Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸੋਹਣੀ- ਮਹੀਂਵਾਲ ਦੀ ਦਾਸਤਾਨ - ਜਤਿੰਦਰ ਸਿੰਘ ਔਲ਼ਖ.

ਪੰਜਾਬ ਦੀਆਂ ਲੋਕ ਦਾਸਤਾਨਾਂ \'ਚ ਇੱਕ ਮਹੱਤਵਪੂਰਨ ਸੋਹਣੀ- ਮਹੀਂਵਾਲ ਦੀ ਲੋਕ ਦਾਸਤਾਨ ਹੈ। ਹੋਰਨਾਂ ਤੋਂ ਇਲਾਵਾ ਫ਼ਜਲ ਸ਼ਾਹ ਅਤੇ ਪੂਰਨ ਰਾਮ ਦੀ ਲਿਖੀ ਸੋਹਣੀ ਕਾਫੀ ਮਕਬੂਲ ਹੋਈਆਂ। ਇਹ ਬਲਖ-ਬੁਖਾਰੇ ਦੇ ਅਮੀਰ ਮਿਰਜਾ ਇੱਜਤ ਬੇਗ ਅਤੇ ਗੁਜਰਾਤ ਸ਼ਹਿਰ ਦੀ ਮੁਟਿਆਰ ਸੋਹਣੀ ਦੀ ਪ੍ਰੇਮ ਕਥਾ ਹੈ।

ਫ਼ਜਲ ਸ਼ਾਹ ਲਿਖਦਾ ਹੈ:

ਇਕ ਸ਼ਹਿਰ ਗੁਜਰਾਤ ਝੁਨਾਉਂ ਕੰਢੇ,

ਉਹਦੇ ਵਿੱਚ ਤੁੱਲਾ ਘੁਮਿਆਰ ਆਹਾ।

ਸਾਰਾ ਮੁਲਕ ਪੰਜਾਬ ਉਸਦੇ ਭਾਡਿਆਂ \'ਤੇ,

ਬੜੇ ਸ਼ੌਂਕ ਸੇਤੀ ਖਰੀਦਾਰ ਆਹਾ।

ਤੁੱਲੇ ਦੇ ਘਰ ਧੀ ਨੇ ਜਨਮ ਲਿਆ। ਉਸਦਾ ਨਾਮ ਰੱਖਿਆ ਗਿਆ ਸੋਹਣੀ। ਜਦੋਂ ਉਹ ਜੁਆਨ ਹੋਈ ਤਾਂ ਰੱਜ ਕੇ ਸੋਹਣੀ ਨਿਕਲ਼ੀ। ਫਜਲ ਸ਼ਾਹ ਵਰ੍ਹੇ ਦਰ ਵਰ੍ਹੇ ਸੋਹਣੀ ਦੇ ਜੁਆਨ ਹੋਣ ਤੱਕ ਤਹੱਮਲ ਨਾਲ਼ ਸੋਹਣੀ ਦੇ ਹੁਸਨ ਦੀ ਤਾਰੀਫ ਕਰਦਾ ਹੈ।

ਵਰ੍ਹੇ ਬਾਰਵੇਂ ਵਿਚ ਪਰਵਾਰ ਸੋਹਣੀ,

ਜਿਵੇਂ ਚੌਧਵੀਂ ਚੰਦ ਪਰਵਾਰ ਬੇਲੀ।

ਸਈਆਂ ਇਕ ਤੋਂ ਇਕ ਚੜੰਦੀਆਂ ਸਨ

ਐਪਰ ਸੋਹਣੀ ਸੀ ਵਿਚ ਸਰਦਾਰ ਬੇਲੀ

ਅੱਗੇ ਜਾ ਕੇ ਫ਼ਜਲ ਸ਼ਾਹ ਨੇ ਸੋਹਣੀ ਦੀ ਮਜੇਦਾਰ ਢੰਗ ਨਾਲ਼ ਤਾਰੀਫ ਕਰਦਿਆਂ ਲਿਖਿਆ ਹੈ;

ਚਰਖਾ ਸੋਹਣੀ ਦਾ ਚੰਦਨ ਚੀਰ ਘੜਿਆ,

ਉਹਦੀ ਬਣਤ ਸੋਨੇ ਚਾਂਦੀ ਨਾਲ ਆਹਾ।

ਜਿਵੇਂ ਸੂਰਜੇ ਤਰਫ ਨਾ ਧਿਆਨ ਹੋਵੇ,

ਇਵੇਂ ਹੁਸਨ ਦੀ ਤੇਜ ਮਸ਼ਾਲ ਆਹਾ।

ਫ਼ਜਲ ਸੱਚ ਦੀ ਸੋਹਣੀ ਸੋਹਣੀ ਸੀ,

ਲੜੀ ਮੋਤੀਆਂ ਦੀ ਵਾਲ ਵਾਲ ਆਹਾ।

ਜਵਾਨੀ \'ਚ ਪੈਰ ਧਰ ਰਹੀ ਸੋਹਣੀ ਖੂਬਸੂਰਤੀ ਨਾਲ਼ ਮਾਲਾਮਾਲ ਸੀ। ਕਹਿੰਦੇ ਨੇ ਕਿ ਉਸ \'ਤੇ ਨਿਗਾਹ ਨਹੀਂ ਸੀ ਠਹਿਰਦੀ। ਉਹ ਹਾਰ-ਸ਼ਿਗਾਰ ਅਤੇ ਗਹਿਣੇ ਪਾ ਕੇ ਬਾਹਰ ਨਿਕਲ਼ਦੀ ਤਾਂ ਆਸ਼ਕਾਂ ਦੇ ਦਿਲ ਮਚਲ ਉੱਠਦੇ ਅਤੇ ਇਸ਼ਕ ਦੀ ਭੱਠੀ \'ਚ ਤਪਣ ਲੱਗ ਪੈਂਦੇ। ਬਾਜੂ ਬੰਦ ਪਹਿਨ, ਕੇਸਾਂ ਨੂੰ ਅਤਰ ਲਾਉਂਦੀ। ਕਾਲ਼ੇ ਨੈਣਾਂ \'ਚ ਕੱਜਲ ਦੀ ਧਾਰ ਵੇਖ ਸਾਫ ਇਮਾਨ ਮੋਮਨ ਵੀ ਡੋਲ ਜਾਂਦੇ। ਉਸਦੀ ਪੰਜੇਬ ਦੀ ਅਵਾਜ ਕੰਨਾਂ \'ਚ ਜਾਦੂ ਘੋਲ ਜਾਂਦੀ। ਉਹ ਰੇਸ਼ਮ ਦਾ ਲਿਬਾਸ ਪਹਿਨਦੀ ਤੇ ਕਦੀ ਰਾਜਕੁਮਾਰੀ ਤੋਂ ਘੱਟ ਨਹੀਂ ਸੀ ਲੱਗਦੀ।

ਫੌਜਾਂ ਪਹੁੰਚੀਆਂ ਨੇ ਦਿੱਲੀ ਦਿਲਾਂ ਉੱਤੇ,

ਆਣ ਪਹੁੰਚੀਆਂ ਲੱਖ ਵਜੀਰ ਕੀਤੇ।

ਫ਼ਜਲ ਹੱਸ ਕੇ ਗੱਲ ਗਵਾ ਨਾਹੀਂ

ਉਹਦੇ ਹਾਸੇ ਸ਼ਾਹ ਫਕੀਰ ਕੀਤੇ।

ਉੱਧਰ ਬਲ਼ਖ ਅਤੇ ਬੁਖਾਰਾ ਸ਼ਹਿਰ ਘੁੱਗ ਵੱਸਦੇ ਅਮੀਰ ਵਪਾਰੀਆਂ ਦੇ ਸ਼ਹਿਰ ਸਨ। ਇੱਥੇ ਚੁਗੱਤਿਆਂ ਦਾ ਰਾਜ ਸੀ। ਇੱਥੋਂ ਦੇ ਵਪਾਰੀ ਦੁਨੀਆਂ ਭਰ \'ਚ  ਵਪਾਰ ਕਰਨ ਜਾਂਦੇ। ਇੱਥੋਂ ਦਾ ਇੱਕ ਮਿਰਜਾ ਆਲੀ ਬਹੁਤ ਵੱਡਾ ਸੌਦਾਗਰ ਸੀ।   ਪਰ ਉਸਦੇ ਕੋਈ ਔਲਾਦ ਨਹੀਂ ਸੀ। ਉਹ ਇੱਕ ਫਕੀਰ ਪਾਸ ਜਾਂਦਾ ਹੈ। ਅਤੇ ਫਕੀਰ ਉਹਦੇ ਲਈ ਦੁਆ ਕਰਦਾ ਹੈ। ਉਸਦੇ ਘਰ ਇੱਕ ਪੁੱਤ ਦਾ ਜਨਮ ਹੁੰਦਾ ਹੈ। ਮੁੱਲਾਂ ਨੂੰ ਸੱਦ ਕੇ ਉਸਦਾ ਨਾਮ ਇੱਜਤ ਬੇਗ ਮਿਰਜਾ ਰਖਵਾਇਆ ਗਿਆ। ਮਿਰਜਾ ਬੇਗ ਰੱਜ ਕੇ ਸੋਹਣਾ ਤੇ ਹੁਸ਼ਿਆਰ ਸੀ। ਉਹ ਜਦੋਂ ਮੁੱਲਾਂ ਕੋਲ਼ ਮਸੀਤੇ ਪੜ੍ਹਨ ਗਿਆ ਤਾਂ ਜਲਦੀ ਹੀ ਅੱਖਰ ਸਿੱਖ ਗਿਆ ਤੇ ਛੋਟੀ ਉਮਰੇ ਹੀ ਦਾਨਿਸ਼ਮੰਦੀ ਦੀਆਂ ਗੱਲਾਂ ਕਰਨ ਲੱਗਾ।  ਲੋਕੀਂ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਉਸਤੋਂ ਪੁੱਛਦੇ। ਕਈ ਮਖੌਲ਼ ਨਾਲ਼ ਕਹਿ ਛੱਡਦੇ ਕਿ ਦੁਬਾਰਾ ਅਫਲਾਤੂਨ ਪੈਦਾ ਹੋਇਆ ਹੈ। ਇੱਜਤ ਬੇਗ  ਤੀਰ ਅੰਦਾਜੀ ਸਿੱਖਦਾ ਹੈ। ਏਨਾ ਕਮਾਲ ਦਾ ਤੀਰਅੰਦਾਜ ਨਿਕਲ਼ਦਾ ਹੈ ਕਿ ਕਦੀ ਵੀ ਨਿਸ਼ਾਨਿਉਂ ਨਹੀਂ ਖੁੰਝਦਾ। ਉਹ ਚੌਧਵੇਂ ਵਰ੍ਹੇ \'ਚ ਘੋੜਸਵਾਰੀ ਦਾ ਮਾਹਰ ਹੋ ਜਾਂਦਾ ਹੈ। ਮਿਰਜਾ ਇੱਜਤ ਬੇਗ ਆਪਣੇ ਅੱਬਾ ਨੂੰ ਝੱਕਦਿਆਂ-ਝੱਕਦਿਆਂ ਦਿੱਲੀ ਜਾ ਕੇ ਵਪਾਰ ਕਰਨ ਦੀ ਗੱਲ ਕਹਿੰਦਾ ਹੈ। ਪਹਿਲਾਂ ਤਾਂ ਉਹਦਾ ਬਾਪ ਉਹਨੂੰ ਦਿੱਲੀ ਜਾਣ ਦੀ ਇਜਾਜਤ ਨਹੀਂ ਦਿੰਦਾ ਪਰ ਉਸਦੇ ਜਿੱਦ ਕਰਨ \'ਤੇ ਉਹਨੂੰ ਜਾਣ ਲਈ ਕਹਿ ਦਿੰਦਾ ਹੈ। ਜਦੋਂ ਮਿਰਜਾ ਬੇਗ ਯਾਰਾਂ-ਬੇਲੀਆਂ ਅਤੇ ਨੌਕਰਾਂ-ਗੁਲਾਮਾਂ ਨਾਲ਼ ਦਿੱਲੀ ਨੂੰ ਜਾਣ ਲਈ ਤਿਆਰ ਹੁੰਦਾ ਹੈ ਤਾਂ ਉਸਦੇ ਮਾਈ-ਬਾਪ ਬਹੁਤ ਉਦਾਸ ਹੋ ਜਾਂਦੇ ਹਨ।

ਸੈਂਕੜੇ ਊਠਾਂ \'ਤੇ ਵਪਾਰ ਦਾ ਸਮਾਨ ਲੱਦਿਆ ਗਿਆ। ਲੌਂਗ-ਲਾਚੀਆਂ, ਪਿਸਤਾ ਸੌਗੀ, ਬਦਾਮ ਕਾਜੂ, ਖੁਰਾਸਾਨ ਦੇ ਮੇਵੇ, ਸੇਬ, ਅਖਰੋਟ, ਖਜੂਰਾਂ ਆਦਿ ਲੱਦੀਆਂ ਗਈਆਂ। ਮਾਂ-ਬਾਪ ਨੇ ਢੇਰ ਸਾਰੀਆਂ ਦੁਆਵਾਂ ਦੇ ਕੇ ਆਪਣੇ ਨਵੇਂ ਬਣੇ ਵਪਾਰੀ ਪੁੱਤ ਨੂੰ ਤੋਰਿਆ।  ਪਰ ਪਤਾ ਨਹੀ ਸੀ ਕਿ ਉਹਨਾਂ ਦੇ ਪੁੱਤ ਨੇ ਇਸ਼ਕ ਦੇ ਵਣਜ \'ਚ ਪੈ ਕੇ ਮਾਈ-ਬਾਪ ਦੇ ਹੱਥੋਂ ਜਾਂਦੇ ਰਹਿਣਾ ਹੈ। ਇਸ਼ਕ ਦੀ ਸਿੱਕ ਰੂਹ ਨੂੰ ਖਾ ਜਾਂਦੀ ਹੈ ਤੇ ਇੱਸ਼ਕ ਦੇ ਵਪਾਰ \'ਚ ਸਦਾ ਘਾਟੇ ਹੀ ਹੁੰਦੇ ਹਨ।

ਦਿੱਲੀ ਜਾ ਕੇ ਮਿਰਜਾ ਬੇਗ ਮੁਗਲ ਬਾਦਸ਼ਾਹ ਦੇ ਹਜੂਰ ਅਨੇਕ ਤੋਹਫੇ ਪੇਸ਼ ਕਰਦਾ ਹੈ ਤੇ ਅਨੇਕ ਵਪਾਰੀਆਂ ਨਾਲ਼ ਸੌਦੇਬਾਜੀਆਂ ਕਰ ਕੁਝ ਦਿਨਾਂ ਬਾਅਦ ਲਾਹੌਰ ਸ਼ਹਿਰ ਵੱਲ ਕੂਚ ਕਰ ਦਿੰਦਾ ਹੈ। ਮਿਰਜਾ ਬੇਗ ਲਾਹੌਰ ਦੀ ਖੂਬਸੂਰਤੀ ਵੇਖ ਹੈਰਾਨ ਰਹਿ ਜਾਂਦਾ ਹੈ।

ਬਾਂਕੇ ਤੌਰ ਲਾਹੌਰ ਦੇ ਲੋਕ ਸਾਰੇ,

ਸ਼ੁਗਲਦਾਰ ਆਪੋ- ਆਪਣੇ ਕਾਰ ਹੋਏ।

ਲਾਹੌਰ ਤੋਂ ਚੱਲ ਕਾਫਲਾ ਰਾਵੀ ਲੰਘ ਗਿਆ । ਤੇ ਝਨਾਂ ਦੇ ਕੰਢੇ ਪਹੁੰਚ ਗਿਆ। ਝਨਾਂ ਪਾਰ ਕੀਤਾ ਤਾਂ ਗੁਜਰਾਤ ਸ਼ਹਿਰ ਨਜ਼ਰ ਆਉਣ ਲੱਗਾ। ਰਾਤ ਪੈ ਗਈ ਇੱਕ ਸਰਾਂ \'ਚ ਵਪਾਰੀਆਂ ਡੇਰੇ ਲਾ ਲਏ। ਗੁਲਾਮਾਂ-ਨੌਕਰਾਂ ਲਈ ਤੰਬੂ-ਕਨਾਤਾਂ ਲਾਈਆਂ ਗਈਆਾਂਂ। ਝਨਾਂ ਦੇ ਇਸ਼ਕ ਰੰਗੇ ਪਾਣੀਆਂ ਦਾ ਕੁਝ ਤੇ ਅਸਰ ਹੋਣਾ ਸੀ। ਉਹਦੇ ਯਾਰ-ਬੇਲੀ ਜਾਣ ਲਈ ਛੋਹਲ਼ੇ ਸਨ। ਘਰਾਂ ਦੀ ਯਾਦ ਸਤਾ ਰਹੀ ਸੀ। ਪਰ ਮਿਰਜਾ ਬੇਗ ਨੇ ਕੁਝ ਦਿਨ ਰੁਕਣ ਦਾ ਫੈਸਲਾ ਕਰ ਲਿਆ।

ਇੱਕ ਦਿਨ ਮਿਰਜਾ ਬੇਗ ਨੇ ਇੱਥੇ ਮਹਿਫਿਲ ਲਾਈ। ਨੱਚਾਰ ਅਤੇ ਗਵੱਈਏ ਆਪਣੇ ਫ਼ਨ ਦਾ ਜਾਦੂ ਬਿਖੇਰਨ ਲੱਗੇ। ਰਾਗੀਆਂ ਨੇ ਹਰ ਤਰ੍ਹਾਂ ਦੇ ਰਾਗ ਗਾ ਕੇ ਰੰਗ ਬੰਨਿਆ। ਮਿਰਜਾ ਬੇਗ ਦਾ ਇੱਕ ਗੁਲਾਮ ਤੁੱਲੇ ਘੁਮਿਆਰ ਕੋਲ਼ ਪਿਆਲੇ ਖਰੀਦਣ ਲਈ ਜਾਂਦਾ ਹੈ। ਉਹ ਸੋਹਣੀ ਦਾ ਰੁਪ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਅਤੇ ਆ ਕੇ ਮਿਰਜਾ ਬੇਗ ਕੋਲ਼ ਸੋਹਣੀ ਦੇ ਹੁਸਨ ਦੀ ਤਾਰੀਫ ਦੇ ਪੁੱਲ਼ ਬੰਨ ਦਿੰਦਾ ਹੈ:

ਚਿਹਰਾ ਚੌਧਵੀਂ ਰਾਤ ਦਾ ਚੰਨ ਆਹਾ,

ਹੱਥੋਂ ਚੰਦ ਦਾ ਚੰਦ ਸਦਾਂਵਦਾ ਜੇ।

ਪਲਕਾਂ ਤੀਰ ਜ਼ੁਲਫ ਜੰਜੀਰ ਉਸਦੀ,

ਗੋਇਆ ਨਾਗ ਕਾਲ਼ਾ ਕੁੰਡਲ ਪਾਂਵਦਾ ਜੇ।

ਸੋਹਣੀ ਦੇ ਹੁਸਨ ਦੀ ਤਾਰੀਫ ਸੁਣ ਕੇ ਮਿਰਜਾ ਬੇਗ ਸੋਹਣੀ ਨੂੰ ਵੇਖਣ ਲਈ ਕਾਹਲ਼ਾ ਹੋ ਜਾਂਦਾ ਹੈ। ਤੇ ਉਸੇ ਵੇਲ਼ੇ ਗੁਲਾਮ ਨਾਲ਼ ਸੋਹਣੀ ਦੇ ਘਰ ਵੱਲ ਤੁਰ ਪੈਂਦਾ ਹੈ। ਮਿਰਜਾ ਬੇਗ ਨੂੰ ਸੋਹਣੀ ਭਾਂਡੇ ਵਿਖਾਉਂਦੀ ਹੈ। ਪਰ ਮਿਰਜਾ ਬੇਗ ਤਾਂ ਵਕਤ ਟਪਾਈ ਕਰ ਰਿਹਾ। ਉਸਨੂੰ ਕੋਈ ਭਾਡਾਂ ਪਸੰਦ ਨਹੀਂ ਆਉਂਦਾ। ਉਹ ਵਾਰ-ਵਾਰ ਕਹਿੰਦਾ \'ਹੋਰ ਕੋਈ ਵਿਖਾਉ\'। ਕਾਫੀ ਸਮਾਂ ਬੀਤ ਜਾਂਦਾ। ਤੇ ਅੰਤ ਸੋਹਣੀ ਅੱਕ ਕੇ ਕਹਿ ਦੇਂਦੀ ਹੈ, \" ਜਾਹ ਅਗਲੀ ਹੱਟੀ ਤੋਂ ਵੇਖ ਲੈ , ਸਾਡੇ ਕੋਲ ਤੇਰੇ ਗੋਚਰਾ ਕੁਝ ਨਹੀਂ ਹੈਗਾ \"।

ਮਿਰਜਾ ਬੇਗ ਆਪਣੇ ਡੇਰੇ \'ਤੇ ਮੁੜ ਆਉਂਦਾ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ। ਸਾਰੀ ਰਾਤ ਖਿਆਲਾਂ ਦੀ ਉਧੇੜ-ਬੁਣ \'ਚ ਗੁਜਰ ਜਾਂਦੀ ਹੈ। ਅਗਲੇ ਦਿਨ ਉਹ ਫਿਰ ਭਾਡੇ ਖਰੀਦਣ ਜਾ ਧਮਕਿਆ। ਤੇ ਵੇਲਾ ਵਹਾ ਕੇ ਦੋ-ਚਾਰ ਭਾਡੇਂ ਖਰੀਦ ਵਾਪਸ ਆ ਗਿਆ।

ਪਰ ਉਸਨੂੰ ਤਾਂ ਰੋਜ ਸੋਹਣੀ ਦੇ ਘਰੇ ਜਾਣ ਦਾ ਬਹਾਨਾ ਚਾਹੀਦਾ ਸੀ। ਇੱਕ ਦਿਨ ਗੁਲਾਮ ਨੇ ਸਲਾਹ ਦਿੱਤੀ ਕਿ ਏਦਾਂ ਗੱਲ ਨਹੀਂ ਬਣਨੀ। ਆਪਾਂ ਗੁਜਰਾਤ ਸ਼ਹਿਰ \'ਚ ਭਾਡਿਆਂ ਦੀ ਦੁਕਾਨ ਪਾ ਲਈਏ। ਰੋਜ਼ ਤੁੱਲੇ ਘੁਮਿਆਰ ਤੋਂ ਖਰੀਦ ਕੇ ਅਗਾਂਹ ਵੇਚ ਦਿਆ ਕਰਾਂਗੇ। ਭਾਡਿਆਂ ਦੀ ਦੁਕਾਨ ਪਾਈ ਗਈ। ਗੁਲਾਮ ਨੇ ਦੁਕਾਨ \'ਚ ਭਾਂਡੇ ਸਵਾਰ ਕੇ ਰੱਖੇ।

ਮਿਰਜਾ ਬੇਗ ਦੇ ਯਾਰ-ਬੇਲੀ ਉਸਨੂੰ ਸਮਝਾਉਣ ਲੱਗੇ ਅਤੇ ਵਾਪਸ ਬਲਖ-ਬੁਖਾਰੇ ਵੱਲ ਜਾਣ ਲਈ ਮਨਾਉਂਦੇ ਰਹੇ। ਪਰ ਇਸ਼ਕ \'ਚ ਅੰਨ੍ਹਿਆਂ ਨੂੰ ਹੋਰ ਕੁਝ ਨਹੀਂ ਔੜਦਾ। ਅੰਤ ਹਾਰ ਕੇ ਸਾਰੇ ਯਾਰ-ਬੇਲੀ ਅਤੇ ਨੌਕਰ-ਗੁਲਾਮ ਛੱਡ ਗਏ। ਰਹਿ ਗਿਆ ਇਸ਼ਕ ਦਾ ਨਾਗ ਸੀਨੇ \'ਤੇ ਲੜਾਈ ਮਿਰਜਾ ਇੱਜਤ ਬੇਗ।

ਭਾਂਡਿਆਂ ਦੇ ਵਪਾਰ \'ਚੋਂ ਅਜਿਹਾ ਘਾਟਾ ਪਿਆ ਕਿ। ਉਸਦੀ ਦੁਕਾਨ ਵੀ ਬੰਦ ਹੋ ਗਈ। ਉਹ ਤੁੱਲੇ ਦੇ ਘਰੇ ਆ ਗਿਆ ਤੇ ਉਸਨੂੰ ਕਹਿਣ ਲੱਗ ਮੈਨੂੰ ਨੌਕਰ ਰੱਖ ਲਵੇ। ਤੁੱਲੇ ਨੇ ਉਸਨੂੰ ਰੱਖ ਲਿਆ ਤੇ ਮੱਝਾਂ ਚਾਰਨ ਲਈ ਕਹਿ ਦਿੱਤਾ। ਮਿਰਜਾ ਇੱਜਤ ਬੇਗ ਰੋਜ਼ ਮੱਝਾਂ ਚਾਰਨ ਜਾਇਆ ਕਰੇ। ਮਹੀਆਂ ਚਾਰਨ ਕਾਰਨ ਹੀ ਉਸਨੂੰ \'ਮਹੀਂਵਾਲ\' ਸੱਦਿਆ ਜਾਣ ਲੱਗਾ।

ਇੱਕ ਦਿਨ ਮੌਕਾ ਵੇਖ ਕੇ ਉਸਨੇ ਸੋਹਣੀ ਨੂੰ ਦਿਲ ਦੀ ਗੱਲ ਕਹਿ ਦਿੱਤੀ ਅਤੇ ਪਿਆਰ ਦੀਆਂ ਪੀਂਘਾਂ ਝੂਟੀਆਂ ਜਾਣ ਲੱਗੀਆਂ। ਜਿਸ ਵਾਸਤੇ ਅਮੀਰ ਹੁਣ ਗੁਲਾਮ ਹੋਗਿਆ ਸੀ। ਉਹ ਨਿਆਮਤ ਮਿਲ ਗਈ ਸੀ। ਕਾਫੀ ਸਮਾਂ ਇੱਸੇ ਤਰ੍ਹਾਂ ਮੁਹੱਬਤ ਮਾਣਦਿਆਂ ਲੰਘ ਗਿਆ। ਇਸ਼ਕ-ਮੁਸ਼ਕ ਲੁਕਾਇਆਂ ਨਹੀਂ ਲੁਕਦੇ। ਪੂਰੇ ਸ਼ਹਿਰ \'ਚ ਦੋਹਾਂ ਦੀ ਦੋਸਤੀ ਦੇ ਢੋਲ ਵੱਜ ਗਏ। ਸੋਹਣੀ ਦੇ ਮਾਂ-ਬਾਪ ਨੂੰ ਪਤਾ ਲੱਗਾ ਤਾਂ ਉਹਨਾਂ ਸੋਹਣੀ ਨੂੰ ਬਹੁਤ ਝਿੜਕਿਆ ਤੇ ਸਮਝਾਇਆ। ਮਹੀਂਵਾਲ ਨੂੰ ਨੌਕਰੀ ਤੋਂ ਜਵਾਬ ਮਿਲ਼ ਗਿਆ। ਸੋਹਣੀ ਦਾ ਬਾਪ ਮਹੀਂਵਾਲ ਨੂੰ ਕਹਿਣ ਲੱਗਾ:

ਬਸ ਬਸ ਮੀਂਆਂ ਮਹੀਂ ਚਾਰ ਨਾਹੀਂ,

ਐਵੇਂ ਖਾ ਕੇ ਨਿਮਕ ਹਰਾਮ ਕੀਤੋ।

ਉਸੇ ਰੁੱਖ ਨੂੰ ਵੱਢਣਾ ਲੋੜਿਉ ਈ,

ਜਿਸ ਰੁੱਖ ਦੇ ਹੇਠ ਅਰਾਮ ਕੀਤੋ।

ਭਲੀ ਨੀਤ ਦੇ ਨਾਲ਼ ਟੁਰ ਜਾਹ ਏਥੋਂ,

ਮੈਂਨੂੰ ਜੱਗ ਦੇ ਵਿੱਚ ਬਦਨਾਮ ਕੀਤੋ।

ਮਹੀਂਵਾਲ ਝਨਾਂ ਤੋਂ ਪਾਰ ਜੰਗਲ \'ਚ ਕੁੱਲੀ ਪਾ ਕੇ ਡੇਰਾ ਲਾ ਲੈਂਦਾ ਹੈ। ਪਰ ਹਿਜ਼ਰ ਦੇ ਫਿਰਾਕ \'ਚ ਉਸਦਾ ਬੁਰਾ ਹਾਲ ਹੋ ਜਾਂਦਾ ਹੈ। ਉੱਧਰ ਸੋਹਣੀ ਵੀ ਮਹੀਂਵਾਲ ਨੂੰ ਮਿਲਣ ਦੀ ਤੜਪ \'ਚ ਮੱਚ ਉੱਠਦੀ ਹੈ। ਜੁਦਾਈ ਨੇ ਦੋਹਾਂ ਦਾ ਬੁਰਾ ਹਾਲ ਕੀਤਾ ਹੈ।

ਅੰਤ ਸੋਹਣੀ ਦਾ ਵਿਆਹ ਗੁਜਰਾਤ \'ਚ ਕਰ ਦਿੱਤਾ ਜਾਂਦਾ ਹੈ। ਮਹੀਂਵਾਲ ਸੋਹਣੀ ਦੀ ਸਹੇਲੀ ਦੇ ਹੱਥ ਇੱਕ ਖ਼ਤ ਸੋਹਣੀ ਵੱਲ ਤੋਰਦਾ ਹੈ। ਯਾਰ ਦਾ ਖੂਨ ਨਾਲ਼ ਲਿਖਿਆ ਖ਼ਤ ਡਿੱਠਾ ਤਾਂ ਸੋਹਣੀ ਦੀ ਜਿੰਦ ਤੜਪ ਉੱਠੀ। ਦੋਹੇਂ ਪਾਸੇ ਖਤੋ-ਖਿਤਾਬਤ ਦਾ ਦੌਰ ਚੱਲ ਪਿਆ। ਇੱਕ ਦਿਨ ਮਹੀਂਵਾਲ ਭੇਸ ਬਦਲ ਕੇ ਫਕੀਰ ਬਣ ਕੇ ਸੋਹਣੀ ਦੇ ਘਰ ਜਾਂਦਾ ਹੈ। ਦੋਵੇਂ ਰਾਤ ਨੂੰ ਮਹੀਂਵਾਲ ਦੀ ਕੁੱਲੀ \'ਚ ਦਰਿਆਉਂ ਪਾਰ ਮਿਲ਼ਣ ਦਾ ਵਾਅਦਾ ਕਰਦੇ ਹਨ। ਸੋਹਣੀ ਰੋਜ਼ ਮਹੀਂਵਾਲ ਨੂੰ ਦਰਿਆ ਤੋਂ ਪਾਰ ਮਿਲਣ ਜਾਂਦੀ ਹੈ। ਮਹੀਂਵਾਲ ਦਰਿਆ \'ਚੋਂ ਮੱਛੀ ਫੜ ਕਬਾਬ ਬਣਾ ਖਵਾਉਂਦਾ ਹੈ।

ਇੱਕ ਦਿਨ ਮਹੀਂਵਾਲ ਨੂੰ ਮੱਛੀ ਨਹੀਂ ਮਿਲ਼ਦੀ। ਉਹ ਪੱਟ ਚੀਰ ਕੇ ਉਸਦਾ ਕਬਾਬ ਬਣਾ ਸੋਹਣੀ ਨੂੰ ਖਵਾ ਦੇਂਦਾ ਹੈ।

ਕੁਝ ਸਮਾਂ ਏਦਾਂ ਮਿਲਦਿਆਂ ਲੰਘ ਜਾਂਦਾ ਹੈ। ਅੰਤ ਸੋਹਣੀ ਦੀ ਨਣਾਨ ਉਸਦਾ ਪਿੱਛਾ ਕਰਦੀ ਹੈ। ਉਸਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ। ਉਹ ਗੁੱਸਾ ਖਾ ਜਾਂਦੀ ਹੈ। ਅਗਲੇ ਦਿਨ ਉਸਨੇ ਸੋਹਣੀ ਨੂੰ ਡੋਬਣ ਦਾ ਫੈਸਲਾ ਕਰ ਲਿਆ। ਸੋਹਣੀ ਨੇ ਦਰਿਆ ਨੇੜੇ ਝਾੜੀਆਂ \'ਚ ਪੱਕਾ ਘੜਾ ਛੁਪਾ ਰੱਖਿਆ ਸੀ। ਜਦੋਂ ਰਾਤ ਨੂੰ ਦਰਿਆ \'ਚ ਠਿੱਲਦੀ ਤਾਂ ਘੜਾ ਤੈਰਨ \'ਚ ਮਦਦ ਕਰਦਾ। ਸੋਹਣੀ ਦੀ ਨਣਾਨ ਨੇ ਇੱਕ ਦਿਨ ਪੱਕੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ।

ਦਰਿਆ ਠਾਠਾਂ ਮਾਰ ਰਿਹਾ ਸੀ। ਕਹਿਰਾਂ ਦਾ ਹੜ ਆਇਆ ਹੋਇਆ ਸੀ। ਪੱਕੇ ਘੜੇ \'ਤੇ ਵੀ ਦਰਿਆ ਪਾਰ ਕਰਨਾ ਸੌਖਾ ਨਹੀ ਸੀ। ਪਰ ਦਿੱਤੇ ਬੋਲ ਪੁਗਾਉਣ ਦਾ ਜਾਨੂੰਨ ਅਤੇ ਇਸ਼ਕ ਦਾ ਝੱਲ ਸੋਹਣੀ ਦੇ ਸਿਰ ਚੜ੍ਹ ਕੇ ਬੋਲ ਪਿਆ। ਉਹ ਹੜ ਵਾਲੀ ਕਹਿਰ ਦੀ ਰਾਤ ਨੂੰ ਕੱਚੇ ਘੜੇ \'ਤੇ ਹੀ ਝਨਾਂ \'ਚ ਠਿੱਲ ਪਈ।

ਪਾਣੀ ਚੜ ਆਇਆ ਉਪਰ ਕੰਢਿਆਂ ਦੇ,

ਉਸ ਰਾਤ ਸੀ ਐਡ ਤੂਫਾਨ ਮੀਆਂ।

ਸੋਹਣੀ ਵਿਚ ਦਰਿਆ ਦੇ ਜਾ ਵੜੀ,

ਕੰਬ ਗਏ ਜਮੀਨ ਅਸਮਾਨ ਮੀਆਂ।

ਫਜਲ ਮੁੱਖ ਨਾ ਮੋੜਿਆ ਯਾਰ ਤਾਈਂ,

ਹੋਈ ਯਾਰ ਦੇ ਵੱਲ ਰਵਾਨ ਮੀਆਂ।

ਸੋਹਣੀ ਘੁੰਮਣਘੇਰੀ ਵਿੱਚ ਫਸ ਗਈ। ਉਸਨੂੰ ਗੋਤੇ ਆਉਣ ਲੱਗੇ। ਕੱਚਾ ਘੜਾ ਖੁਰ ਗਿਆ। ਉਹ ਮਹੀਂਵਾਲ ਦੇ ਨਾਮ ਨੂੰ ਯਾਦ ਕਰਦੀ ਪੁਕਾਰਨ ਲੱਗੀ। ਉਸਨੂੰ ਪਤਾ ਲੱਗਾ ਕੇ ਅੰਤ ਸਮਾਂ ਆ ਗਿਆ ਹੈ। ਉਹ ਦਿਲ ਹੀ ਦਿਲ ਆਪਣੇ ਮਾਂ-ਬਾਪ ਤੇ ਹੋਰ ਸਭਨਾ ਨੂੰ ਯਾਦ ਕਰਦੀ ਹੈ। ਉਹ ਮਹੀਂਵਾਲ ਦੀ ਖੈਰ ਮੰਗਦੀ ਹੋਈ। ਦਰਿਆ ਵਿੱਚ ਗਰਕ ਹੋ ਜਾਂਦੀ ਹੈ।

ਭੌਰ ਰੂਹ ਦਾ ਹੋ ਉਦਾਸ ਤੁਰਿਆ,

ਲੰਮੇ ਵਹਿਣ ਪਾ ਕੇ ਅੱਲਾ ਆਣਿਆ ਨੂੰ,

ਜਾਂਦੇ ਰੂਹ ਨੂੰ ਬੁੱਤ ਪੁਕਾਰ ਕੀਤੀ,

ਕਿੱਥੇ ਚਲਿਐਂ ਛੱਡ ਨਿਮਾਣਿਆਂ ਨੂੰ।ਮਹੀਂਵਾਲ ਬੇਸਬਰੀ ਨਾਲ਼ ਦਰਿਆਉਂ ਪਾਰ ਉਡੀਕਦਾ ਜਦੋਂ ਕੰਢੇ \'ਤੇ ਆਉਂਦਾ ਹੈ ਤਾਂ ਅਸਮਾਨੀ ਬਿਜਲੀ ਦੀ ਲਿਸ਼ਕੋਰ ਵਿੱਚ ਦਰਿਆ ਦੀਆਂ ਘੁੰਣਘੇਰੀਆਂ \'ਚ ਤੈਰਦੀ ਹੋਈ ਸੋਹਣੀ ਦੀ ਲਾਸ਼ ਵੇਖ ਕੰਬ ਜਾਂਦਾ ਹੈ।

ਫਿਰੇ ਵਾਵੇਲਾ ਕਰਦਾ ਕੰਢਿਆਂ \'ਤੇ,

ਯਾਰਾ ਛੱਡ ਕੇ ਨਾ ਜਾ ਦੂਰ ਮੈਨੂੰ।

ਅੱਗੇ ਘਾਉ ਕਲੇਜੜੇ ਕਰ ਆਹਾ,

ਲਾਈ ਸਾਂਗ ਦੁਬਾਰ ਜਰੂਰ ਮੈਨੂੰ

ਫਜਲ ਸ਼ਾਹ ਨਾ ਮਾਰ ਫਿਰਾਕ ਅੰਦਰ,

ਸੱਦ ਲਈਂ ਉ ਯਾਰ ਹਜੂਰ ਮੈਨੂੰ।

ਉਹ ਬਿਨਾਂ ਦੇਰੀ ਕੀਤਿਆ ਦਰਿਆ \'ਚ ਠਿੱਲ ਪਿਆ ਤੇ ਦੋਹਾਂ ਨੇ ਇੱਕਠਿਆਂ ਜਾਨ ਦੇ ਦਿੱਤੀ।         ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅਮਮ੍ਰਿਤਸਰ- ੧੪੩੧੦੯ ੯੮੧੫੫੩੪੬੫੩

2013-03-20
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)