Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
\\\"ਜੀਵੇ ਜਵਾਨੀ\\\" ਦਾ ਸੁਨੇਹਾ ਦੇਣ ਵਾਲੇ ਨੂੰ ਸਲਾਮ - ਗੁਰਭਜਨ ਗਿੱਲ.

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਿਰਫ਼ ਚੰਗੀ ਕਿਸਮ ਦੇ ਬੀਜ ਹੀ ਵਿਕਸਤ ਨਹੀਂ ਕਰਦੀ, ਵੱਧ ਫ਼ਲ ਦੇਣ ਵਾਲੇ ਫ਼ਲਦਾਰ ਬੂਟੇ ਹੀ ਨਹੀਂ ਪੈਦਾ ਕਰਦੀ, ਸੋਹਣੇ ਫੁੱਲਾਂ ਦੀਆਂ ਕਿਸਮਾਂ ਹੀ ਨਹੀਂ ਖੋਜਦੀ, ਜ਼ਿੰਦਗੀ ਵਿਚ ਹੁਸਨ ਬੀਜਣ ਵਾਲੇ ਆਦਰਸ਼ਕ ਪੁੱਤਰਾਂ ਰਾਹੀ ਵੀ ਸਮਾਜ ਨੂੰ ਨਰੋਏ ਰਾਹ ਤੋਰਨ ਵਿਚ ਮਦਦਗਾਰ ਸਾਬਤ ਹੁੰਦੀ ਹੈ। ਗੁਰਪ੍ਰੀਤ ਇਸ ਯੂਨੀਵਰਸਿਟੀ ਦੀ ਪੈਦਾ ਕੀਤੀ ਵਧੀਆ ਨਸਲ ਦਾ ਅਧਿਕਾਰੀ ਹੈ। ਇਥੋਂ ਦੀ ਮਰਿਆਦਾ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੇਸ਼ ਕਰਦਾ, ਆਪਣੇ ਵਰਗੇ ਹੋਰ ਸਹਿਪਾਠੀਆਂ ਵਾਂਗ ਜ਼ਿੰਦਗੀ ਦੀ ਤੋਰ ਨੂੰ ਸਾਵੀ ਤੇ ਸੁਰੀਲੀ ਬਣਾਉਣ ਲਈ ਲਗਾਤਾਰ ਯਤਨਸ਼ੀਲ। ਆਪਣੇ ਹਾਣੀ ਵੀਰਾਂ ਸ: ਕਾਹਨ ਸਿੰਘ ਪੰਨੂੰ ਵਾਂਗ, ਜਸਵਿੰਦਰ ਭੱਲਾ ਵਾਂਗ, ਬਾਲ ਮੁਕੰਦ ਸ਼ਰਮਾ ਵਾਂਗ, ਡਾ: ਸੁਖਨੈਨ ਵਾਂਗ ਅਤੇ ਆਪਣੇ ਤੋਂ ਵੱਡੇ-ਵਡੇਰਿਆਂ ਵਾਂਗ, ਜਿਨ੍ਹਾਂ ਨੇ ਖੇਡ ਮੈਦਾਨ, ਸਭਿਆਚਾਰ ਦੇ ਖੇਤਰ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਨਿਵੇਕਲੀਆਂ ਪੈੜਾਂ ਕੀਤੀਆਂ। ਮੇਰੇ ਨਿੱਕੇ ਵੀਰ ਗੁਰਪ੍ਰੀਤ ਸਿੰਘ ਤੂਰ ਦੀ ਸੱਜਰੀ ਲਿਖਤ \'ਜੀਵੇ ਜਵਾਨੀ\' ਸਾਡੇ ਲਈ ਨਵੇਂ ਸੁਪਨਿਆਂ, ਨਵੇਂ ਆਦਰਸ਼ਾਂ ਅਤੇ ਨਵੇਂ ਅੰਬਰਾਂ ਦੀ ਤਾਂਘ ਪੈਦਾ ਕਰਦੀ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪਿਛਲੇ ਦਿਨੀਂ ਛਪ ਕੇ ਆਈ ਇਹ ਮਹੱਤਵਪੂਰਨ ਵਾਰਤਕ ਪੁਸਤਕ ਸਾਨੂੰ ਸਮਾਜਕ ਸਾਰਥਿਕਤਾ ਵਾਲੇ ਵਿਅਕਤੀ ਬਣਨ ਦੀ ਪ੍ਰੇਰਨਾ ਦਿੰਦੀ ਹੈ। ਗੁਰਪ੍ਰੀਤ  ਪੰਜਾਬ ਦੇ ਪੁਲਿਸ ਤੰਤਰ ਦਾ ਪ੍ਰਮੁਖ ਅਧਿਕਾਰੀ ਹੈ ਪਰ ਉਸ ਦੀ ਅੱਖ ਵਿੱਚ ਅੱਜ ਵੀ ਦਰਦ ਵੇਖ ਕੇ ਸਿਲ੍ਹ ਸਲਾਭ ਆਉਂਦੀ ਹੈ। ਇਹ ਉਸ ਦੀ ਸੰਵੇਦਨਸ਼ੀਲਤਾ ਦਾ ਹੀ ਪ੍ਰਤਾਪ ਹੈ। ਜੀਵੇ ਜਵਾਨੀ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਵਸਦੇ ਰਸਦੇ ਪੰਜਾਬ ਵਿੱਚ ਆਖਰ ਕਿੰਨੇ ਕੁ ਲੋਕ ਰਹਿ ਗਏ ਨੇ ਜਿਨ੍ਹਾਂ ਨੂੰ ਜਵਾਨੀ ਜਿਊਂਦੀ ਰੱਖਣ ਦਾ ਸੁਪਨਾ ਆਉਂਦਾ ਹੈ। ਜਵਾਨੀ ਨੂੰ ਰਾਹੋਂ ਕੁਰਾਹੇ ਪਈ ਹੋਣ ਦਾ ਮੇਹਣਾ ਮਾਰਨ ਵਾਲੀਆਂ ਤਾਂ ਧਾੜਾਂ ਫਿਰਦੀਆਂ ਹਨ ਪਰ ਕੁਰਾਹੋਂ ਰਾਹੇ ਪਾਉਣ ਵਾਲੇ ਗੈਰ ਹਾਜ਼ਰ ਨੇ। ਸ਼ੁਕਰ ਹੈ ਗੁਰਪ੍ਰੀਤ ਨੇ ਕੁਰਾਹੇ ਪਏ ਭੈਣਾਂ ਭਰਾਵਾਂ ਨੂੰ ਸਹੀ ਰਾਹ ਤੁਰਨ ਦੀ ਨਿਸ਼ਾਨਦੇਹੀ ਕਰਦਿਆਂ ਆਦਰਸ਼ ਮਿਥਣ ਅਤੇ ਉਸ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਵੀ ਪ੍ਰਕਾਸ਼ ਕੀਤਾ ਹੈ।ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਵਿਸ਼ਵ ਸਭਿਅਤਾ ਦਾ ਪੰਘੂੜਾ ਪੰਜਾਬ ਕਦੇ ਸ਼ਬਦ ਸਭਿਆਚਾਰ ਦੀ ਧਰਤੀ ਸੀ ਪਰ ਹੁਣ ਹੌਲੀ ਹੌਲੀ \'ਖਾਓ ਪੀਓ ਐਸ਼ ਕਰੋ ਮਿੱਤਰੋ\' ਦੇ ਸਭਿਆਚਾਰ ਨੇ ਸਾਨੂੰ ਗਹਿਰ ਗੰਭੀਰੇ ਪੰਜਾਬੀ ਬਣਨ ਦੀ ਥਾਂ ਵਿਹਲੜ ਪੰਜਾਬੀ ਦੇ ਰੂਪ ਵਿਚ ਖਿਲਾਰ ਦਿੱਤਾ ਹੈ। \'ਜੈਸਾ ਦੁੱਧ ਵੈਸੀ ਬੁੱਧ\' ਦੀ ਕਹਾਵਤ ਮੁਤਾਬਕ ਜੇਕਰ ਸਾਡੇ ਮਨ ਮਸਤਕ ਵਿਚ ਸ਼ਬਦ ਸਭਿਆਚਾਰ ਰਾਹੀਂ ਗਿਆਨ ਦਾ ਨਿਵਾਸ ਨਹੀਂ ਹੁੰਦਾ ਤਾਂ ਬੁੱਧੀ ਦਾ ਵਿਕਾਸ ਹੋਣ ਦੀ ਥਾਂ ਕੇਵਲ ਤਨ ਦੀ ਸਰਦਾਰੀ ਹੀ ਮਨ ਤੇ ਭਾਰੂ ਹੋਈ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਭ ਗੁਰੂ ਸਾਹਿਬਾਨ ਨੇ ਤਨ ਉੱਪਰ ਮਨ ਦੀ ਸਰਦਾਰੀ ਕਾਇਮ ਕਰਨ ਲਈ ਸਾਨੂੰ ਸ਼ਬਦ ਗੁਰੂ ਮੰਨਣ ਦਾ ਆਦੇਸ਼ ਦਿੱਤਾ ਸੀ। ਬਾਕੀ ਧਰਮਾਂ ਵਿਚ ਵੀ ਇਹੋ ਜਿਹੇ ਅਨੇਕਾਂ ਪ੍ਰਮਾਣ ਮਿਲਦੇ ਹਨ, ਜਿਥੇ ਸ਼ਾਸਤਰ ਦੀ ਸਰਦਾਰੀ ਹੈ। ਅੱਜ ਦਾ ਦੁਖਾਂਤ ਇਹ ਹੈ ਕਿ ਅੱਜ ਸ਼ਾਸਤਰ ਦੀ ਥਾਂ ਕੇਵਲ ਸ਼ਸਤਰ ਦੀ ਹੀ ਪੁੱਛ ਦੱਸ ਹੈ, ਬੁੱਧੀ ਦਾ ਮਾਲਕ ਹੋਣ ਦੀ ਥਾਂ ਬਾਹੂ ਬਲੀ ਹੋਣ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਬਾਹੂ ਬਲ ਵੀ ਜੇਕਰ ਨਿਰੋਲ ਤਨ ਤੇ ਅਧਾਰਿਤ ਹੁੰਦਾ ਤਾਂ ਸ਼ਾਇਦ ਸਾਨੂੰ ਬਹੁਤੇ ਫਿਕਰ ਵਾਲੀ ਗੱਲ ਨਹੀਂ ਸੀ ਲੱਗਣੀ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਬਾਹੂ ਬਲ ਜੈਵਿਕ ਅਤੇ ਰਸਾਇਣਕ ਨਸ਼ਿਆਂ ਦੀ ਗੁਲਾਮੀ ਕਰਕੇ ਫੋਕੀ ਸਰਦਾਰੀ ਦੇ ਦਮਗਜ਼ੇ ਮਾਰ ਰਿਹਾ ਹੈ।

ਪੰਜਾਬ ਨੂੰ ਖੜਗ ਭੁਜਾ ਆਖਿਆ ਜਾਂਦਾ ਸੀ ਪਰ ਅੱਜ ਭੁਜਾ ਨੂੰ ਸਿਉਂਕ ਲੱਗ  ਗਈ ਹੈ ਅਤੇ ਖੜਗ ਵੀ ਲੋਹੇ ਦੀ ਥਾਂ ਗੱਤੇ ਉੱਪਰ ਚਾੜ੍ਹੇ ਵਰਕ ਵਾਲੀ ਹੀ ਰਹਿ ਗਈ ਹੈ। ਕਾਗਜ਼ੀ ਜਵਾਨੀਆਂ ਦਾ ਭਰਮ ਭਾਂਡਾ ਕਾਇਮ ਰੱਖਣ ਲਈ ਸਾਡੇ ਸੰਚਾਰ ਮਾਧਿਅਮ ਭੈੜੇ-ਭੈੜੇ ਅਰਥਾਂ ਵਾਲੇ ਗੀਤਾਂ ਰਾਹੀਂ ਦਿਨ ਰਾਤ ਢੋਲ ਕੁੱਟ ਰਹੇ ਹਨ। ਬੰਦੇ ਦੇ ਅੰਦਰਲਾ ਸ਼ੋਰ ਜਦੋਂ ਬਾਹਰਲੇ ਸ਼ੋਰ ਤੇ ਭਾਰੂ ਹੁੰਦਾ ਹੈ ਤਾਂ ਅਜਿਹਾ ਵਰਤਾਰਾ ਹੀ ਵਰਤਦਾ ਹੈ।

ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇਸ  ਉੱਪਰ ਸਦੀਆਂ ਤੋਂ ਵੰਨ ਸੁਵੰਨੇ ਹਮਲੇ ਹੁੰਦੇ ਆਏ ਹਨ ਅਤੇ ਹਰ ਵਾਰ ਘਰ ਦੇ ਭੇਤੀਆਂ ਨੇ ਹੀ ਸਾਡੀ ਲੰਕਾਂ ਢਾਹੀ। ਹੁਣ ਵੀ ਨਸ਼ਿਆਂ ਦੇ ਪ੍ਰਦੇਸੀ ਹਮਲੇ ਵਿਚ ਸਾਡੇ ਦੇਸੀ ਵਿਭੀਸ਼ਣ ਸ਼ਾਮਿਲ ਹਨ ਜੋ ਸਾਡੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੰਕਾਂ ਨੂੰ ਫੂਕਣ ਵਾਸਤੇ ਜਵਾਨੀਆਂ ਨੂੰ ਰਾਹੋਂ ਕੁਰਾਹੇ ਪਾ ਰਹੇ ਹਨ। ਹਸਪਤਾਲ ਜਾਂ ਹੋਰ ਸੁੱਖ ਸਹੂਲਤਾਂ ਵਾਲੀਆਂ ਦੁਕਾਨਾਂ ਤਾਂ ਸ਼ਾਮੀਂ 6-7 ਵਜੇ ਬੰਦ ਹੋ ਜਾਂਦੀਆਂ ਹਨ ਪਰ ਸ਼ਰਾਬ ਦੇ ਠੇਕੇ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕੈਮਿਸਟਾਂ ਦੀਆਂ ਹੱਟੀਆਂ 24 ਘੰਟੇ ਖੁੱਲੀਆਂ ਮਿਲਦੀਆਂ ਹਨ। ਇਸ ਸਹੂਲਤ ਨੇ ਪੰਜਾਬ ਦੀ ਜਵਾਨੀ ਨੂੰ ਕੱਖੋਂ ਹੌਲੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਕੋਹੜ ਦੇ ਪਸਾਰੇ ਵਿਚ ਲੋਕਾਂ ਨੂੰ ਜ਼ਿੰਦਗੀ ਦਾ ਸੁਹਜਵੰਨਤਾ ਸਬਕ ਦੇਣ ਵਾਲੇ ਉਹ ਸਭ ਲੋਕ ਸ਼ਾਮਿਲ ਹਨ ਜਿਨ੍ਹਾਂ ਤੋਂ ਸਾਨੂੰ ਵਡੇਰੀਆਂ ਆਸਾਂ ਸਨ। ਲੋਕਤੰਤਰੀ ਨਿਜ਼ਾਮ ਵਿਚ ਲੋਕਾਂ ਨੂੰ ਸਿਆਣੇ ਬਣਾਉਣ ਦੀ ਥਾਂ ਉਨ੍ਹਾਂ ਦੀ ਬੁੱਧੀ ਨੂੰ ਨਸ਼ਿਆਂ ਦੀ ਚੁੰਗਲ ਵਿਚ ਉਲਝਾ ਕੇ ਖੁੰਡਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਇਸ ਕਾਰੋਬਾਰ ਵਿਚ ਉਹ ਲੋਕ ਗਲਤਾਨ ਹਨ ਜਿਨ੍ਹਾਂ ਪਾਸੋਂ ਸੁਪਨੇ ਵਿਚ ਵੀ ਅਜਿਹਾ ਹੋਣ ਦੀ ਆਸ ਨਹੀਂ।

ਕਿਸੇ ਵੀ ਸਮਾਜ ਵਿਚ ਵਿਧਾਨ ਪਾਲਿਕਾ, ਕਾਰਜ ਪਾਲਿਕਾ ਦੇ ਤਿੰਨ ਪਾਵੇ ਮਜਬੂਤ ਹੋਣ, ਇਨ੍ਹਾਂ ਦਾ ਆਪਸ ਵਿਚ ਸਹਿਚਾਰ ਹੋਵੇ ਤਾਂ ਨਿਜ਼ਾਮ ਵਿਕਾਸਮੁਖੀ ਰਾਹ ਧਾਰਨ ਕਰ ਲੈਂਦਾ ਹੈ ਪਰ ਜੇਕਰ ਇਨ੍ਹਾਂ ਵਿਚੋਂ ਕਿਸੇ ਇਕ ਦੀ ਤੱਕੜੀ ਵਿਚ ਹੀ ਕਾਣ ਹੋਵੇ ਤਾਂ ਸਮਾਜ ਵੀ ਲੰਗੜਾਅ ਕੇ ਤੁਰਨ ਲੱਗ ਜਾਂਦਾ ਹੈ। ਸਰਹੱਦੀ ਜ਼ਿਲ੍ਹਿਆਂ ਦੇ ਸਰਵੇਖਣ ਦਸਦੇ ਨੇ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਉਹ ਲੋਕ ਵੀ ਗਲਤਾਨ ਨੇ ਜਿਨ੍ਹਾਂ ਤੋਂ ਨਸ਼ਿਆਂ ਦਾ ਵਿਰੋਧ ਕਰਨ ਦੀ ਆਸ ਉਮੀਦ ਸੀ। ਸਮਾਜਿਕ ਮਰਿਆਦਾ ਵਿਚ ਨਸ਼ਿਆਂ ਦੀ ਸਤਿਕਾਰ ਯੋਗਤਾ ਵਧਾਉਣ ਵਿਚ ਇਨ੍ਹਾਂ ਭੱਦਰ ਪੁਰਸ਼ਾਂ ਦੀ ਚੁੱਪ ਵੀ ਜ਼ਿੰਮੇਵਾਰ ਹੈ। ਸਮਾਜਿਕ ਸਰਦਾਰੀ ਕਾਇਮ ਰੱਖਣ ਦੀ ਭੁੱਖ ਕਾਰਨ ਦਰਮਿਆਨੇ ਦਰਜੇ ਦੇ ਪਰਿਵਾਰ ਵਿਆਹ ਸ਼ਾਦੀਆਂ ਮੌਕੇ ਸ਼ਰਾਬ ਦੀ ਛਬੀਲ ਯਕੀਨੀ ਲਾਉਂਦੇ ਹਨ ਅਤੇ ਉਥੋਂ ਗਲਾਸ ਭਰ-ਭਰ ਕੇ ਪੀਣ ਵਾਲੇ ਲੋਕ ਕਿਸ ਉਮਰ ਵਰਗ ਦੇ ਹਨ ਇਸ ਗੱਲ ਦਾ ਕਿਸੇ ਨੂੰ ਚਿੱਤ ਚੇਤਾ ਨਹੀਂ। ਸਿਆਣੀ-ਬਿਆਣੀ ਉਮਰ ਦੇ ਬੰਦੇ ਵੀ ਉਥੋਂ ਹੀ ਗਲਾਸ ਭਰੀ ਜਾਂਦੇ ਹਨ ਅਤੇ ਦਸਵੀਂ ਗਿਆਰਵੀਂ ਵਾਲੇ ਕੱਚੀ ਉਮਰ ਦੇ ਬੱਚੇ ਵੀ। ਸ਼ਰਾਬ ਸਮਾਜਿਕ ਰੁਤਬੇ ਦਾ ਪ੍ਰਤੀਕ ਬਣਦੀ ਜਾ ਰਹੀ ਹੈ। ਇਹ ਗੱਲ ਗੁਰਪ੍ਰੀਤ ਸਿੰਘ ਤੂਰ ਦੀ ਕਿਤਾਬ ਦੱਸਦੀ ਹੈ ਕਿ ਸਮਾਜਿਕ ਨਿਜ਼ਾਮ ਨੂੰ ਨਿਯਮਤ ਕਰਨ ਵਿਚ ਜਿਹੜੇ ਲੋਕਾਂ ਨੇ ਆਪਣਾ ਉੱਘਾ ਯੋਗਦਾਨ ਪਾਉਣਾ ਸੀ ਉਹ ਮੂੰਹ ਵਿਚ ਘੁੰਗਣੀਆਂ ਪਾ ਕੇ ਬੈਠ ਗਏ ਹਨ।

ਗੁਰਪ੍ਰੀਤ ਸਿੰਘ ਤੂਰ ਇਸ ਪੁਸਤਕ ਤੋਂ ਪਹਿਲਾਂ \'ਸੰਭਲੋ ਪੰਜਾਬ\' ਲਿਖ ਕੇ ਪੰਜਾਬ ਨੂੰ ਨਸ਼ਿਆਂ ਦੇ ਵਹਿਣ ਵਿਚ ਰੁੜਨੋਂ ਬਚਾਉਣ ਲਈ ਹੰਭਲਾ ਮਾਰ ਚੁੱਕਾ ਹੈ ਅਤੇ ਹੁਣ \'ਜੀਵੇ ਜਵਾਨੀ\' ਰਾਹੀਂ ਨਵੇਂ ਵਿਸ਼ਿਆਂ ਨਾਲ ਸ਼ਾਸਤਰਬੱਧ ਹੋ ਕੇ ਹਾਜ਼ਰ ਹੋਇਆ ਹੈ। ਸਾਝੇਂ ਪਰਿਵਾਰਾਂ ਦਾ ਤਿੜਕਣਾ, ਇਕੱਲ ਦੇ ਚੱਕਰਵਿਊ ਵਿਚ ਘਿਰਨਾ, ਨਸ਼ਿਆਂ ਦੀ ਬੇਸ਼ਰਮ ਵਿਕਰੀ ਅਤੇ ਇਸ ਪਿਛਲਾ ਤਾਣਾ ਬਾਣਾ, ਰੁਜ਼ਗਾਰ ਦੇ ਸੁੰਘੜਦੇ ਮੌਕੇ, ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸਦੀ ਜਵਾਨੀ ਅਤੇ ਉੁਸ ਜਵਾਨੀ ਦਾ ਸ਼ਬਦ ਸਭਿਆਚਾਰ ਨਾਲੋਂ ਤੋੜ ਵਿਛੋੜਾ ਇਸ ਕਿਤਾਬ ਦੀ ਰੂਪ-ਰੇਖਾ ਕਹੀ ਜਾ ਸਕਦੀ ਹੈ। ਗ਼ਰੀਬੀ ਵਿਚ ਘਿਰਿਆ ਜਵਾਨ ਸੁਪਨਿਆਂ ਦਾ ਚੰਬਾ ਜਦੋਂ ਉਜੜਦਾ ਹੈ ਤਾਂ ਕਿਸੇ ਸੰਵੇਦਨਸ਼ੀਲ ਲੇਖਕ ਦੀ ਅੱਖ ਵਿਚ ਹੀ ਅੱਥਰੂ ਆਉਂਦਾ ਹੈ। ਪਥਰਾਏ ਨੇਤਰਾਂ ਵਾਲੇ ਇਸ ਸ਼ਕਤੀ ਤੰਤਰ ਵਿਚ ਕਿਤੇ ਕਿਤੇ ਗੁਰਪ੍ਰੀਤ ਵਰਗੇ ਧਰਤੀ ਪੁੱਤਰ ਜਿਉਂਦੇ ਹਨ ਜਿਨ੍ਹਾਂ ਦੀ ਅੱਖ ਵਿਚ ਅੱਜ ਵੀ ਅੱਥਰੂ ਟਪਕਦੇ ਹਨ। ਪਿਛਲੀ ਵਾਰ ਜਦ ਮੈਂ ਪਾਕਿਸਤਾਨ ਗਿਆ ਤਾਂ ਪੰਜਾਬੀ ਕਵੀ ਅਬਦੁਲ ਕਰੀਮ ਕੁਦਸੀ ਨੇ ਕਿਸੇ ਉਰਦੂ ਸ਼ਾਇਰ ਦੇ ਹਵਾਲੇ ਨਾਲ ਮੈਨੂੰ ਅਤੇ ਡਾ. ਜਗਤਾਰ ਨੂੰ ਇਹ ਸ਼ੇਅਰ ਸੁਣਾ ਕੇ ਉਦਾਸ ਕੀਤਾ ਸੀ।ਮੇਰੀ ਕਹਾਨੀ ਤੇਰੀ ਕਹਾਨੀ ਸੇ ਮੁਖ਼ਤਲਿਫ਼  ਹੈ।

ਜੈਸੇ ਆਂਖ ਕਾ ਪਾਨੀ, ਪਾਨੀ ਸੇ ਮੁਖ਼ਤਲਿਫ਼  ਹੈ।ਗੁਰਪ੍ਰੀਤ ਅਧਿਕਾਰੀ ਜ਼ਰੂਰ ਹੈ ਪਰ ਉਸਦੀ ਅੱਖ  ਵਿਚ ਪਾਣੀ ਨਹੀਂ ਗ਼ਰੀਬੀ ਵੇਖ ਕੇ ਹੰਝੂ ਟਪਕਦੇ ਹਨ। ਆਮ ਅੱਖਾਂ ਨਾਲੋਂ ਬਿਲਕੁਲ ਵੱਖਰੇ। ਆਪਣੀ ਕੁੰਠਾਂ ਅਤੇ ਮਨ ਦੀ ਬੇਚੈਨੀ ਨੂੰ ਉਹ ਸ਼ਬਦਾਂ ਹਵਾਲੇ ਕਰਕੇ ਜ਼ਿੰਮੇਵਾਰੀ ਦਾ ਭੁਗਤਾਨ ਕਰਦਾ ਹੈ। ਇਸ ਧਰਤੀ \'ਤੇ ਕਿੰਨੇ ਕੁ ਲੋਕ ਰਹਿ ਗਏ ਹਨ ਜੋ ਸ਼ਬਦਾਂ ਨੂੰ ਆਪਣੇ ਸਾਂਝੀਵਾਲ ਬਣਾ ਕੇ ਆਪਣੀ ਪੀੜ ਉਨ੍ਹਾਂ ਨੂੰ ਸੌਂਪਦੇ ਹੋਣ। ਸੂਲਾਂ \'ਚ ਘਿਰਿਆ ਚਿੜੀਆਂ ਦਾ ਚੰਬਾ ਪੜ੍ਹਦਿਆਂ, ਸੱਚ ਜਾਣਿਓ ਮੈਂ ਆਪ ਅੱਥਰੂ-ਅੱਥਰੂ ਹੋ ਗਿਆ ਸਾਂ। ਸੰਮੀ ਦੀ ਕਹਾਣੀ ਵੀ ਤੁਹਾਨੂੰ ਆਮ ਆਦਮੀ ਨਹੀਂ ਰਹਿਣ ਦਿੰਦੀ। ਪਰਦੇਸਾਂ ਵਿਚ ਵੱਸਣ ਦੀ ਝਾਕ ਨੇ ਸਾਨੂੰ ਕਿੰਨੇ ਕਮੀਨੇ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਗੁਰਪ੍ਰੀਤ ਦੀ ਇਸ ਲਿਖਤ ਵਿਚੋਂ ਵੇਖ ਸਕਦੇ ਹੋ।

ਜਵਾਨੀ ਕੀ ਕਰੈ? ਇਨ੍ਹਾਂ ਮਸਲਿਆਂ ਨੂੰ ਵੀ ਉਸ ਨੇ ਆਪਣੀ ਲਿਖਤ ਦਾ ਕੇਂਦਰ ਬਣਾਇਆ  ਹੈ। ਸਿੱਖਿਆ ਤੰਤਰ ਕਿਰਤ ਦੀ ਉਸਾਰੀ ਲਈ  ਕੀ ਕਰ ਸਕਦਾ ਹੈ, ਰੁਜ਼ਗਾਰ ਪ੍ਰਾਪਤੀ ਲਈ ਕਿਵੇਂ ਸਹਾਈ ਹੋ ਸਕਦਾ ਹੈ। ਇਨ੍ਹਾਂ ਸਾਰੇ ਸੁਆਲਾਂ ਨੂੰ ਗੁਰਪ੍ਰੀਤ ਬਾਖ਼ੂਬੀ ਦੱਸਦਾ ਹੈ। ਖੇਡ ਖਿਡਾਰੀ, ਸਭਿਆਚਾਰਕ ਯੁਵਕ ਕਲੱਬਾਂ ਦੇ ਯੋਗਦਾਨ ਤੋਂ ਇਲਾਵਾ ਸਾਹਿਤ ਦੀ ਜ਼ਿੰਦਗੀ ਵਿਚ ਮਹੱਤਤਾ, ਰੰਗ ਮੰਚ ਦਾ ਯੋਗਦਾਨ, ਉਸ ਦੀ ਲਿਖਤ ਵਿਚ ਥਾਂ-ਥਾਂ ਹਾਜ਼ਰ ਹਨ। ਜ਼ਿੰਦਗੀ ਕਿਹੋ ਜਿਹੀ ਹੈ, ਉਸ ਦੀ ਥਾਂ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਸਦੇ ਨਕਸ਼ ਵੀ ਉਲੀਕਦਾ ਹੈ। ਜਵਾਨੀ ਨਾਲ ਸਿੱਧਾ ਸੰਪਰਕ ਜੋੜਦਾ ਹੈ। ਵਕਤ ਦੀ ਅੱਖ ਵਿਚ ਅੱਖ ਪਾਉਂਦਾ ਹੈ ਅਤੇ ਸਿੱਧੇ ਸਤੋਰ ਖੜ੍ਹੇ ਹੋਣ ਦਾ ਸੁਪਨਾ ਜਵਾਨੀ ਦੇ ਮਨਾਂ ਵਿਚ ਬੀਜਦਾ ਹੈ। ਇਕ ਲੇਖਕ ਇਸ ਤੋਂ ਵਧ ਹੋਰ ਕਰ ਵੀ ਕੀ ਸਕਦਾ ਹੈ? ਪ੍ਰਸ਼ਾਸਨ ਅਤੇ ਹਕੂਮਤ ਦੇ ਕਰਨ ਵਾਲੇ ਕੰਮ ਤਾਂ ਉਨ੍ਹਾਂ ਨੇ ਹੀ ਕਰਨੇ ਹਨ ਪਰ ਗੁਰਪ੍ਰੀਤ ਸਿੰਘ ਤੂਰ ਜਿਸ ਦਰਦ ਨਾਲ ਇਸ ਸਭ ਕਾਸੇ ਨੂੰ ਵੇਖਦਾ ਹੈ ਅਤੇ ਪੇਸ਼ ਕਰਦਾ ਹੈ ਉਸ ਨਾਲ ਸੰਵੇਦਨਸ਼ੀਲ ਮਨ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।

ਆਪਣੇ ਨਿੱਕੇ ਹਿੰਮਤੀ ਅਤੇ ਉਤਸ਼ਾਹੀ  ਵੀਰ ਦੀ ਕਲਮ ਨੂੰ ਪਿਆਰਦਾ ਹੋਇਆ ਮੈਂ ਇਸ ਪੁਸਤਕ ਦੇ ਪ੍ਰਕਾਸ਼ਨ \'ਤੇ  ਮੁਬਾਰਕ ਦਿੰਦਾ ਹਾਂ।

-ਪ੍ਰੋ. ਗੁਰਭਜਨ ਸਿੰਘ ਗਿੱਲ

ਪ੍ਰਧਾਨ,

ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ

( ਫੋਨ : 98726-31119)

2013-04-26
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)