Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਹੱਡੀ ਹੰਢਾਏ ਸੰਤਾਪ ਦੀ ਦਾਸਤਾਨ ਹੈ ਫ਼ਿਲਮ ਸਾਡਾ ਹੱਕ:- ਕੁਲਜਿੰਦਰ ਸਿੱਧੂ - ਖੁਸ਼ਪ੍ਰੀਤ ਸਿੰਘ, ਸੁਨਾਮ ਮੈਲਬੋਰਨ.

ਅੱਸੀਵੇਂ ਦਹਾਕੇ ਤੋਂ ਲੈ ਕੇ ਨੱਬੇਵੇਂ ਦਹਾਕੇ ਤੱਕ ਦਾ ਸਮਾਂ ਪੰਜਾਬ ਅਤੇ ਪੰਜਾਬੀਆਂ ਲਈ ਕਾਲੇ ਦੋਰ ਦਾ ਸਮਾਂ ਰਿਹਾ।ਇਸ ਸਮੇਂ ਦੋਰਾਨ ਪੰਜਾਬ ਦੇ ਲੋਕਾਂ ਨੇ ਇਸ ਕਾਲੇ ਦੋਰ ਨੂੰ ਆਪਣੇ ਪਿੰਡੇ ਤੇ ਹੰਢਾਇਆ।ਇਹ ਉਹ ਮਨਹੂਸ ਦੋਰ ਸੀ ਜਦੋ ਨਿੱਤ ਦਿਨ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿਛਦਾ ਸੀ।ਪੰਜਾਬ ਦੇ ਲੋਕਾਂ ਦੀਆਂ ਭਾਈਚਾਰਕ ਸਾਂਝਾਂ ਬੁਰੀ ਤਰਾਂ ਤਿੜਕ ਗਈਆਂ ਸਨ।ਸੂਰਜ ਦੇ ਛਿਪਣ ਦੇ ਨਾਲ ਹੀ ਦਹਿਸ਼ਤ ਦਾ ਕਾਲਾ ਸਾਇਆ ਲੋਕਾਂ ਦੀ ਜਿੰਦਗੀ ਉਪਰ ਛਾ ਜਾਂਦਾ ਸੀ। ਇਸ ਸਮੇਂ ਦੋਰਾਨ ਜਿੱਥੇ ਆਮ ਲੋਕ ਹਿੰਸਾ ਦਾ ਸ਼ਿਕਾਰ ਹੋ ਰਹੇ ਸਨ aੁੱਥੇ ਦੂਜੇ ਪਾਸੇ ਝੂਠੇ ਪੁਲਿਸ ਮੁਕਾਬਲਿਆਂ ਦੀ ਦਹਿਸ਼ਤ ਦਾ ਵੀ ਸ਼ਿਕਾਰ ਹੋ ਕੇ ਚੱਕੀ ਦੇ ਦੋ ਪੁੜਾਂ ਵਿੱਚਕਾਰ ਪਿੱਸ ਰਹੇ ਸਨ।ਪਤਾ ਹੀ ਨਹੀ ਪੰਜਾਬ ਦੇ ਕਿੰਨੇ ਪਰਿਵਾਰਾਂ ਦੇ ਮੈਂਬਰ ਇਸ ਹਿੰਸਾ ਦੀ ਭੇਂਟ ਚੜ ਗਏ। ਇਸ ਕਾਲੇ ਦੋਰ ਨੂੰ ਜਿਥੇ ਅਖਬਾਰਾਂ ਨੇ ਲੜੀਵਾਰ ਕਾਲਮਾਂ ਦੇ ਜ਼ਰੀਏ ਦਿਲ ਕੰਬਾਊ ਘਟਨਾਵਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਂਦਾ ਉਥੇ ਹੀ ਵੱਖੋ ਵੱਖਰੇ ਲੇਖਕਾਂ ਨੇ ਆਪਣੀਆਂ ਕਿਤਾਬਾਂ ਦੇ ਜਰੀਏ ਇਸੇ ਕਾਲੇ ਦੋਰ ਦੇ ਸਮੇ ਨੂੰ ਉਜਾਗਰ ਕੀਤਾ।ਕਈ ਫਿਲਮਸਾਜ਼ਾਂ ਨੇ ਵੀ ਇਸ ਤਰਾਸਦੀ ਦੇ ਵਿਸ਼ੇ ਉਪਰ ਫਿਲਮਾਂ ਬਣਾ ਕੇ ਇਸ ਦੋਰ ਨੂੰ ਪਰਦੇ ਉਪਰ ਵਿਖਾਉਣ ਦੀ ਭਰਪੂਰ ਕੋਸ਼ਿਸ਼ ਵੀ ਕੀਤੀ। ਇਸੇ ਲੜੀ ਵਿੱਚ ਬੀਤੇ ਕੁਝ ਕੁ ਮਹੀਨਿਆਂ ਤੋ ਇਸੇ ਕਾਲੇ ਦੋਰ ਨੂੰ ਬਿਆਨਦੀ ਫ਼ਿਲ਼ਮ ਜਿਸਦਾ ਨਾਂ \"ਸਾਡਾ ਹੱਕ\" ਸੀ ਚਰਚਾ ਦਾ ਵਿਸ਼ਾ ਬਣੀ ਰਹੀ। ਦੇਸ਼ ਹੋਵੇ ਭਾਵਂੇ ਵਿਦੇਸ਼ ਹਰ ਪਾਸੇ ਇਸ ਫਿਲਮ ਦੇ ਚਰਚੇ  ਆਮ ਸਨ। ਇਸ ਫਿਲਮ ਦੇ ਬਣ ਕੇ ਤਿਆਰ ਹੋਣ ਸਾਰ ਹੀ ਇਸ ਨੂੰ ਕਦੀ ਸੈਂਸਰ ਬੋਰਡ ਅਤੇ ਸਰਕਾਰਾਂ ਦੇ ਲਗਾਏ ਹੋਏ ਬੈਨ ਦਾ ਸਾਹਮਣਾ ਕਰਨਾ ਪਿਆ। ਅਕਸਰ ਇਹ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਫਿਲਮ ਨੂੰ ਰਿਲੀਜ਼ ਕਰਾਉਣ ਦੇ ਲਈ ਪਬਲਿਕ ਸੜਕਾਂ ਉਤੇ ਆਈ ਹੋਵੇ।ਇਸ ਫਿਲਮ ਦੇ ਰਿਲੀਜ਼ ਹੋਣ ਦੇ ਹੱਕ ਨੂੰ ਲੈ ਕੇ ਜਿੱਥੇ ਲੋਕਾਂ ਵਲੋ ਸ਼ਾਂਤਮਈ ਪ੍ਰਦਰਸ਼ਨ ਕੀਤੇ ਗਏ ਉਥੇ ਹੀ ਕੈਂਡਲ ਮਾਰਚ ਤੱਕ ਵੀ ਕੱਢੇ ਗਏ।ਭਾਵੇਂ ਇਹ ਫਿਲਮ ਭਾਰਤ ਦੇ ਕੁਝ ਕੂ ਸੂਬਿਆ ਵਿੱਚ ਹੀ ਬੈਨ ਕੀਤੀ ਗਈ ਸੀ ਪਰੰਤੂ  ਵਿਦੇਸ਼ਾਂ ੱਿਵਚ ਵੀ ਜਲਦੀ ਕਿਤੇ ਕੋਈ ਇਸ ਫ਼ਿਲਮ ਦੇ ਪ੍ਰਸਾਰਣ ਹੱਕ ਲਈ ਛੇਤੀ ਕਿਤੇ ਫਿਲਮ ਪ੍ਰਮੋਟਰ ਨੇ ਹੱਥ ਨਹੀ ਪਾਇਆ। ਪਰ ਜਦੋਂ ਹੰਭਲਾ ਜਿਹਾ ਮਾਰ ਕੇ ਇਹ  ਫ਼ਿਲਮ ਲੱਗੀ ਤਾਂ ਲੋਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਲਈ ਕਈ ਕਈ ਦਿਨ ਵਾਰੀ ਉਡੀਕਣੀ ਪਈ ਅਤੇ ਕਈ ਲੋਕ ਸਿਨੇਮਾਘਰਾਂ ਵਿਚੋ ਹਾਊਸ ਫੂੱਲ ਹੋਣ ਕਰਕੇ ਨਿਰਾਸ਼ ਹੋ ਕੇ ਪਰਤਦੇ ਰਹੇ। ਆਪਣੀ ਵਿਲੱਖਣ ਪੇਸ਼ਕਾਰੀ ਦੇ ਕਾਰਣ ਫ਼ਿਲਮ ਸਾਡਾ ਹੱਕ ਇੱਕ ਮੀਲ ਪੱਥਰ ਸਾਬਤ ਹੋਈ ਅਤੇ ਚੰਗੀਆਂ ਚੰਗੀਆਂ ਫਿਲਮਾਂ ਨੂੰ ਮਾਤ ਪਾ ਗਈ। ਇਸ ਫਿਲਮ ਦੀ ਸਫਲਤਾ ਨੂੰ ਲੈਕੇ  ਇਸ ਫਿਲਮ ਦੇ ਅਦਾਕਾਰ ਕੂਲਜਿੰਦਰ ਸਿੱਧੂ ਅਤੇ  ਪ੍ਰੋਡਿਊਸਰ ਦਿਨੇਸ਼ ਸੂਦ ਲੋਕਾਂ ਵਲੋ ਇਸ ਫਿਲਮ ਨੂੰ ਦਿੱਤੇ ਪਿਆਰ ਦਾ ਧੰਨਵਾਦ  ਕਰਨ ਲਈ ਯੂ.ਕੇ, ਕੈਨੇਡਾ ਹੁੰਦੇ ਹੋਏ ਆਸਟ੍ਰੇਲੀਆ ਪਹੁੰਚੇ ।ਸਾਡਾ ਹੱਕ ਫ਼ਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਕੁਲਜਿੰਦਰ ਸਿੱਧੂ ਹੋਰਾਂ ਦਾ ਮੈਲਬੋਰਨ ਪਹੁੰਚਣ ਤੇ ਪਾਠਕਾਂ ਲਈ ਇੱਕ ਖਾਸ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼।

: ਕੁਲਜਿੰਦਰ ਸਿੱਧੂ ਜੀ ਸਵਾਗਤ ਹੈ ਤੁਹਾਡਾ ਮੈਲ਼ਬੋਰਨ (ਆਸਟ੍ਰੇਲੀਆ) ਦੇ ਵਿੱਚ।ਕਿਸ ਤਰਾਂ ਸਬੱਬ ਬਣਿਆ ਆਸਟ੍ਰੇਲੀਆ ਆੁaਣ ਦਾ?

:-ਪਹਿਲਾਂ ਤਾਂ ਜੀ ਆਸਟ੍ਰੇਲੀਆ ਵਸਦੇ ਸਮੂਹ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ।ਸਬੱਬ ਇਸ ਤਰਾਂ ਬਣਿਆ ਕਿ ਸਾਡੀ ਫ਼ਿਲ਼ਮ ਰੂਪੀ ਕੋਸਿਸ਼ ਨੂੰ ਬੂਰ ਪਾਉਣ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਧੰਨਵਾਦੀ ਦੋਰੇ ਤੇ ਨਿਕਲੇ ਹੋਏ ਹਾਂ। ਇਸ ਤੋ ਪਹਿਲਾਂ ਯੂ.ਕੇ,ਕੈਨੇਡਾ ਹੁੰਦੇ ਹੋਏ ਆਸਟ੍ਰੇਲੀਆ ਵਸਦੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਨ ਆਏ ਹਾਂ। ਵੈਸੇ ਤਾਂ ਨਿਰਮਾਤਾ,ਨਿਰਦੇਸ਼ਕ ਫਿਲਮ ਰਿਲੀਜ਼ ਹੋਣ ਵੇਲੇ ਪ੍ਰਮੋਸ਼ਨ ਲਈ ਜਾਂਦੇ ਹਨ ਪਰ ਅਸੀ ਫਿਲਮ ਨੂੰ ਪਿਆਰ ਦੇਣ ਲਈ ਸਮ੍ਹੁਹ ਦਰਸ਼ਕਾਂ ਦਾ ਧੰੰਨਵਾਦ ਕਰਨ ਲਈ ਆਏ ਹਾਂ।

:ਸਿੱਧੂ ਜੀ ਆਪਣੇ ਬਾਰੇ ਜਾਂ ਆਪਣੇ ਪ੍ਰੌਫੈਸ਼ਨਲ ਕੈਰੀਅਰ ਬਾਰੇ ਦੱਸੋ?

:- ਮੈਂ ਮੁਢਲੇ ਤੋਰ ਤੇ ਅਮ੍ਰਿਤਸਰ ਤੋ ਹਾਂ ਜੀ। ਮੇਰੇ ਪਿਤਾ ਜੀ ਸਵ: ਮਹਿੰਦਰ ਸਿੰਘ ਜੀ ਵੀ ਇੱਕ ਪ੍ਰਸਿੱਧ ਪੱਤਰਕਾਰ ਰਹਿ ਚੁੱਕੇ ਹਨ। ਉਨਾਂ ਨੇ ਮਿਲੀਟੈਂਟ ਮੂਵਮੈਂਟ aਪਰ ਇੱਕ ਕਿਤਾਬ ਵੀ ਲਿਖੀ ਸੀ ਜਿਸਦਾ ਨਾਂ ਸੀ \"ਨੀਂਹ ਰੱਖੀ ਗਈ\"।ਮੈਂ ਵੀ ਪੱਤਰਕਾਰਤਾ( ਮਾੱਸ ਕਾਮਿਊਨੀਕੇਸਨਜ਼) ਵਿੱਚ ਡਿਗਰੀ ਕੀਤੀ ਹੈ ਇਸ ਦੇ ਨਾਲ ਨਾਲ ਐਮ.ਏ ਅੰਗਰੇਜ਼ੀ ਵੀ ਕੀਤੀ ਹੈ।ਇਸ ਦੇ ਨਾਲ ਨਾਲ ਨਿਊਯਾਰਕ ਫ਼ਿਲਮ ਮੇਕਿੰਗ ਸਂੈਟਰ ਤੋ ਫ਼ਿਲਮ ਮੇਕਿੰਗ ਦਾ ਕੋਰਸ ਕੀਤਾ।ਕੁਝ ਕੁ ਸਮਾਂ ਪੱਤਰਕਾਰਤਾ ਵੀ ਕੀਤੀ ਇਸ ਤੋ ਬਾਅਦ ਦਿਨੇਸ਼ ਸੂਦ ਹੋਰਾਂ ਨਾਲ ਮਿਲ ਕੇ ਇੱਕ ਪ੍ਰੌਡਕਸ਼ਨ ਹਾਊਸ ਚੰਡੀਗੜ ਵਿਖੇ ਖੋਲਿਆ।ਜਿਸ ਵਿਚ ਹੁਣ ਤੋ ਪਹਿਲਾਂ ਕਾਫੀ ਵਿਗਿਆਪਨ ਬਗੈਰਾ ਅਸੀ ਬਣਾ ਚੁਕੇ ਹਾਂ ਅਤੇ ਇਕ ਫਿਲਮ ਗੁਰਦਾਸ ਮਾਨ ਹੋਰਾਂ ਦੀ \"ਮਿੰਨੀ ਪੰਜਾਬ\" ਵੀ ਅਸੀਂ ਪ੍ਰੋਡਿਊਸ ਕਰ ਚੁਕੇ ਹਾਂ।

:- ਸਾਡਾ ਹੱਕ ਫ਼ਿਲਮ ਬਨਾਉਣ ਦਾ ਖਿਆਲ ਕਦੋ ਅਤੇ ਕਿਵੇਂ ਆਇਆ?

:- ਇਸ ਫਿਲਮ ਦਾ ਵਿਚਾਰ ਤਾਂ ਮੇਰੇ ਦਿਮਾਗ ਵਿੱਚ ਕਾਫੀ ਸਮਂੇ ਤੋ ਘੁੰਮ ਰਿਹਾ ਸੀ। ਬਸ ਸਹੀ ਸਮੇਂ ਅਤੇ ਸਹੀ ਮੋਕੇ ਦੀ ਤਲਾਸ਼ ਸੀ। ਅੱਜ ਤੋ ਕਾਫੀ ਸਮਾਂ ਪਹਿਲਾਂ ਵੀ ਇਸ ਫਿਲਮ ਦੀ ਕਹਾਣੀ ਨੂੰ ਲੈ ਕੇ ਮੈਂ ਨੇੜਲੇ ਸਾਥਿਆਂ ਨਾਲ ਸਲਾਹ ਮਸ਼ਵਰਾ ਕੀਤਾ ਸੀ ਪਰ ਉਨਾਂ ਸਾਫ ਜਵਾਬ ਦੇ ਦਿੱਤਾ ਸੀ ਸਗੋਂ ਉਨਾਂ ਮੈਨੂੰ ਕਿਹਾ ਜਿਸ ਤਰਾਂ ਤੂੰ ਸੋਚਦਾ ਉਸ ਤਰਾਂ ਨਹੀ ਹੋਣਾ ।ਪਰ ਮੈਂ ਆਪਣੇ ਮਨ ਵਿੱਚ ਧਾਰ ਚੁੱਕਿਆ ਸੀ।ਬਸ ਸਹੀ ਸਮਾਂ ਆਉਣ ਤੇ ਇਸ ਫ਼ਿਲਮ ਦੀ ਸ਼ੁਰੂਆਤ ਕਰਕੇ ਅਨੇਕਾਂ ਉਲਝਣਾਂ ਵਿੱਚੋ ਲੰਘ ਕੇ ਇਸ ਫ਼ਿਲਮ ਨੂੰ ਦਰਸ਼ਕਾ ਦੀ ਕਚਿਹਰੀ ਵਿੱਚ ਪੇਸ਼ ਕੀਤਾ।

:-ਇਸ ਫਿਲਮ ਦੇ ਕਹਾਣੀਕਾਰ ਕੋਣ ਹਨ?

:_ ਇਹ ਹਰ ਉਸ ਪੰਜਾਬੀ ਦੀ ਕਹਾਣੀ ਹੈ ਜਿਸ ਨੇ ਇਸ ਕਾਲੇ ਦੋਰ ਨੂੰ ਆਪਣੇ ਪਿੰਡੇ ਉਪਰ ਹੰਢਾਇਆ।ਕਿਸੇ ਦਾ ਵੀ ਦਿਲ ਨਹੀ ਕਰਦਾ ਹੁੰਦਾ ਕਿ ਉਹ ਹਥਿਆਰ ਚੁੱਕੇ ਪਰ ਕਈ ਵਾਰ ਜਿੰਦਗੀ ਵਿੱਚ ਇਸ ਤਰਾਂ ਦੀਆਂ ਘਟਨਾਵਾਂ ਘਟ ਜਾਂਦੀਆਂ ਹਨ ਕਿ ਬੰਦਾ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ।ਇਹ ਕਹਾਣੀ ਦਸਦੀ ਹੈ ਕਿ ਜੰਮਦਾ ਹੀ ਕੋਈ ਅੱਤਵਾਦੀ ਨਹੀਂ ਬਣ ਜਾਂਦਾ।ਹਾਲਾਤ ਉਸ ਨੂੰ ਕਿਵੇਂ ਮਜਬੂਰ ਕਰਦੇ ਹਨ। ਮੈਂ ਵੀ ਉਨਾਂ ਲੋਕਾਂ ਵਿੱਚੋ ਹੀ ਹਾਂ ਮੈਂ ਆਪਣੇ ਤੋਂ ਦੋ ਸਾਲ ਵੱਡੇ ਭਰਾ ਅਰਵਿੰਦਰਜੀਤ ਸਿੰਘ ਗੋਲਡੀ ਦੀ ਮੋਤ ਦਾ ਸੰਤਾਪ ਹੰਢਾ ਚੁੱਕਾਂ ਹਾਂ। ਜੋ ਕਿ ਆੱਪਰੇਸ਼ਨ ਬਲਿਊ ਸਟਾਰ ਦੇ ਕੁਝ ਸਮਂੇ ਮਗਰੋ ਇੱਕ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ।ਸਰਲ ਸ਼ਬਦਾਂ ਵਿੱਚ ਮੈਂ ਇਹ ਫ਼ਿਲਮ ਆਪਣੇ ਭਰਾ ਨੂੰ ਸਮਰਪਿਤ ਕੀਤੀ ਹੈ।ਜਿਸ ਦੀ ਤਸਵੀਰ ਤੁਸੀ ਫਿਲਮ ਦੇ ਅੰਤ ਵਿੱਚ ਵੀ ਦੇਖ ਸਕਦੇ ਹੈ।

:-ਫਿਲਮ ਦੀ ਸੂਟਿੰਗ ਕਦੋ ਸ਼ੂਰੁ ਹੋਈ ਅਤੇ ਕਿੱਥੇ ਕਿੱਥੇ ਇਹ ਸ਼ੂਟਿੰਗ ਹੋਈ?

:- ਦੇਖੋ ਜੀ ਫਿਲਮ ਦੀ ਸੂਟਿੰਗ ੨੦੧੨ ਵਿੱਚ ਹੋਲਾ ਮੁਹੱਲਾ ਵਾਲੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼ੂਰੂ ਕੀਤੀ ਗਈ। ਜਿਸ ਵਿੱਚ ਪ੍ਰਮੋਸ਼ਨਲ ਗਾਣੇ ਨੂੰ ਫਿਲਮਾਇਆ ਗਿਆ ਸੀ। ਅਤੇ ਬਾਕੀ ਸ਼ੂਟਿੰਗ ਜਲੰਧਰ,ਕਪੂਰਥਲਾ,ਮੋਹਾਲੀ ਚੰਡੀਗੜ ਦੇ ਨਾਲ ਨਾਲ ਹਿਮਾਚਲ ਦੇ ਵੀ ਕੁਝ ਹਿੱਸਿਆ ਵਿੱਚ ਕੀਤੀ ਗਈ ਹੈ ਅਤੇ ਕੁਝ ਕੁ ਮਹੀਨਿਆਂ ਵਿਚ ਹੀ ਫ਼ਿਲਮ ਬਣ ਕੇ ਤਿਆਰ ਹੋ ਗਈ ਸੀ।

:-ਫਿਲਮ ਵਿੱਚ ਜਿਆਦਾਤਰ ਨਵੇਂ ਚਿਹਰਿਆ ਨੂੰ ਥਾਂ ਦਿੱਤੀ ਗਈ? ਕਿਵੇ ਸੰਭਵ ਹੋ ਸਕਿਆ ਇਹ ਸਭ ਕੁਝ?

:- ਦੇਖੋ ਜੀ ਕੋਈ ਵੀ ਕਾਰਜ ਕਰਨ ਲੱਗੇ ਇੱਕ ਵਾਰ ਹੋਸਲਾ ਤਾਂ ਜਰੂਰ ਕਰਨਾ ਪੈਂਦਾ ਹੈ।ਸਾਡੀ ਟੀਮ ਦੀ ਇਹੋ ਕੋਸਿਸ਼ ਸੀ ਕਿ ਇਸ ਫਿਲਮ ਵਿੱਚ ਵੱਧ ਤੋ ਵੱਧ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇ ਜੋ ਕਿ ਇਸ ਕਹਾਣੀ ਲਈ ਜਰੂਰੀ ਸਨ।ਕੁਝ ਇੱਕ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਚਿਹਰੇ ਨਵੇਂ ਸਨ।ਜਿੰਨਾਂ ਵਿੱਚੋਂ ਮੈਂ ਵੀ ਇੱਕ ਹਾਂ। ਸੋ ਇਹ ਸਭ ਸੋਚ ਕੇ ਆੱਡੀਸ਼ਨ ਰੱਖੇ ਗਏ। ਜਿਸ ਵਿਚ ਯੋਗਤਾ ਪੂਰੀਆਂ ਕਰਨ ਵਾਲੇ ਚਿਹਰਿਆਂ ਨੂੰ ਕਲਾ ਅਤੇ ਐਕਟਿੰਗ ਦੇ ਖੇਤਰ ਦੇ ਮਾਹਿਰਾਂ ਤਿੰਨ ਮਹੀਨੇ ਵਰਕਸ਼ਾਪ ਲਗਾ ਕੇ ਟਰੇਨਿੰਗ ਦਿੱਤੀ ਗਈ ਉਸ ਤੋ ਬਾਅਦ ਸੂਟਿੰਗ ਦਾ ਕੰਮ ਸੂਰੂ ਕੀਤਾ ਗਿਆ।

:-ਫ਼ਿਲਮ ਦੇ ਹੋਰ ਪਾਤਰ ਕੋਣ ਸਨ ਅਤੇ ਫ਼ਿਲਮ ਲਈ ਗਾਣੇ ਅਤੇ ਮਿਊਜ਼ਿਕ ਦਾ ਕੰਮ ਕਿਸ ਨੇ ਕੀਤਾ?

:ਇਸ ਫ਼ਿਲਮ ਵਿੱਚ ਮੇਰੇ ਤੋਂ ਇਲਾਵਾ ਦਿਨੇਸ਼ ਸੂਦ,ਗੋਰਵ ਕੱਕੜ,ਧ੍ਰਿਤੀ ਸਹਾਰਣ,ਪ੍ਰਮੋਦ ਮਾਊਥੌ,ਯਾਦ ਗਰੇਵਾਲ, ਮੁਖ ਤੋਰ ਤੇ ਸ਼ਾਮਲ ਸਨ।ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਹੋਰਾਂ ਨੇ ਕੀਤਾ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਸੀ। ਇਸ ਫ਼ਿਲਮ ਦਾ ਪ੍ਰਮੋਸ਼ਨ ਗਾਣਾ ਜੈਜ਼ੀ ਬੀ ਹੋਰਾਂ ਨੇ ਗਾਇਆ ਸੀ।ਇਸਦੇ ਨਾਲ ਨਾਲ ਬਾਕੀ ਗਾਣੇ ਮੀਕਾ, ਕਮਾਲ ਖਾਨ, ਰਾਜ ਕਾਕੜਾ ਤੇ ਫਤਿਹ ਸ਼ੇਰ ਗਿੱਲ ਹੋਰਾਂ ਨੇ ਗਾਏ ਵੀ ਤੇ ਲ਼ਿਖੇ ਵੀ।:-ਤੁਸੀ ਇਸ ਫਿਲਮ ਵਿਚ ਕਮਾਲ ਦੀ ਅਦਾਕਾਰੀ ਕੀਤੀ ਹੈ ਕਿ ਇਸ ਤੋ ਪਹਿਲਾਂ ਵੀ ਕਿਸੇ ਫਿਲਮ ਵਿੱਚ ਰੋਲ ਕੀਤਾ ਹੈ?

:-ਇਹ ਮੇਰੀ ਪਹਿਲੀ ਫਿਲਮ ਸੀ ਮੈ ਵੀ ਸਾਡੇ ਬਾਕੀ ਨਵੇਂ ਕਲਾਕਾਰਾਂ ਵਾਂਗ ਨਵਾਂ ਸੀ ਅਤੇ ਲਗਾਤਾਰ ਵਰਕਸ਼ਾਪ ਵਿਚ ਭਾਗ ਲੈ ਲੈ ਕੇ ਇਹ ਰੋਲ ਕਰਨ ਦੇ ਕਾਬਿਲ ਹੋ ਸਕਿਆ । ਜਿਸ ਨੂੰ ਨਿਭਾ ਮੈਨੂੰ ਖੁਸ਼ੀ ਵੀ ਮਹਿਸੂਸ ਹੋਈ ਤੇ ਮਾਣ ਵੀ।

:-ਇਸ ਫਿਲਮ ਦੇ ਸੰਦਰਭ ਵਿੱਚ ਤੁਸੀਂ ਕਿਸ ਕਿਸ ਨੂੰ ਮਿਲੇ?

:- ਦੇਖੋ ਜੀ, ਜਦੋ ਕਿਸੇ ਸੰਵੇਦਨਸ਼ੀਲ ਮੁੱਦੇ ਤੇ ਕੋਈ ਫਿਲਮ ਬਣਦੀ ਹੈ ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਉਸ ਫ਼ਿਲਮ ਵਿਚਲੇ ਪਾਤਰਾਂ ਬਾਰੇ ਵੱਧ ਤੋ ਵੱਧ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।ਸੋ ਇਸ ਬਾਬਤ ਮੈਂ ਕਈ ਲੋਕਾਂ ਨੂੰ ਮਿਲਿਆ।ਜਿੰਨਾ ਵਿੱਚੋ ਭਾਈ ਜਗਤਾਰ ਸਿੰਘ ਹਵਾਰਾ ਵੀ ਇੱਕ ਸਨ। ਜਦੋ ਕੋਈ ਅਦਾਕਾਰ ਕਿਸੇ ਦਾ ਰੋਲ ਅਦਾ ਕਰਦਾ ਹੈ ਤਾਂ ਉਸ ਵਿਅਕਤੀ ਵਿਸੇਸ਼ ਬਾਰੇ ਉਸ ਦੀ ਜਿੰਦਗੀ ਦੇ ਬਾਰੇ ਨਿੱਕੀ ਤੋ ਨਿੱਕੀ ਗੱਲ ਵੀ ਬਹਤ ਮਹੱਤਵ ਪੂਰਣ ਹੋ ਜਾਂਦੀ ਹੈ।ਜਿਸ ਕਰਕੇ ਮੈ ਨਿੱਜੀ ਤੋਰ ਤੇ ਜਗਤਾਰ ਸਿੰਘ ਹਵਾਰਾ ਨੂੰ ਕਦੀ ਦਿੱਲੀ ਤਿਹਾੜ ਜੇਲ, ਕਦੀ ਚੰਡੀਗੜ ਜਾਂ ਜਿੱਥੇ ਵੀ ਉਨਾਂ ਦੀ ਪੇਸ਼ੀ ਹੁੰਦੀ ਮੈਂ ਪਹੁੰਚ ਜਾਂਦਾ।ਬਾਕੀ ਮੈਂ ਆਪਣੇ ਵਲੋਂ ਵੀ ਇਸ ਵਿਸ਼ੇ aਪਰ ਕਾਫੀ ਮਿਹਨਤ ਕੀਤੀ।

:-ਫਿਲਮ ਨਿਰਮਾਣ ਤੋਂ ਲੈ ਕੈ ਫਿਲਮ ਪ੍ਰਸਾਰਣ ਤੱਕ ਕੀ ਕੀ ਦਿੱਕਤਾ ਪੇਸ਼ ਆਈਆਂ?

:-ਦੇਖੋ ਜੀ, ਫ਼ਿਲਮ ਨਿਰਮਾਣ ਨੂੰ ਲੈ ਕੇ ਤਾਂ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਪਰ ਪ੍ਰਸ਼ਾਰਣ ਵੇਲੇ ਤਾਂ ਆਪ ਸਭ ਪਤਾ ਹੀ ਹੈ ਪਹਿਲਾਂ ਸੈਂਸਰ ਬੋਰਡ ਨੇ ਸਰਟਿਫਕੇਟ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ । ਇਸ ਤੋ ਬਾਅਦ ਸੱਤ ਮਹੀਨੇ ਦੀ ਲੜਾਈ ਤੋ ਬਾਅਦ ਸੈਂਸਰ ਬੋਰਡ ਦੀ ਸਪੁਰੀਮ ਬਾਡੀ \"ਫਿਲਮ ਸਰਟੀਫਕੇਸ਼ਨ ਐਪਲੀਏਟ ਟ੍ਰਿਬਿਊਨਲ(ਐਫ.ਸੀ,ਏ ਆਈ) ਨੇ ਕਿਤੇ ਜਾ ਕੇ ਸਾਨੂੰ ਹਰੀ ਝੰਡੀ ਦਿੱਤੀ।ਪਰ ਫ਼ਿਲਮ ਦਾ ਪਰੋਮੋ ਯੂ ਟਿਊਬ ਤੇ ਦੇਖ ਕੇ ਕਈ ਜਥੇਬੰਦੀਆਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਫ਼ਿਲਮ ਗਲਤ ਸੰਦੇਸ਼ ਦਿੰਦੀ ਹੈ ਜਦੋ ਕਿ ਅਜਿਹਾ ਕੁਝ ਫ਼ਿਲਮ ਵਿੱਚ ਹੈ ਵੀ ਨਹੀਂ ਸੀ।ਉਸ ਗਲਤ ਪ੍ਰਚਾਰ ਦੇ ਕਾਰਣ ਪੰਜਾਬ ਸਰਕਾਰ ਨੇ ਲੱਾਅ ਐਂਡ ਆਰਡਰ ਦੀ ਸਥਿਤੀ ਦਾ ਬਹਾਣਾ ਬਣਾ ਕੇ ਫ਼ਿਲ਼ਮ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਬੈਨ ਕਰ ਦਿੱਤੀ ਗਈ।ਜਿਸ ਨੂੰ ਦੇਖਦਿਆਂ ਕਈ ਗੁਆਂਢੀ ਸੂਬਿਆਂ ਨੇ ਵੀ ਬੈਨ ਲਗਾ ਦਿਤਾ।ਹਾਲਾਂਕਿ ਅਸੀ ਇਸ ਗਲਤ ਪ੍ਰਚਾਰ ਦੇ ਕਾਰਨ ਖੁਦ ਸਰਕਾਰ ਦੇ ਨੁਮਾਇੰਦੀਆਂ ਨੂੰ ਇਹ ਫਿਲਮ ਵਿਖਾਈ ਪਰ ਬਾਵਜੂਦ ਇਸਦੇ ਫ਼ਿਲਮ ਤੇ ਬੈਨ ਕਰ ਦਿੱਤਾ ਗਿਆ।ਵਿਦੇਸ਼ਾ ਵਿੱਚ ਤਾਂ ਇਹ ਫ਼ਿਲਮ ਮਿੱਥੇ ਸਮੇਂ ਤੇ ਰਿਲੀਜ਼ ਹੋਈ ਜਿਥੋਂ ਭਰਪੂਰ ਹੁੰਗਾਰਾ ਵੀ ਮਿਲਿਆ ਪਰੰਤੂ ਪੰਜਾਬ ਵਿੱਚ ਰਿਲੀਜ਼ ਕਰਾਉਣ ਦੇ ਲਈ ਸੁਪਰੀਮ ਕੋਰਟ ਦਾ ਸਹਾਰਾ ਲੈਣ ਪਿਆ।ਜਿਸ ਦੇ ਆਦੇਸ਼ਾ ਤੋ ਬਾਅਦ ਇਹ ਬੈਨ ਚੁਕਿਆ ਗਿਆ।

:-ਫਿਲਮ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ?

:- ਜੀ ਬਿਲਕੁਲ ਖੁਸ਼ ਹਾਂ । ਇਸ ਵਿਸ਼ੇ ਤੇ ਪਹਿਲਾਂ ਵੀ ਕਈ ਫਿਲਮਾਂ ਬਣ ਚੁੱਕੀਆਂ ਹਨ। ਪਰ ਇਹ ਫਿਲਮ ਬਿਲਕੁਲ ਲਕੀਰ ਤੋ ਹਟ ਕੇ ਬਣੀ ਹੋਈ ਸੀ।। ਇਸ ਫ਼ਿਲਮ ਨੂੰ ਹਿੱਟ ਕਰਨ  ਲਈ ਜਿੱਥੇ ਪ੍ਰੋਡਿਊਸਰ ਦਿਨੇਸ਼ ਸੂਦ ਡਾਇਰੈਕਟਰ ਮਨਦੀਪ ਬੈਨੀਪਾਲ ਦੇ ਨਾਲ ਨਾਲ ਸਾਡਾ ਹੱਕ ਦੀ ਸਮੁਚੀ ਟੀਮ ਨੇ ਆਪਣਾ ਦਿਨ ਰਾਤ ਇੱਕ ਕੀਤਾ। ਉਥੇ ਹੀ ਇਸ ਫ਼ਿਲਮ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਦਰਸ਼ਕਾਂ ਦੇ ਸਹਿਯੋਗ ਨਾਲ ਹੀ ਇਹ ਸਭ ਕੁਝ ਸੰਭਵ ਹੋ ਸਕਿਆ। ਇਸ ਫਿਲਮ ਨੂੰ ਉਹ ਲੋਕ ਦੇਖਣ ਆਏ ਜੋ ਕਿ ੨੫-੩੦ ਸਾਲਾ ਤੋ ਕਦੀ ਸਿਨੇਮਾ ਘਰਾਂ ਵਿੱਚ ਹੀ ਨਹੀਂ ਗਏ ਸੀ। ਖਾਸਕਾਰ ਨੋਜਵਾਨ ਵੀਰ ਇਸ ਫ਼ਿਲਮ ਨੂੰ ਦੇਖਣ ਲਈ ਕੇਸਰੀ ਪੱਗਾਂ ਅਤੇ ਦੁਮਾਲੇ ਸਜਾ ਕੇ ਆਏ।ਇਹ ਫਿਲਮ ਬਿਜ਼ਨਸ ਪੱਖੋਂ ਵੀ ਤੇ ਰੇਟਿੰਗ ਪੱਖੋਂ ਵੀ ਪੰਜਾਬੀ ਫਿਲਮਾਂ ਦੀ ਮੁਹਰਲੀ ਕਤਾਰ ਵਿਚ ਆ ਖੜੀ ਹੋਈ ਹੈ।

:-ਇਸ ਫ਼ਿਲਮ ਤੋ ਬਾਅਦ ਅਗਲਾ ਪ੍ਰਾੱਜੈਕਟ ਕੀ ਹੋਵੇਗਾ?

:-ਵੈਸੇ ਤਾਂ ਮੈਂਨੂੰ ਹੁਣ ਤੱਕ ਕਈ ਫਿਲਮਾਂ ਦੀਆ ਆੱਫਰਜ਼ ਆ ਚੁੱਕੀਆਂ ਹਨ।ਪਰ ਅਜੇ ਕਿਸੇ ਨੂੰ ਫਾਇਨਲ ਨਹੀ ਕੀਤਾ। ਦੂਜਾ ਮੈ ਕਿਸੇ ਹੋਰ ਵੱਖਰੇ ਵਿਸ਼ੇ ਤੇ ਫਿਲਮ ਬਣਾਉਣ ਦਾ ਕਾਰਜ਼ ਸ਼ੂਰੁ ਕਰਨ ਬਾਰੇ ਸੋਚ ਰਿਹਾ ਹਾਂ ਜਿਸ ਬਾਰੇ ਸਲਾਹ ਮਸ਼ਵਰੇ ਜਾਰੀ ਹਨ। ਜਿਸ ਦਾ ਖੁਲਾਸਾ ਆਉਣ ਵਾਲੇ ਕੁਝ ਕੁ ਦਿਨਾਂ ਵਿਚ ਹੀ ਮੈ ਕਰਾਂਗਾ।

:-ਕੀ ਸ਼ੰਦੇਸ ਦੇਣਾ ਚਾਹੋਗੇ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ?

:-ਸੰਦੇਸ਼ ਤਾਂ ਮੇਰਾ ਇਹੋ ਹੈ ਕਿ ਆਪਣਾ ਇਤਹਾਸ ਨਾ ਭੁਲੋ ਅਤੇ ਵੱਧ ਤੋ ਵੱਧ ਆਪਣੇ ਇਤਹਾਸ ਬਾਰੇ ਪੜੋ ਅਤੇ ਜਾਣਕਾਰੀ ਹਾਸਿਲ ਕਰੋ।ਸਗੋਂ ਇਸ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਪੈਦਾ ਹੋਣ ਵਾਲੀ ਨਵੀਂ ਪੀੜੀ ਨੂੰ ਸਾਡੇ ਕੁਰਬਾਨੀਆਂ ਭਰਪੂਰ ਇਤਹਾਸ ਤੋ ਜਾਣੂ ਕਰਵਾa।

              ਪਾਠਕੋ ! ਇਹ ਸਨ ਕੁਲਜਿੰਦਰ ਸਿੱਧੂ ਜਿੰਨਾਂ ਨੇ ਚਰਚਿੱਤ ਫ਼ਿਲਮ ਸਾਡਾ ਹੱਕ ਦੇ ਨਿਰਮਾਣ ਤੌੰਂ ਲੈ ਕੇ ਹੁਣ ਤੱਕ ਦੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ। ਅਸੀਂ ਆਸ ਕਰਦੇ ਹਾਂ ਕਿ ਕੁਲਜਿੰਦਰ ਸਿੱਧੂ ਅਤੇ ਉਹਨਾਂ ਦੀ ਟੀਮ ਇਸੇ ਤਰਾਂ ਹੀ ਲੁਕੀਆਂ ਹੋਈਆਂ ਸੱਚਾਈਆਂ ਨੂੰ ਪਰਦੇ ਤੇ ਰੂਪਮਾਨ ਕਰਦੀ ਰਹੇਗੀ।

ਖੁਸ਼ਪ੍ਰੀਤ ਸਿੰਘ ਸੁਨਾਮ(ਮੈਲਬੋਰਨ) ੦੦੬੧੪੩੩੨੯੫੭੪੪

2013-07-18
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)