ। ਮੇਰੇ ਪਿਤਾ ਜੀ ਦੀ ਮੌਤ ਤੋਂ ਬਾਦ ਮੇਰੇ ਚਾਚਾ ਜਸਦੇਵ ਯਮਲਾ ਜੀ ਨੇ ਮੈਨੂੰ ਪਿਓ ਦੀ ਥੁੜੋਂ ਮਹਿਸੂਸ ਨਹੀਂ ਹੋਣ ਦਿੱਤੀ। ਪੈਰ ਪੈਰ \'ਤੇ ਹੱਲਾਸ਼ੇਰੀ ਦਿੱਤੀ। ਮੈਂ ਉਦੋਂ ਤਿੰਨ ਸਾਲ ਦਾ ਸਾਂ ਜਦ ਦਾਦਾ ਜੀ ਨੇ ਸਵਾਸ ਤਿਆਗੇ। ਮੈਨੂੰ ਇੰਨਾ ਹੀ ਮਾਣ ਕਾਫ਼ੀ ਹੈ ਕਿ ਮੈਨੂੰ ਉਹਨਾਂ ਦੇ ਹੱਥੋਂ ਗੁੜ੍ਹਤੀ ਨਸੀਬ ਹੋਈ ਅਤੇ ਉਹਨਾਂ ਦੀ ਬੁੱਕਲ \'ਚ ਖੇਡਣ ਦਾ ਮੌਕਾ ਮਿਲਿਆ। ਪਿਤਾ ਜੀ ਦੀ ਮੌਤ ਤੋਂ ਬਾਦ ਸਾਰੇ ਪਰਿਵਾਰ ਨੇ ਹੀ ਮੇਰੇ ਲਈ ਅਧਿਆਪਕ ਵਜੋਂ ਤਾਲੀਮ ਦਿੱਤੀ। ਚੰਗੇ ਮੰਦੇ ਦੀ ਪਰਖ਼ ਕਰਨੀ ਸਿਖਾਈ।
ਸਵਾਲ- ਯਮਲਾ ਪਰਿਵਾਰ \'ਚ ਸੰਗੀਤ ਦੀ ਕੀ ਅਹਿਮੀਅਤ ਹੈ?
ਜਵਾਬ- ਵੀਰ ਜੀ, ਯਮਲਾ ਪਰਿਵਾਰ ਲਈ ਸੰਗੀਤ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲੋਂ ਹੀ ਲਗਾ ਸਕਦੇ ਹੋ ਕਿ ਤੰਗੀਆਂ ਝੱਲ ਲਈਆਂ ਹਨ ਪਰ ਸੰਗੀਤ ਵਰਗੀ ਸੂਖ਼ਮ ਕਲਾ ਨੂੰ ਕਲੰਕਿਤ ਨਹੀਂ ਕੀਤਾ ਜਾਂ ਮੁੱਲ ਨਹੀਂ ਵੱਟਿਆ।  
ਸਵਾਲ- ਵਿਜੇ ਯਮਲਾ ਪਹਿਲਾਂ ਸਾਜ਼ਿੰਦੇ ਵਜੋਂ ਸੇਵਾ ਕਰਦਾ ਆ ਰਿਹਾ ਹੈ। ਗਾਇਕੀ ਵੱਲ ਅਚਾਨਕ ਮੋੜ ਕਿਵੇਂ ਕੱਟਿਆ?
ਜਵਾਬ- ਕਿਸੇ ਵੀ ਕਲਾਕਾਰ ਲਈ ਸਾਜ਼ਾਂ ਦਾ ਗਿਆਤਾ ਹੋਣਾ ਜਰੂਰੀ ਹੈ। ਸੁਰ-ਤਾਲ ਦੀ ਸਮਝ ਬਗੈਰ ਗਾਇਨ ਕਲਾ ਵੀ ਕੱਖ ਮਾਅਨਾ ਨਹੀਂ ਰੱਖਦੀ। ਗਾਇਕੀ ਦਾ ਰਿਆਜ਼ ਸਾਜ਼ ਵਜਾਉਣ ਦੇ ਨਾਲ ਨਾਲ ਚਲਦਾ ਰਹਿੰਦਾ ਸੀ। ਸਾਡੇ ਪਰਿਵਾਰ ਦਾ ਨਾਂ ਆਪਣੇ ਨਾਂ ਨਾਲ ਜੋੜ ਕੇ ਦਾਦਾ ਜੀ ਦੇ ਗੀਤ ਗਾ ਗਾ ਕੇ ਲੋਕ \'ਸਟਾਰ\' ਹੋ ਗਏ। ਫਿਰ ਅਸੀਂ ਵੀ ਸੋਚਿਆ ਕਿ ਕਿਉਂ ਨਾ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਚਲਦਾ ਰੱਖਿਆ ਜਾਵੇ। ਮੇਰੇ ਚਾਚਾ ਜੀ ਜਸਦੇਵ ਯਮਲਾ ਲੰਮੇ ਸਮੇਂ ਤੋਂ ਗਾ ਰਹੇ ਹਨ। ਮੇਰੇ ਚਾਚੀ ਜੀ ਸਰਬਜੀਤ ਚਿਮਟੇ ਵਾਲੀ, ਉਹ ਇਸ ਖੇਤਰ ਨੂੰ ਪ੍ਰਣਾਏ ਹੋਏ ਹਨ ਅਤੇ ਮੇਰੇ ਤਾਇਆ ਕਰਤਾਰ ਚੰਦ ਜੀ ਦਾ ਬੇਟਾ ਸੁਰੇਸ਼ ਯਮਲਾ ਵੀ ਗਾਇਨ ਖੇਤਰ \'ਚ ਸਰਗਰਮ ਹੈ।
ਸਵਾਲ- ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਹੋ?
ਜਵਾਬ- ਗੁੜਤੀ ਤੂੰਬੀ ਦੇ ਧਨੀ ਦਾਦਾ ਜੀ ਦੀ ਸੀ ਤਾਂ ਸੁਭਾਵਿਕ ਹੈ ਕਿ ਤੂੰਬੀ ਤਾਂ ਆਉਂਦੀ ਹੀ ਹੈ। ਪਰ ਮੈਂ ਆਪਣੇ ਆਪ ਨੂੰ ਹਮੇਸ਼ਾ ਹੀ ਇੱਕ ਵਿਦਿਆਰਥੀ ਵਜੋਂ ਵਿਚਰਦਾ ਹੋਇਆ ਹਰ ਪਲ ਸਿੱਖਦਾ ਰਹਿੰਦਾ ਹਾਂ। ਜਿਸ ਦੇ ਸਿੱਟੇ ਵਜੋਂ ਤੂੰਬੀ, ਤੂੰਬਾ, ਅਲਗੋਜ਼ੇ, ਵੰਝਲੀ, ਬੀਨ, ਮੋਰਚਾਂਗ, ਹਰਮੋਨੀਅਮ, ਢੋਲ, ਢੋਲਕੀ, ਤਬਲਾ, ਮਹਾਰਾਸ਼ਟਰੀ ਨਾਲ, ਨਗਾਰਾ, ਢੱਡ, ਬੁਗਦੂ, ਡਫਲੀ, ਡੌਰੂ, ਮਟਕਾ, ਚਿਮਟਾ, ਮੰਜੀਰੇ, ਖੰਜਰੀ ਅਤੇ ਵੈਸਟਰਨ ਸਾਜ਼ ਵੀ ਵਜਾ ਲੈਂਦਾ ਹਾਂ। ਤੁਸੀਂ ਆਪ ਹੀ ਵੇਖ ਲਓ ਕਿ ਜਿਹੜੇ ਗਾਇਕ ਸਾਜ਼ ਵਜਾ ਲੈਂਦੇ ਹਨ, ਉਹਨਾਂ ਦਾ ਰੁਤਬਾ ਤੇ ਆਤਮ-ਵਿਸ਼ਵਾਸ਼ ਆਪਣੇ ਆਪ ਹੀ ਬੁਲੰਦੀਆਂ ਛੁਹ ਜਾਂਦਾ ਹੈ। ਉਦਾਹਰਣ ਵਜੋਂ ਦਾਦਾ ਜੀ ਤੂੰਬੀ, ਤੂੰਬਾ, ਸਾਰੰਗੀ ਅਤੇ ਹੋਰ ਸਾਜ਼ ਵਜਾ ਲੈਂਦੇ ਸਨ। ਜਨਾਬ ਆਲਮ ਲੁਹਾਰ ਜੀ ਚਿਮਟੇ ਨਾਲ ਗਾਉਂਦੇ ਸਨ। ਗੁਰਦਾਸ ਮਾਨ ਜੀ ਡਫਲੀ ਨਾਲ ਕੀਲ ਲੈਂਦੇ ਹਨ। ਜਨਾਬ ਹੰਸ ਰਾਜ ਹੰਸ ਜੀ ਤੇ ਸਰਦੂਲ ਸਿਕੰਦਰ ਜੀ ਹਰਮੋਨੀਅਮ ਦੇ ਧਨੀ ਹਨ। ਪੰਮੀ ਬਾਈ ਭੰਗੜੇ \'ਚ ਵਰਤੇ ਜਾਂਦੇ ਸਾਜ਼ ਵਜਾ ਲੈਂਦੇ ਹਨ। ਮਨਮੋਹਨ ਵਾਰਿਸ ਤੇ ਸੰਗਤਾਰ ਦੀ ਤੂੰਬੀ ਦੇ ਕੀ ਕਹਿਣੇ ਹਨ। ਕਹਿਣ ਦਾ ਮਤਲਬ ਕਿ ਜੇ ਗਾਇਕ ਗਾਉਣ ਦੇ ਨਾਲ ਨਾਲ ਸਾਜ਼ ਵੀ ਜਾਣਦਾ ਹੋਵੇ ਤਾਂ ਸੋਨੇ \'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਸਵਾਲ- ਤੁਹਾਡੇ ਨਵੇਂ ਗੀਤ \'ਹਾਲ ਆਫ ਫੇਮ-ਪਿਆਰ\' ਬਾਰੇ ਕੀ ਕਹੋਗੇ?
ਜਵਾਬ- ਕੋਸ਼ਿਸ਼ ਹੈ ਕਿ ਪੰਜਾਬੀਆਂ ਨੂੰ ਦਾਦਾ ਜੀ ਦੀ ਯਾਦ ਤਾਜ਼ਾ ਕਰਵਾਈ ਜਾਵੇ। ਇਹ ਗੀਤ ਚਾਚਾ ਜਸਦੇਵ ਯਮਲਾ ਜੀ ਨੇ ਦਾਦਾ ਜੀ ਦੇ ਸਮੇਂ ਦਾ ਲਿਖਿਆ ਹੋਇਆ ਸੀ। ਮੈਂ ਵਡਭਾਗਾ ਹਾਂ ਜਿਸਨੂੰ ਇਹ ਸੇਵਾ ਨਸੀਬ ਹੋਈ।
ਸਵਾਲ- ਇਸ ਪ੍ਰਾਜੈਕਟ ਵਿੱਚ ਕਿਸ ਕਿਸ ਦਾ ਸਹਿਯੋਗ ਮੰਨਦੇ ਹੋ?
ਜਵਾਬ- ਮੇਰੇ ਪਰਿਵਾਰ ਅਤੇ ਮੇਰੇ ਭਰਾਵਾਂ ਵਰਗੇ ਯਾਰ ਰੌਬੀ ਸਿੰਘ ਦੇ ਸਹਿਯੋਗ ਬਿਨਾਂ ਕੁਝ ਵੀ ਕਰ ਸਕਣਾ ਨਾ-ਮੁਮਕਿਨ ਸੀ। ਪੰਜਾਬੀ ਮਾਂ ਬੋਲੀ ਦੇ ਸਪੂਤ ਡਾæ ਸਤੀਸ਼ ਵਰਮਾ ਜੀ ਦਾ ਥਾਪੜਾ ਵੀ ਨਹੀਂ ਭੁੱਲਦਾ।
ਸਵਾਲ- ਪਹਿਲੀ ਹਾਜ਼ਰੀ ਹੀ ਵਧੀਆ ਲਿਖਤ ਅਤੇ ਗਾਇਕੀ ਨਾਲ ਲਗਵਾਈ ਹੈ। ਤੁਸੀਂ ਕੀ ਸਮਝਦੇ ਹੋ ਕਿ ਅਜੋਕੇ ਗਾਇਕ ਗਾਇਕੀ ਨਾਲ ਇਨਸਾਫ ਕਰ ਰਹੇ ਹਨ?
ਜਵਾਬ- ਮੈਂ ਸਿਰਫ ਸ਼ੁਰੂਆਤ ਹੀ ਨਹੀਂ ਬਲਕਿ ਭਵਿੱਖ ਵਿੱਚ ਵੀ ਸਾਫ ਸੁਥਰੇ ਬੋਲ ਹੀ ਸ੍ਰੋਤਿਆਂ ਦੀ ਕਚਿਹਰੀ \'ਚ ਪੇਸ਼ ਕਰਨ ਲਈ ਵਚਨਬੱਧ ਰਹਾਂਗਾ। ਬਾਕੀ ਰਹੀ ਅਜੋਕੇ ਗਾਇਕਾਂ ਵੱਲੋਂ ਗਾਇਕੀ ਨਾਲ ਇਨਸਾਫ ਦੀ ਗੱਲ਼ææææ ਹਰ ਕੋਈ ਆਪਣਾ ਭਲਾ ਲੋੜਦਾ ਹੈ ਕਿਸੇ ਨੂੰ ਵੀ ਮਾਂ ਬੋਲੀ ਜਾਂ ਸੱਭਿਆਚਾਰ ਨਾਲ ਕੋਈ ਲੈਣ ਦੇਣ ਨਹੀਂ ਹੈ।
ਸਵਾਲ- ਪਰਿਵਾਰਕ ਜ਼ਿੰਮੇਵਾਰੀਆਂ ਦੇ ਚਲਦਿਆਂ ਕਿੱਥੋਂ ਕੁ ਤੱਕ ਪੜ੍ਹੇ ਹੋ?
ਜਵਾਬ- ਅੰਤਾਂ ਦੀਆਂ ਮਜ਼ਬੂਰੀਆਂ ਦੇ ਬਾਵਜੂਦ ਵੀ ਮੈਂ ਹਾਰ ਨਹੀਂ ਮੰਨੀ ਸਗੋਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਕਾਲਜਾਂ ਤੋਂ ਬੀæਏæ (ਸੰਗੀਤ) ਕੀਤੀ ਹੁਣ ਐੱਮæਏæ (ਸੰਗੀਤ) ਕਰ ਰਿਹਾ ਹਾਂ। ਨਾਲੋ ਨਾਲ ਤਬਲੇ ਦੀ ਵਿਸਾਰਦ ਹਾਸਲ ਕਰੀ ਜਾ ਰਿਹਾ ਹਾਂ।
ਸਵਾਲ-ਅੱਜਕੱਲ੍ਹ ਸਿਰਫ ਤੇ ਸਿਰਫ ਨਾਨਕੇ, ਭੁਆ ਜਾਂ ਮਾਸੀ ਦੇ ਰਿਸ਼ਤਿਆਂ ਦੁਆਲੇ ਹੀ ਗਾਇਕੀ ਗੀਤਕਾਰੀ ਨੂੰ ਘੁਮਾਇਆ ਜਾ ਰਿਹਾ ਹੈ। ਇਨਸਾਨੀ ਰਿਸ਼ਤਿਆਂ ਨੂੰ ਲੀਰੋ ਲੀਰ ਕੀਤਾ ਜਾ ਰਿਹਾ ਹੈ। ਕੀ ਤੁਸੀਂ ਵੀ ਇਸ ਕਤਾਰ \'ਚ ਖੜ੍ਹਨਾ ਪਸੰਦ ਕਰੋਗੇ ਜਾਂ ਫਿਰæææ?
ਜਵਾਬ- ਕਲਾ ਦੇ ਖੇਤਰ ਪ੍ਰਤੀ ਜ਼ਿੰਮੇਵਾਰ ਪਰਿਵਾਰ ਦਾ ਜੀਅ ਹੋਣ ਦੇ ਨਾਤੇ ਇਹ ਵਾਅਦਾ ਹੈ ਕਿ ਅਜਿਹਾ ਕੁਝ ਵੀ ਗਾਉਣ ਤੋਂ ਅਸਮਰੱਥ ਹੋਵਾਂਗਾ ਜੋ ਮੈਨੂੰ ਮੇਰੇ ਪਰਿਵਾਰਕ ਮੈਂਬਰ ਹੀ ਇਜਾਜ਼ਤ ਨਾ ਦੇਣ।
ਸਵਾਲ-ਉਸਤਾਦ ਲਾਲ ਚੰਦ ਯਮਲਾ ਜੱਟ ਜੀ ਨੂੰ ਗਾਇਕੀ ਦਾ ਬਾਬਾ ਬੋਹੜ ਆਖਿਆ ਜਾਦੈ। ਕੀ ਉਹਨਾਂ ਤੋਂ ਬਾਦ ਕਿਸੇ ਨੇ ਪਰਿਵਾਰ ਨਾਲ ਖੜ੍ਹਨ ਦਾ ਵਾਅਦਾ ਨਿਭਾਇਆ?
ਜਵਾਬ- ਵੀਰ ਜੀ ਗੱਲ ਢਕੀ ਹੀ ਰਹਿਣ ਦਿਓæææ ਯਮਲਾ ਜੀ ਦਾ ਨਾਂ ਵਰਤ ਕੇ ਜੇ ਕਿਸੇ ਦਾ ਫੁਲਕਾ ਪਾਣੀ ਚਲਦਾ ਹੈ ਤਾਂ ਸਾਡੇ ਲਈ ਤਾਂ ਓਹ ਵੀ ਮਾਣ ਵਾਲੀ ਗੱਲ ਹੈ। ਸਾਨੂੰ ਇੰਨਾ ਹੀ ਫਖ਼ਰ ਬਹੁਤ ਹੈ ਕਿ ਸਾਡੇ ਦਾਦਾ ਜੀ ਦੀ ਜੀਵਨੀ ਛੇਵੀ ਜਮਾਤ ਦੇ ਬੱਚੇ ਪੰਜਾਬੀ ਦੀ ਪਾਠ ਪੁਸਤਕ ਰਾਹੀਂ ਪੜ੍ਹਦੇ ਆ ਰਹੇ ਹਨ। ਇਸ ਗੱਲ ਦੀ ਵੀ ਬੇਹੱਦ ਖੁਸ਼ੀ ਹੈ ਕਿ ਬੇਸ਼ੱਕ ਪੰਜਾਬ ਵਿੱਚ ਯਮਲਾ ਜੀ ਨੂੰ ਸਮੇਂ ਸਮੇਂ \'ਤੇ ਅਣਦੇਖਿਆ ਕਰ ਦਿੱਤਾ ਹੋਵੇ ਪਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਉਹਨਾਂ ਦੇ ਨਾਵਾਂ \'ਤੇ ਮੇਲੇ ਕਰਵਾ ਕੇ, ਉਹਨਾਂ ਦੇ ਬੁੱਤ ਲਗਾ ਕੇ ਵਿਦੇਸ਼ਾਂ ਵਿੱਚ ਮਾਣ ਬਖਸ਼ ਰਹੇ ਹਨ।
ਸਵਾਲ- ਗਾਇਕੀ ਪੈਸੇ ਬੀਜ ਕੇ ਪੈਸੇ ਵੱਢਣ ਵਾਲੀ ਫਸਲ ਬਣੀ ਹੋਈ ਹੈ। ਤੁਸੀਂ ਹੁਣ ਤੱਕ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਦੇ ਰਹੇ ਹੋ?
ਜਵਾਬ- ਅਸੀਂ ਮਿਹਨਤ ਦੀ ਰੋਟੀ ਖਾਣ ਵਾਲੇ ਪਰਿਵਾਰ \'ਚੋਂ ਹਾਂ। ਕਦੇ ਵੀ ਸ਼ਾਰਟ-ਕੱਟ ਅਪਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਸੀਨੇ ਦਾ ਮੁੱਲ ਪੁਆ ਕੇ ਖਾਧੀ ਰੋਟੀ ਸਕੂਨ ਦਿੰਦੀ ਹੈ। ਮੈਂ ਬੀæਏæ ਅਤੇ ਐੱਮæਏæ ਕਰਦਿਆਂ ਬਹੁਤ ਸਾਰੇ ਯੁਵਕ ਮੇਲਿਆਂ \'ਚ ਹਿੱਸਾ ਲਿਆ। ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਯੁਵਕ ਮੇਲਿਆਂ \'ਚੋਂ ਗੋਲਡ ਮੈਡਲ ਵੀ ਹਾਸਿਲ ਕੀਤੇ। ਨਾਰਥ ਜੋਨ ਕਲਚਰਲ ਸੈਂਟਰ ਵੱਲੋਂ 2009 \'ਚ ਭਾਰਤ ਵੱਲੋਂ ਸਾਊਥ ਕੋਰੀਆ \'ਚ ਪ੍ਰਤੀਨਿਧਤਾ ਕੀਤੀ। ਦੂਸਰਾ ਸਥਾਨ ਹਾਸਲ ਕੀਤਾ। ਇਸਤੋਂ ਇਲਾਵਾ ਵੱਖ ਵੱਖ ਕਾਲਜ਼ਾਂ \'ਚ ਲੋਕ ਸਾਜ਼, ਲੋਕ ਗਾਇਕੀ ਸਿਖਾਉਂਦਾ ਰਿਹਾ ਕਰਕੇ ਮੇਰੇ ਤਜ਼ਰਬੇ ਅਤੇ ਲਗਨ ਨੂੰ ਦੇਖਦਿਆਂ ਮੈਨੂੰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਿੱਚ ਜੂਨੀਅਰ ਪ੍ਰੋਗਰਾਮ ਅਸਿਸਟੈਂਟ ਦੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਅੱਜਕੱਲ੍ਹ ਇਹੀ ਪਰਿਵਾਰ ਪਾਲਣ ਦਾ ਮੁੱਖ ਸਾਧਨ ਹੈ। ਮੈਂ ਰਿਣੀ ਹਾਂ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਜੀ, ਡਾæ ਸਤੀਸ਼ ਵਰਮਾ ਜੀ ਅਤੇ ਸਮੂਹ ਸ਼ੁਭਚਿੰਤਕਾਂ ਦਾ ਜਿਹੜੇ ਕਦੇ ਵੀ ਡੋਲਣ ਨਹੀਂ ਦਿੰਦੇ।
ਸਵਾਲ- ਤੁਸੀਂ ਆਪਣੇ ਵੱਲੋਂ ਸ਼੍ਰੋਤਿਆਂ ਅਤੇ ਨਵੇਂ ਉੱਭਰ ਰਹੇ ਗਾਇਕਾਂ ਨੂੰ ਕੀ ਸੁਨੇਹਾ ਦਿਓਗੇ?
ਜਵਾਬ- ਖੁਰਮੀ ਵੀਰ ਜੀ, ਮੈਂ ਤਾਂ ਖੁਦ ਅਜੇ ਨਿਆਣਾ ਹਾਂ। ਸੰਦੇਸ਼ ਨਹੀਂ ਸਗੋਂ ਅਰਜ਼ੋਈ ਕਰੂੰਗਾ ਕਿ ਕਦੇ ਵੀ ਅਜਿਹਾ ਕੁਝ ਸੁਣਨ ਦਾ ਸ਼ੌਕ ਨਾਲ ਪਾਲੋ ਜਿਹੜਾ ਤੁਸੀਂ ਆਪਣੇ ਪਰਿਵਾਰ ਨਾਲ ਵੀ ਸਾਂਝਾ ਨਹੀਂ ਕਰ ਸਕਦੇ। ਸ਼ੌਕ ਹੌਲੀ ਹੌਲੀ ਆਦਤ ਬਣ ਜਾਂਦੇ ਹਨ ਤੇ ਆਦਤਾਂ ਸਿਰਾਂ ਦੇ ਨਾਲ ਹੀ ਜਾਂਦੀਆਂ ਹਨ। ਉੱਭਰ ਰਹੇ ਅਤੇ ਸਥਾਪਿਤ ਗਾਇਕ ਵੀਰਾਂ ਨੂੰ ਵੀ ਬੇਨਤੀ ਹੀ ਕਰਾਂਗਾ ਕਿ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਰੱਖਣ ਲਈ ਯਤਨਸ਼ੀਲ ਰਹੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸਾਡੇ \'ਤੇ ਮਾਣ ਕਰਨ।
(ਵਿਜੇ ਯਮਲਾ ਨਾਲ 99150-90785 \'ਤੇ ਸੰਪਰਕ ਕੀਤਾ ਜਾ ਸਕਦਾ ਹੈ)

2013-08-20
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)