Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਬੀਤੇ ਨਾਲ ਨਾ ਨਿਭਾਏ ਕੌਲ ਦਾ ਇਕਬਾਲਨਾਮਾ ਹੈ: ਮੇਰੇ ਮੱਥੇ ਦਾ ਸਮੁੰਦਰ - ਗੁਰਭਜਨ ਗਿੱਲ.

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਲੰਮਾ ਸਮਾਂ ਸੰਪਾਦਕ ਪੰਜਾਬੀ ਵਜੋਂ ਸੇਵਾ ਨਿਭਾ ਚੁੱਕੇ ਸਾਡੇ ਪੁਰਖ਼ਿਆਂ ਵਿੱਚ ਸ: ਹਰਬੰਸ ਸਿੰਘ ਦਾ ਨਾਮ ਨਵੇਂ ਪ੍ਰਸੰਗ  ਵਿੱਚ ਤੁਹਾਨੂੰ ਬਹੁਤ ਓਪਰਾ ਜਾਪੇਗਾ। ਉਨ੍ਹਾਂ ਦੇ ਜੀਵਨ ਵਿਹਾਰ ਵਿੱਚ ਸ਼ਾਇਰੀ ਦਾ ਦਖ਼ਲ ਤਾਂ ਸੀ ਪਰ ਉਨ੍ਹਾਂ ਦਾ ਸਿਰਜਕ ਆਪਾ ਇਸ ਯੂਨੀਵਰਸਿਟੀ ਦੀ ਸੇਵਾ ਦੌਰਾਨ ਲਗਪਗ ਲਗਾਤਾਰ ਅਗਿਆਤਵਾਸ ਵਿੱਚ ਹੀ ਰਿਹਾ। ਸੇਵਾ ਮੁਕਤੀ ਤੋਂ ਬਾਅਦ ਉਹ ਜਦ ਕਦੇ ਵੀ ਮਿਲੇ, ਇਹ ਅਹਿਸਾਸ ਉਨ੍ਹਾਂ ਦੇ ਨਾਲ ਨਾਲ ਤੁਰਦਾ ਰਿਹਾ ਕਿ ਮੈਂ ਜਵਾਨੀ ਵੇਲੇ ਸ਼ਾਇਰੀ ਸ਼ੁਰੂ ਨਾ ਕੀਤੀ ਪਰ ਉਸ ਨਾਲ ਵਫਾ ਨਾ ਨਿਭਾ ਸਕਿਆ। ਮੈਂ ਅਕਸਰ ਉਨ੍ਹਾਂ ਪਾਸੋਂ ਜਵਾਨੀ ਵੇਲੇ ਲਿਖੀਆਂ ਕਵਿਤਾਵਾਂ ਦਾ ਜ਼ਿਕਰ ਸੁਣਦਾ ਅਤੇ ਕਈ ਵਾਰ ਉਨ੍ਹਾਂ ਕਵਿਤਾਵਾਂ ਵਿਚੋਂ ਕਿਸੇ ਇਕ ਨੂੰ ਸੁਣਨ ਦੀ ਮੰਗ ਵੀ ਕਰਦਾ। ਤੇਰੀ ਉਮਰਾਈ ਨਾਂ ਦੀ ਕਵਿਤਾ ਸੁਣਾਉਂਦਿਆਂ ਉਹ ਅਕਸਰ ਵਜਦ ਵਿੱਚ ਆ ਜਾਂਦੇ, ਬਿਲਕੁਲ ਉਵੇਂ ਜਿਵੇਂ ਕਦੇ ਪ੍ਰੋਫੈਸਰ ਮੋਹਣ ਸਿੰਘ ਆਪਣੀ ਕਵਿਤਾ \'ਮਾੜ੍ਹੀ ਗੱਲ ਸੁਣੀ ਜਾ\' ਸੁਣਾਉਂਦੇ ਹੁੰਦੇ ਸਨ। ਜ਼ਮੀਨ ਤੇ ਅੱਡੀਆਂ ਮਾਰ ਮਾਰ ਕੇ । ਕਦੇ ਗਾਉਣ ਲੱਗ ਜਾਂਦੇ। ਕਦੇ ਅੱਖਾਂ ਪਰ ਲੈਂਦੇ। ਹਰਬੰਸ ਸਿੰਘ ਵੀ ਇਵੇਂ ਹੀ ਤੇਰੀ ਉਮਰਾਈ ਸੁਣਾਉਂਦਿਆਂ ਰਸ ਵਿਭੋਰ ਹੋ ਜਾਂਦੇ:

ਅੱਜ ਅਸਾਂ ਤੇਰਾ ਜੋਬਨ ਮਾਣਿਆਂ

ਅੱਜ ਅਸਾਂ ਤੇਰਾ ਹੁਸਨ ਡੀਕਿਆ

ਸੁਪਨੇ ਵਿੱਚ ਤੇਰੀ ਕਾਇਆ ਛੋਹੀ

ਸੁਪਨੇ ਵਿੱਚ ਅਸੀਂ ਆਪਾ ਵੰਡਿਆ।

ਅੱਜ ਤੂੰ ਸਾਡੇ ਸੁਪਨੇ ਆਈ।

ਇਹ ਤੇਰੀ ਉਮਰਾਈ।ਚੁੰਮ ਚੁੰਮ ਤੇਰਾ ਪੋਟਾ ਪੋਟਾ

ਅੰਗ ਅੰਗ ਤੇਰਾ ਰੱਤਾ ਕੀਤਾ

ਤੇਰੀ ਕਾਇਆ ਬਹੂੰ ਵਿਗਸਾਈ

ਸੁਪਨੇ ਵਿੱਚ ਸਾਡੀ ਤ੍ਰਿਖਾ ਜੋ ਜਾਗੀ

ਅੱਧ ਕੱਜੀ ਅੱਧ ਨੰਗੀ

ਅਸਾਂ ਤਾਂ ਤੇਰੇ ਵੀ ਅੰਗ ਰੰਗੇ

ਅਸਾਂ ਤਾਂ ਆਪਣੇ ਵੀ ਅੰਗ ਰੰਗੇ।

ਇਹ ਕੇਹੀ ਕਿਰਿਆ ਹੋਈ।ਅਸਾਂ ਤਾਂ ਆਪਣੇ ਬੁੱਲ ਤਿਹਾਏ

ਤੇਰੇ ਹੋਠਾਂ ਤੇ ਜਦ ਰੱਖੇ

ਅਸਾਂ ਤਾ ਮਦਿਰਾ ਡੀਕੀ

ਅਸਾਂ ਤਾਂ ਜੂਨ ਇਕ ਮਾਣੀ

ਅਸਾਂ ਦਾ ਜੁਗ ਹੰਢਾਇਆਪੋਲੇ ਪੋਲੇ ਪੌਣ ਜੋ ਰੁਮਕੀ

ਤੇਰਾ ਪਿੰਡਾ ਛੋਹ ਗਈ

ਕੋਮਲ ਸੂਖ਼ਮ ਪੌਣ ਜੋ ਰੁਮਕੀ

ਮੇਰਾ ਪਿੰਡਾ ਛੋਹ ਗਈ

ਹਾਏ, ਤੇਰੇ ਵੀ ਅੰਗ ਲਰਜ਼ੇ

ਹਾਏ, ਸਾਡੇ ਵੀ ਅੰਗ ਲਰਜ਼ੇ

ਬਿਰਛ ਆਸਰੇ ਪੱਤਿਆਂ ਓਹਲੇ

ਪਹਿਲੇ ਪਹਿਰੇ ਰਾਤ ਮੁਨ੍ਹੇਰੇ

ਜੁੜੇ ਸੰਯੋਗ  ਅਣਖਿਆਲੇ

ਅਸਾਂ ਤਾਂ ਆਪਣਾ ਆਪ ਸਲਾਹਿਆ

ਅਸਾਂ ਤਾਂ ਸਭ ਕੁਝ ਪਾਇਆਤੂੰ ਸਾਡੇ ਸੁਪਨੇ ਕਾਹਨੂੰ ਆਈ

ਤੂੰ ਸਾਡੀ ਕਾਇਆਂ ਕਾਹਨੂੰ ਝੂਣੀ

ਇਕ ਉਦਾਸੀ ਸਾਰਾ ਜੀਵਨ

ਇਕ ਜੀਵਨ ਇਹ ਸੁਪਨਾਬਚਪਨ ਤੋਂ ਲੈ ਕੇ ਹੁਣ ਤਾਈਂ

ਅਸਾਂ ਕਈ ਸੈ ਜੀਵਨ ਮਾਣੇ

ਪਰ ਜੀਵਨ ਜੋ ਸੁਪਨੇ ਡਿੱਠਾ

ਅਸਾਂ ਤਾਂ ਆਪਣਾ ਰੂਪ ਸਾਜਿਆ

ਅਸਾਂ ਤਾਂ ਆਪਣੀ ਦੇਹ ਵਿਗਸਾਈ

ਅੱਜ ਤੂੰ ਸਾਡੇ ਸੁਪਨੇ ਆਈ

ਇਹ ਤੇਰੀ ਉਮਰਾਈ।ਸ: ਹਰਬੰਸ ਸਿੰਘ ਨੇ ਇਹ  ਕਵਿਤਾ ਕਦੇ 1962 ਵਿੱਚ ਨਵੀਂ ਦਿੱਲੀ ਵਿੱਚ ਵਸਦਿਆਂ ਲਿਖੀ ਸੀ। ਉਹ ਦੱਸਦੇ ਨੇ ਕਿ ਉਨ੍ਹਾਂ ਨੇ ਇਹ ਕਵਿਤਾ ਡਾ: ਹਰਿਭਜਨ ਸਿੰਘ ਜੀ ਨੂੰ ਸੁਣਾਈ ਤਾਂ ਉਨ੍ਹਾਂ ਸ਼ਾਬਾਸ਼ ਵੀ ਦਿੱਤੀ ਅਤੇ ਅੱਗੇ ਤੁਰਨ ਦੀ ਪ੍ਰੇਰਨਾ ਵੀ ਪਰ ਮੈਂ ਅਜਿਹਾ ਨਾ ਕਰ ਸਕਿਆ। ਇਸ ਨਾ ਫੁਰਮਾਨੀ ਦਾ ਅਹਿਸਾਸ ਉਨ੍ਹਾਂ ਨੂੰ ਅੱਜ ਵੀ ਬੇਚੈਨ ਕਰਦਾ ਹੈ। ਸ਼ਾਇਦ ਇਸੇ ਬੇਚੈਨੀ ਨੇ ਹੀ ਉਨ੍ਹਾਂ ਪਾਸੋਂ ਇਸ ਕਾਵਿ ਪੁਸਤਕ ਦੀ ਸਿਰਜਣਾ ਕਰਵਾਈ ਹੈ।

ਸ:  ਹਰਬੰਸ ਸਿੰਘ ਦੀ ਕਵਿਤਾ ਪੜ੍ਹਦਿਆਂ  ਮੈਨੂੰ ਵਾਰ ਵਾਰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਬੇਪਛਾਣ ਹੋਣ ਦਾ ਸੰਤਾਪ ਉਨ੍ਹਾਂ ਦਾ ਲਗਾਤਾਰ ਪਿੱਛਾ ਕਰਦਾ ਆ ਰਿਹਾ ਹੈ। ਉਨ੍ਹਾਂ ਵੱਲੋਂ ਅਕਾਦਮਿਕ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਉਨ੍ਹਾਂ ਦੀ ਰੂਹ ਨੂੰ ਨਹੀਂ ਤ੍ਰਿਪਤਾਉਂਦੀਆਂ ਸਗੋਂ ਸਿਰਜਕ ਆਪੇ ਦੀ ਬੇਕਦਰੀ ਭਾਰੂ ਹੋ ਬੈਠਦੀ ਹੈ। ਇਹ ਸਮੱਸਿਆ ਇਕੱਲੇ ਸ: ਹਰਬੰਸ ਸਿੰਘ ਦੀ ਨਹੀਂ ਸਗੋਂ ਬਹੁਤ ਸਾਰੇ ਉਨ੍ਹਾਂ ਪੰਜਾਬੀਆਂ ਦੀ ਹੈ ਜਿਨ੍ਹਾਂ ਨੂੰ ਰੁਜ਼ਗਾਰ ਦੀਆਂ ਬੇੜੀਆਂ ਨੇ ਖੁੱਲੇ ਮੈਦਾਨਾਂ ਵਿੱਚ ਦੌੜਨ ਨਹੀਂ ਦਿੱਤਾ। ਇਹੀ ਸੰਤਾਪ ਉਦੋਂ ਵਰਦਾਨ ਬਣ ਜਾਂਦਾ ਹੈ ਜਦੋਂ ਬੇੜੀਆਂ ਤੋੜ ਕੇ ਪਿਛਲੀ ਉਮਰੇ ਸਾਡੇ ਇਹ ਬਜ਼ੁਰਗ ਵੈਟਰਨ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਦੇ ਹਨ। ਸ: ਹਰਬੰਸ ਸਿੰਘ ਦੀ ਇਹ ਕਿਤਾਬ ਵੀ ਛਾਂਗੇ ਰੁੱਖ ਦੇ ਫੁਟਾਰੇ ਵਰਗੀ ਹੈ। ਬੇਪਛਾਣ ਹੋਣ ਸੰਤਾਪ ਉਸ ਨੂੰ ਮੁੜ ਮੌਲਣ, ਵਿਗਸਣ ਦੀ ਪ੍ਰੇਰਨਾ ਦੇ ਕੇ ਪਹਿਲੀ ਕਤਾਰ ਵਿੱਚ ਬੈਠਣ ਦੀ ਸ਼ਕਤੀ ਬਖਸ਼ਦਾ ਹੈ ਤਾਂ ਹੀ ਤਾਂ ਉਹ ਆਖਦਾ ਹੈ।ਮੇਰੇ ਮੱਥੇ ਵਿੱਚ ਡੁੱਬੇ ਨੇ

ਕਈ ਸੁਪਨਿਆਂ ਦੇ ਜਹਾਜ਼

ਤਹਿ ਵਿੱਚ ਬਿਖ਼ਰੇ ਪਏ ਨੇ

ਖਿਆਲਾਂ ਦੇ ਕਈ ਖ਼ਜ਼ਾਨੇਜ਼ਿੰਦਗੀ

ਤੇਰਾ ਬਹੁਤ ਕਰਜ਼ਾ ਹੈ ਮੇਰੇ ਤੇ

ਕੁਝ ਹੋਰ ਉਮਰ ਦੇ ਦੇ

ਤੇਰਾ ਕਰਜ਼ਾ ਚੁਕਾ ਦਿਆਂਜ਼ਿੰਦਗੀ ਤੋਂ ਹੋਰ ਪਲ ਉਧਾਰੇ ਮੰਗਣੇ  ਕਿਉਂ ਲਾਜ਼ਮੀ ਬਣ ਜਾਂਦੇ ਨੇ। ਇਸ  ਗੱਲ ਦਾ ਅਹਿਸਾਸ ਉਦੋਂ ਹੁੰਦਾ ਹੈ  ਜਦ ਤੁਹਾਡੇ ਬਾਤ ਮੁਕੰਮਲ ਨਾ ਹੋਈ ਹੋਵੇ।  ਅਧੂਰੀ ਬਾਤ ਦਾ ਸੰਤਾਪ ਝੱਲਣਾ ਬਹੁਤ ਔਖਾ ਹੁੰਦਾ ਹੈ ਅਤੇ ਰੁਕੀ ਬਾਤ ਨੂੰ  ਅੱਗੇ ਤੋਰਨਾ ਹੋਰ ਵੀ ਮੁਹਾਲ । ਬਾਤ ਵੀ ਜਦ ਉਸ ਨਗਰੀ ਵਿੱਚ ਪਾਉਣੀ ਹੋਵੇ ਜਿਥੇ ਤੁਹਾਨੂੰ ਜਾਨਣ ਵਾਲੇ ਚਿਹਰਿਆਂ ਦੀ ਤਾਂ ਭਰਮਾਰ ਹੋਵੇ ਪਰ ਕੋਲ ਖਲੋ ਕੇ ਸੁਣਨ ਵਾਲਾ ਕੋਈ ਵੀ ਨਾ ਹੋਵੇ। ਬੰਦ ਬੂਹਿਆਂ ਅਤੇ ਖਿੜਕੀਆਂ ਵਾਲਾ ਸ਼ਹਿਰ ਜਿਥੇ ਸੰਦਲੀ ਮਹਿਕ ਵੀ ਅੰਦਰ ਵੜਨ ਨੂੰ ਸਹਿਕਦੀ ਹੋਵੇ। ਇਸੇ ਕਰਕੇ ਉਹ ਆਖਦਾ ਹੈ:ਹੁਣ ਸੋਚਾਂ ਦਾ ਰੰਗ ਸਾਵਾ ਸਾਵਾ

ਮਹਿਕ ਇਨ੍ਹਾਂ ਦੀ ਸੰਦਲੀ

ਕਿਸ ਦਰ ਤੇ ਜਾ ਕੇ ਅਲਖ ਜਗਾਈਏ

ਸਾਨੂੰ ਕੌਣ ਪਛਾਣੇ ਯਾਰਾਗੁਆਚੇ ਪਲਾਂ ਦਾ ਹਿਸਾਬ ਕਿਤਾਬ  ਕਰਦਿਆਂ ਉਹ ਮੁਹੱਬਤ ਵਾਲੇ ਚਿਹਰੇ ਵੀ ਚੇਤੇ ਆਉਂਦੇ ਹਨ ਜਿਨ੍ਹਾਂ ਦੇ ਹੁੰਦਿਆਂ  ਸੁੰਦਿਆਂ ਮਹਿਕ ਪਰੁੱਚੇ ਅਹਿਸਾਸ ਅੰਗਸੰਗ ਰਹਿੰਦੇ ਸਨ। ਹੁਣ ਜਦ ਸਮਾਂ ਪੈਣ ਤੇ ਖੜਸੁੱਕ ਰੁੱਖ ਵਾਂਗ ਜੀਵਨ ਨਿਰਜੀਵ ਹੋ ਰਿਹਾ ਹੈ ਤਾਂ ਮਹਿਕ ਦਾ ਬੁੱਲਾ ਵੀ ਪਛਤਾਵੇ ਲੈ ਕੇ ਹੀ ਆਉਂਦਾ ਹੈ। ਸੁੱਕੇ ਰੁੱਖ ਦੇ ਟਾਹਣਾਂ ਨੂੰ ਮਹਿਕ ਦਾ ਅਹਿਸਾਸ ਕਿਵੇਂ ਹੋਵੇ। ਪੱਤਿਆਂ ਬਗੈਰ ਉਹ ਕਿਸ ਨੂੰ ਲੋਰੀਆਂ ਦੇਣ। ਹਵਾਵਾਂ ਵਿੱਚ ਖੁਸ਼ਬੋਈ ਕਿਵੇਂ ਘੁਲੇ। ਇਹ ਪਛਤਾਵਾ ਸ: ਹਰਬੰਸ ਸਿੰਘ ਦੇ ਅੰਗਸੰਗ ਰਹਿੰਦਾ ਹੈ।ਤੂੰ ਉਸ ਉਮਰੇ ਆਇਉਂ ਸੱਜਣਾ

ਜਦੋਂ ਖੰਡਰ ਬਣ ਗਏ ਸਾਡੇ

ਤੇ ਕੋਠੇ ਢੇਰੀ ਹੋਏ।ਸੁਪਨੇ ਅਤੇ ਉਡਾਰੀ ਦਾ ਰਿਸ਼ਤਾ ਬਹੁਤ ਨੇੜਲਾ ਹੈ। ਕਈ ਵਾਰ ਆਦਮੀ ਜਾਗਦਿਆਂ  ਸੁਪਨਾ ਤਾਂ ਵੇਖ ਲੈਂਦਾ ਹੈ ਪਰ ਸੁਪਨੇ  ਦੀ ਉਡਾਰੀ ਕੇਵਲ ਰਾਤਾਂ ਨੂੰ ਹੀ ਨਸੀਬ ਹੁੰਦੀ  ਹੈ। ਆਪਣੇ ਪਿਆਰੇ ਪ੍ਰੀਤਮ ਨੂੰ ਵੇਖਣ ਲਈ ਗੁਰੂ ਨਾਨਕ ਦੇਵ ਜੀ ਵੀ ਅੱਖਾਂ ਵਿੱਚ ਨੀਦਰ ਨੂੰ ਹੀ ਬੁਲਾਉਂਦੇ ਹਨ। ਆਓ ਸੁਭਾਗੀ ਨੀਦਰੜੀਏ ਕਹਿ ਕੇ ਸਹੁ ਵੇਖਣ ਦੀ ਬਾਤ ਉਚਾਰਦੇ ਹਨ। ਸ: ਹਰਬੰਸ ਸਿੰਘ ਕੋਲ ਵੀ ਖਿਆਲਾਂ ਦੀ ਉਡਾਰੀ ਤਾਂ ਹੈ ਪਰ ਉਸ ਦੇ ਖੰਭ ਬੱਝੇ ਹੋਏ ਹਨ ਤਾਂ ਹੀ ਉਹ ਆਖਦਾ ਹੈ ਕਿਅੱਜ ਕਿਸ ਮੁਕਾਮ ਤੇ ਪਹੁੰਚੇ ਹਾਂ

ਕਿ ਅੰਬਰਾਂ ਤੇ ਵੱਸਣ ਨੂੰ

ਜੀ ਕਰਦਾ ਏ

ਆਪਣੇ ਆਪ ਉੱਤੇ ਹੱਸਣ ਨੂੰ

ਜੀ ਕਰਦਾ ਏਮੇਰੇ ਮੱਥੇ ਦਾ ਸਮੁੰਦਰ ਕਾਵਿ ਸੰਗ੍ਰਹਿ ਸਾਨੂੰ ਉਪਦੇਸ਼ ਪੁਸਤਕ ਵਾਂਗ ਨਹੀਂ ਅਹਿਸਾਸ ਵਾਂਗ ਜਾਨਣਾ ਤੇ ਮਾਨਣਾ ਚਾਹੀਦਾ ਹੈ ਕਿਉਂਕਿ ਸ਼ਬਦਾਂ ਰਾਹੀਂ ਸ: ਹਰਬੰਸ ਸਿੰਘ ਨੇ ਜਿਹੜੇ ਪ੍ਰਭਾਵ ਚਿਤਰ ਉਲੀਕੇ ਹਨ ਉਹ ਕਿਸੇ ਮੰਚ ਤੇ ਖਲੋਤੇ ਉਪਦੇਸ਼ਕ ਦੀ ਵਾਰਤਾਲਾਪ ਨਹੀਂ ਸਗੋਂ ਹੱਡੀਂ ਹੰਢਾਏ ਸੱਚ ਦੀ ਪੇਸ਼ਕਾਰੀ ਹੈ। ਖੁਸ਼ਬੋਈ ਦਾ ਸਿਰਨਾਵਾਂ ਹੈ। ਮਹਿਕ ਦਾ ਮੂਕ ਗੀਤ ਹੈ। ਅੰਦਰਲੀ ਅਵਾਜ਼ ਦਾ ਚੀਖਵਾਂ ਨਹੀਂ ਗੁੰਮਸੁੰਮ ਦਰਦ ਹੈ। ਭਵਿੱਖ ਨਾਲ ਇਕਰਾਰਨਾਮਾ ਨਹੀਂ। ਬੀਤੇ ਨਾਲ ਨਾ ਨਿਭਾਏ ਕੌਲ ਦਾ ਇਕਬਾਲਨਾਮਾ ਹੈ । ਤਾਂ ਹੀ ਤਾਂ ਉਹ ਆਖਦਾ ਹੈ:ਤੇਰੇ ਬਿਨਾਂ ਜੋ ਰਾਤਾਂ ਕੱਟੀਆਂ

ਬ੍ਰਿਹਾ ਵਿੱਚ ਰੁਲ ਗਈਆਂ

ਤੇਰੇ ਨਾਲ ਜੋ ਰਾਤਾਂ ਕੱਟੀਆਂ

ਉਹ ਯਾਦਾਂ ਬਣ ਗਈਆਂ।ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਮੈਂ ਖੁਦ ਨੂੰ ਤਰੰਗਤ ਮਹਿਸੂਸ ਕਰਦਾ ਹਾਂ ਕਿਉਂਕਿ ਇਸ ਨਾਲ ਮੇਰੇ ਹੋਰ ਇਕ ਵੱਡ ਵਡੇਰੇ ਨੇ ਆਪਣੇ ਮਨ ਮਸਤਕ ਦੀ ਪੋਟਲੀ ਖੋਲ੍ਹ ਕੇ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤੀ ਹੈ। ਮੈਂ ਇਸ ਰਚਨਾ ਦਾ ਸੁਆਗਤ ਕਰਦਾ ਹਾਂ।

2013-06-20
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)