Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਜਾਗੇ ਕਿਉਂ ਨਹੀਂ - ਗੁਰਭਜਨ ਗਿੱਲ.

ਹੱਕ ਸੱਚ ਇਨਸਾਫ ਦਾ ਪਹਿਰੂ, ਡਾਂਗ ਦੇ ਵਰਗਾ ਯਾਰ ਤੁਰਦਾ ਗਿਆ।
ਲੋਕ ਅਜੇ ਵੀ ਜਾਗੇ ਕਿਉਂ ਨਹੀਂ, ਲੈ ਕੇ ਰੂਹ ਤੇ ਭਾਰ ਤੁਰ ਗਿਆ।

ਲੋਕ ਸ਼ਕਤੀਆਂ ਫਾੜੀ ਫਾੜੀ, ਖੱਖੜੀਆਂ ਖਰਬੂਜ਼ੇ ਹੋਈਆਂ।
ਇਕ ਹਿੱਕੜੀ ਵਿੱਚ ਧੜਕਣ ਕਿਉਂ ਨਾ, ਲੈ ਕੇ ਸੋਚ ਵਿਚਾਰ ਤੁਰ ਗਿਆ।

ਸੰਘਰਸ਼ਾਂ ਦਾ ਅਣਥੱਕ ਯੋਧਾ ਵਾਹੋ ਦਾਹੀ ਤੁਰਦਾ ਤੁਰਦਾ
ਨੇਕੀ ਦੀ ਗੱਠੜੀ ਨੂੰ ਚੁੱਕੀ, ਅਹੁ  ਸੂਰਜ ਤੋਂ ਪਾਰ ਤੁਰ ਗਿਆ।

ਪੈਰੀਂ ਛਾਲੇ, ਅੱਖ ਵਿੱਚ ਅੱਥਰੂ, ਅਮਨ  ਦੇ ਚਿੱਟੇ ਪਰਚਮ ਵਾਲਾ,
ਗੋਲੀ ਮਾਰਾਂ ਦੀ ਬਸਤੀ ਵਿੱਚ, ਸਭਨਾਂ ਨੂੰ ਲਲਕਾਰ ਤੁਰ ਗਿਆ।

ਜ਼ੋਰ ਜਬਰ ਦੀ ਤੇਜ਼ ਹਨ੍ਹੇਰੀ, ਅੱਗੇ ਅੜਿਆ  ਪਰ ਨਾ ਝੜਿਆ।
ਕਿਰਤ ਕਰਮ ਦਾ ਸੰਤ ਸਿਪਾਹੀ, ਦੂਰ ਦੁਮੇਲੋਂ ਪਾਰ ਤੁਰ ਗਿਆ।

ਕਲਮ ਉਦਾਸ, ਸਿਆਹੀ ਸੁੱਕੀ, ਕੋਰੇ ਵਰਕ ਉਡੀਕ  ਰਹੇ ਨੇ,
ਲੱਭਦੇ ਫਿਰਨ \'\'ਵਚਾਰ ਵਿਚਾਰੇ\'\', ਕਿੱਧਰ ਮਹਿਰਮ ਯਾਰ ਤੁਰ ਗਿਆ।

ਉਹਦੇ ਵਰਗਾ ਉਹੀ ਸੀ, ਬੱਸ, ਹੋਰ ਨਹੀਂ ਸੀ ਉਦੇ ਵਰਗਾ,
ਅਗਨ ਪੰਖੇਰੂ ਜਗਦਾ ਮਘਦਾ, ਕਰਦਾ ਮਾਰੋ ਮਾਰ  ਤੁਰ ਗਿਆ।

ਵੱਡੀ ਬੁੱਕਲ ਵਾਲਾ ਬਾਬਾ, ਸੱਤ ਉਂਗਲਾਂ ਘੱਟ ਸਦੀ ਹੰਢਾ ਕੇ,
ਨਾ ਧਿਰਿਆਂ ਦੀ ਧਿਰ ਦੇ ਵਰਗਾ, ਲੋਕਾਂ ਦਾ ਇਤਬਾਰ ਤੁਰ ਗਿਆ।

ਛੇਹਰਟੇ ਵਿੱਚ ਸਤਵਾਂ ਖੂਹ ਸੀ, ਨਿਰਮਲ  ਜਲ ਦਾ ਅਣਮੁੱਕ ਸੋਮਾ,
ਮਸ਼ਕਾਂ ਭਰ ਭਰ ਵੰਡਦਾ ਵੰਡਦਾ, ਬਿਨ ਕੀਤੇ ਇਕਰਾਰ ਤੁਰ ਗਿਆ।

2013-07-06
Comments
Bahot vadia janab
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)