Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਮੈਂ ਕਿਉਂ ਲਿਖਦਾ ਹਾਂ? - ਜਤਿੰਦਰ ਸਿੰਘ ਔਲ਼ਖ.

ਲਿਖਣਾ ਬੇਸ਼ੱਕ ਇਕ ਸ਼ੌਂਕ ਹੈ ਪਰ ਬਹੁਤ ਹੱਦ ਤੱਕ ਇਹ ਇਕ ਜਰੂਰਤ ਵੀ ਹੈ। ਮੇਰੇ ਲਈ ਇਸ ਗੱਲ ਦਾ ਨਿਰਣਾ ਕਰਨਾ ਕਾਫੀ ਔਖਾ ਹੈ ਕਿ ਮੈਂ ਕਿਉਂ ਲਿਖਦਾ ਹਾਂ? ਜਦੋਂ ਮੈਂ ਖੁਦ ਨੂੰ ਇਸ ਸਵਾਲ ਦੇ ਰੂਬਰੂ ਕਰਦਾ ਹਾਂ ਤਾਂ ਮੈਨੂੰ ਆਪਣੀ ਲਿਖਣ ਕਲਾ, ਇਕ ਸ਼ੌਂਕ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦੀ ਲੋੜ ਵੀ ਲਗਦੀ ਹੈ। ਲਿਖਣਾ ਆਪਣੇ ਅੰਦਰ ਦੀਆਂ ਭਾਵਨਾਵਾਂ ਦਾ ਹੋਰਨਾਂ ਤੱਕ ਸੰਚਾਰ ਹੀ ਹੈ। ਜਦੋਂ ਅਸੀਂ ਕੁਝ ਵਿਅਕਤੀਆਂ ਦੇ ਇਕੱਠ ’ਚ ਆਪਣੀ ਗੱਲ ਬੋਲ ਕੇ ਦੱਸਦੇ ਹਾਂ ਤਾਂ ਇਹ ਵੀ ਭਾਵਨਾਵਾਂ ਦਾ ਸੰਚਾਰ ਹੀ ਹੈ।

ਜਦੋਂ ਕੋਈ ਆਪਣੇ ਵਿਚਾਰਾਂ ਦਾ ਸੰਚਾਰ ਕਰਦਾ ਹੈ ਤਾਂ ਕੋਈ ਦੂਸਰਾ ਇਹਨਾਂ ਨੂੰ ਗ੍ਰਹਿਣ ਕਰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਪੱਧਰ ਤੇ ਸੰਚਾਰ ਕਰਨ ਜਾਂ ਗ੍ਰਹਿਣ ਕਰਨ ਦੀ ਪ੍ਰਕਿਰਿਆ ’ਚੋਂ ਗੁਜਰ ਰਿਹਾ ਹੁੰਦਾ ਹੈ। ਇਹ ਬਿਰਤੀ ਹਰ ਮਨੁੱਖ ਦੀ ਹੁੰਦੀ ਹੈ ਕਿ ਉਸਦੇ ਸੰਚਾਰ ਕੀਤੇ ਵਿਚਾਰਾਂ ਨੂੰ ਹਰ ਕੋਈ ਸੁਣੇ ਅਤੇ ਸਮਝੇ। ਹਰ ਆਦਮੀ ਇਹ ਮਹਿਸੂਸ ਕਰਦਾ ਹੈ ਕਿ ਉਸ ਕੋਲ ਕਹਿਣ ਲਈ ਬਹੁਤ ਕੁਝ ਹੈ ਪਰ ਸੁਣਨ ਦੇ ਗਾਹਿਕ ਬਹੁਤ ਥੋੜ੍ਹੇ ਹਨ। ਕੋਈ ਵੀ ਸ੍ਰੋਤਾ ਬਣ ਕੇ ਰਾਜੀ ਨਹੀਂ ਸਗੋਂ ਹਰ ਵਿਅਕਤੀ ਵਕਤਾ ਬਣ ਕੇ ਹੀ ਖੁਸ਼ ਹੈ।

ਲਿਖਣਾ ਤਾਂ ਬੇਸ਼ੱਕ ਹੈ ਹੀ ਆਪਣੀਆਂ ਭਾਵਨਾਵਾਂ ਨੂੰ ਹੋਰਾਂ ਤੱਕ ਪਹੁੰਚਾਉਣ ਦਾ ਸਾਧਨ। ਸ਼ਾਇਰੀ ਕਰਨੀ ਆਪਣੇ ਅੰਦਰ ਦੇ ਮਾਨਸਿਕ ਵਹਾਉ ਦਾ ਤਿੱਖਾ ਪ੍ਰਗਟਾਅ ਹੈ। ਜਦੋਂ ਮਨ ਭਾਵਨਾਵਾਂ ਦਾ ਭਰਿਆ ਹੋਵੇ ਅਤੇ ਸੁਣਨ ਵਾਲਾ ਕੋਈ ਨਾ ਹੋਵੇ ਜਿਸ ਨਾਲ ਮਨ ਸਾਂਝਾ ਕਰ ਸਕੀਏ ਤਾਂ ਇਹ ਬੇਹੱਦ ਵੇਦਨਾਮਈ ਹਾਲਤ ਹੁੰਦੀ ਹੈ। ਅਜਿਹੀ ਹਾਲਤ ਵਿਚ ਆਦਮੀ ਕੰਧਾਂ-ਕੌਲਿਆਂ ਨੂੰ ਦੁੱਖ ਦੱਸਦਾ ਹੈ ਤੇ ਰੁੱਖਾਂ ਦੇ ਗਲ਼ ਲੱਗ ਰੋਂਦਾ ਹੈ। ਕਿ ਕੋਈ ਉਸਦੇ ਜਜ਼ਬਾਤ ਦੀ ਥਾਹ ਪਾ ਲਵੇ।

ਪਰ ਜੇਕਰ ਕੁਦਰਤ ਨੇ ਤੁਹਾਨੂੰ ਲਿਖਣ ਕਲਾ ਦੀ ਸੋਝੀ ਬਖਸ਼ੀ ਹੈ ਤਾਂ ਇਹ ਤੁਹਾਨੂੰ ਅਜੀਬ ਕਿਸਮ ਦੀਆਂ ਸਥਿਤੀਆਂ ਤੋਂ ਕਾਫੀ ਕਲਾ ਹੱਦ ਤੱਕ ਬਚਾਅ ਲੈਂਦੀ ਹੈ। ਲਿਖਣ ਕਲਾ ਨੇ ਮੇਰੀ ਹਸਤੀ ਨੂੰ ਵਿਸਥਾਰ ਦਿੱਤਾ ਹੈ। ਮੈਂ ਜਦੋਂ-ਜਦੋਂ ਵੀ ਜ਼ਿੰਦਗੀ ਦੀ ਕਸ਼ਮਕਸ਼ ’ਚੋਂ ਲੰਘਿਆ ਹਾਂ ਤਾਂ ਮੈਂ ਆਪਣਾ ਦੁੱਖ ਅਤੇ ਹਾਸੇ ਕਾਗਜ਼ਾਂ ਨਾਲ ਸਾਂਝੇ ਕੀਤੇ ਹਨ। ਲਿਖਣ ਕਲਾ ਨਾਲ ਦੁਨੀਆਂ ਤੇ ਮੇਰੀ ਇਕ ਖਾਸ ਪਛਾਣ ਬਣੀ।

ਕੋਈ ਦਾਅਵਾ ਕਰਦਾ ਹੈ ਕਿ ਉਹ ਆਪਣੇ ਆਪ ਲਈ ਲਿਖਦਾ ਹੈ ਅਤੇ ਕੋਈ ਦਾਅਵਾ ਕਰਦਾ ਹੈ ਉਹ ਸਮਾਜ ਲਈ ਲਿਖਦਾ ਹੈ। ਪਰ ਜੇਕਰ ਵੇਖੀਏ ਤਾਂ ਜੋ ਲੇਖਕ ਸਿਰਫ ਆਪਣੇ ਲਈ ਲਿਖਣ ਦਾ ਦਾਅਵਾ ਕਰਦੇ ਹਨ। ਉਹ ਆਪਣੀ ਲਿਖਤ ਛਪਵਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹਨ? ਉਹ ਆਪਣੀ ਲਿਖਤ ਦੇ ਖੁਦ ਹੀ ਪਾਠਕ ਕਿਉਂ ਨਹੀਂ ਬਣਦੇ। ਸਮਾਜ ਵਿਚੋਂ ਪਾਠਕਾਂ ਦੀ ਤਲਾਸ਼ ਤਾਂ ਉਹਨਾਂ ਨੂੰ ਵੀ ਹੁੰਦੀ ਹੈ।

ਸਾਹਿਤ ਨੇ ਹੀ ਸਮੇਂ ਅਤੇ ਸਮਾਜ ਦੇ ਸੱਚ ਨੂੰ ਲੋਕਾਂ ਸਾਹਵੇਂ ਲੈ ਕੇ ਜਾਣਾ ਹੈ। ਸਾਹਿਤ ਨੇ ਹੀ ਉਹ ਬਦਲਾਅ ਲੈ ਕੇ ਆਉਣੇ ਹਨ ਜੋ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣਗੇ। ਜਿਵੇਂ ਭਗਤੀ ਸਾਹਿਤ ਅਤੇ ਸੂਫੀ ਸਾਹਿਤ ਨੇ ਸਮਾਜ ਵਿਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ।

ਜੇਕਰ ਅਸੀਂ ਲਿਖਣਾ ਚਾਹੁੰਦੇ ਹਾਂ ਤਾਂ ਪਹਿਲਾਂ ਖੁਦ ਨੂੰ ਅਤੇ ਸਮਾਜ ਨੂੰ ਸਮਝ ਕੇ ਲਿਖੀਏ। ਭਾਵੇਂ ਕੋਈ ਵੀ ਵਿਧਾ ਜਾਂ ਸ਼ੈਲੀ ਹੋਵੇ ਪਰ ਅਨੇਕ ਵਾਰ ਕਿਸੇ ਦੀਆਂ ਲਿਖੀਆਂ ਦੋ ਸਤਰਾਂ ਹੀ ਕੋਈ ਜੀਵਨ ਬਦਲ ਸਕਦੀਆਂ ਹਨ। ਜੇਕਰ ਅਸੀਂ ਲੋਕਾਈ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਲਿਖੀਏ ਤਾਂ ਜਰੂਰ ਹੀ ਕਿਸੇ ਦੇ ਹਨੇਰੇ ਰਾਹਾਂ ’ਚ ਰੌਸ਼ਨੀ ਹੋ ਸਕਦੀ ਹੈ।

2013-02-28
Comments
very nice i am a simple lekhak
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)