Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਇੱਕ ਨਵਾਂ ਹੀ ਤਮਾਸ਼ਾ ਵੇਖਿਆ - ਅਵਤਾਰ ਸਿੰਘ ਬਸਰਾ.

ਅੱਜ ਤੋਂ ਵੀਹ ਕੁ ਸਾਲ ਪਹਿਲਾਂ ਆਨੰਦਪੁਰ ਸਾਹਿਬ ਹੋਲਾ-ਮਹੱਲਾ ਵੇਖਣ ਜਾਣ ਦੀ ਤਿਆਰੀ ਹੋ ਰਹੀ ਸੀ।ਦਾਦੀ ਨੇ ਦਸਾਂ ਦਾ ਨੋਟ ਫੜਾਉਂਦਿਆਂ ਕਿਹਾ, \"ਆਹ ਲੈ! ਗੁਰਦੁਆੁਰਿਉਂ ਭਾਨ ਲੈ ਆ।\" ਗੁਰਦੁਆਰੇ ਦੇ ਗ੍ਰਥੀ ਸਿੰਘ ਨੇ ਦਸਾਂ ਦੇ ਬਦਲੇ ਪੰਜੇ-ਦਸੇ ਇਕੱਠੇ ਕਰਕੇ ਇਕ ਲਿਫਾਫੇ ਵਿਚ ਪਾ ਦਿਤੇ।ਬਾਬੇ ਬੁੱਢਣ ਸ਼ਾਹ ਜੀ ਦੇ ਗੁਰਦੁਆਰਿਉ ਹੇਠਾਂ ਆਉਂਦਿਆਂ ਦਾਦੀ ਜੀ ਨੇ ਆਪਣੇ ਰੁਮਾਲ ਦੀ ਪੀਚੀ ਗੰਢ ਖੋਲ ਲਈ।ਭਾਖੜਾ ਨਹਿਰ ਦੇ ਕੰਢੇ-ਕੰਢੇ ਕਈ  ਲੂਲੇ-ਲੰਗੜੇ ਤੇ ਮੰਗਤੇ ਹੱਥ ਅੱਡ ਰਹੇ ਸਨ।ਦਾਦੀ ਜੀ ਨੇ ਸਾਰਿਆਂ ਮੰਗਣ ਵਾਲਿਆਂ ਨੂੰ ਇਕ-ਇਕ ਕਰਕੇ ਭਾਨ ਵੰਡ ਦਿੱਤਾ।ਇਹਨਾ ਮੰਗਣ ਵਾਲਿਆਂ ਵਿਚੋਂ ਇਕ ਵੀ ਸਾਬਤ-ਸੂਰਤ ਨਹੀ ਸੀ।ਕਿਸੇ ਦੀ ਲੱਤ ਵਡੀ ਸੀ ਕੋਈ ਟੁੰਡਾ ਸੀ।ਇਕ ਦੋ ਅੱਖਾਂ ਤੋਂ ਅੰਨ੍ਹੇ ਸਨ।ਇਹਨਾ ਦਾ ਦੁੱਖ ਵੇਖ ਕਈਆਂ ਦੀ ਹਾਅ ਨਿਕਲਦੀ ਸੀ।ਗਲੇ-ਸੜੇ ਹੱਥ-ਪੈਰ ਵੇਖ ਕੇ ਕਈਆਂ ਨੂੰ ਕੁਰੈਤ ਵੀ ਆਉਂਦੀ ਸੀ।ਸਰੀਰਕ ਤੌਰ ਤੇ ਇਹ ਸਾਰੇ ਕੰਮ ਕਰ ਸਕਣ ਤੋਂ ਅਸਮਰਥ ਸਨ।ਉਹਨਾ ਤੇ ਤਰਸ ਆਉਂਦਾ ਸੀ।ਪਰ ਥੋੜੇ ਦਿਨ ਪਹਿਲਾਂ ਜਦੋਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ  ਨੂੰ ਮੱਥਾ ਟੇਕਣ ਲਈ ਗਏ ਤਾਂ ਇਕ ਨਵਾਂ ਹੀ ਤਮਾਸ਼ਾ ਵੇਖਿਆ।ਕੋਈ ਵੀ ਕਾਰ ਜਾਂ ਮੋਟਰਸਾਇਕਲ ਵਾਲਾ ਪਾਰਕਿੰਗ ਵਿਚ ਵਾਹਣ ਲਾ ਕੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਵੱਲ ਵਧੇ ਤਾਂ ਅੱਠ-ਦਸ ਹੱਟੀਆਂ-ਕੱਟੀਆਂ  ਮੰਗਣ ਵਾਲੀਆਂ ਔਰਤਾਂ ਦਾ ਕਾਫਲਾ ਪਿੱਛੇ-ਪਿੱਛੇ।ਹਰ ਇਕ ਦੇ ਮਗਰ ਅੱਠਾਂ- ਦਸਾਂ ਸਾਲ਼ਾਂ ਦੇ ਇਕ-ਦੋ ਜੁਆਕ।ਮੰਗਣ ਦਾ ਤਰੀਕਾ ਹੱਥ ਅੱਡਣ ਵਾਲਾ ਨਹੀਂ ,ਬਲਕਿ ਤੁਹਾਡੀ ਜੇਬ ਵਿਚੋਂ ਕੱਢਣ ਵਾਲਾ।ਕੱਪੜੇ ਪਾੜਨ ਵਾਲਾ।ਇਕ ਨਵ-ਵਿਆਹਿਆ ਜੋੜਾ ਸਕੂਟਰ ਸਟੈਂਡ ਤੇ ਲਾ ਰਿਹਾ ਸੀ।ਚੂੜੇ ਵਾਲੀ ਵਹੁਟੀ ਦੇ ਸਕੂਟਰ ਦੇ ਪਿੱਛਂੋ ਉਤਰਦਿਆਂ-ਉਤਰਦਿਆਂ ਚਾਹਾਂ –ਪੰਜਾਂ ਨੇ ਉਹਦੇ ਗਲ ਵਿਚ ਹਾਰ ਪਾ ਦਿਤੇ।ਇਕ ਜੁਆਕ ਨੇ ਉਹਦੀ ਸਲਵਾਰ ਤੇ ਦੂਜੇ ਪਾਸੇ ਦੂਜੇ ਨੇ ਵਹੁਟੀ ਦੀ ਕਮੀਜ ਖਿਚਣੀ ਸ਼ੁਰੂ ਕਰ ਦਿਤੀ।ਕੁੜੀ ਵਿਚਾਰੀ ਡਰ ਗਈ।ਉਹਨੂੰ ਇੰਝ ਜਾਪਿਆ ਜਿਵੇਂ ਜੁਆਕਾਂ ਨੇ ਉਸਦਾ ਪਰਸ ਲੈ ਰਫੂ-ਚੱਕਰ ਹੋ ਜਾਣਾ ਹੈ।ਮੁੰਡੇ ਨੇ ਸਕੂਟਰ ਸਟੈਂਡ ਤੇ ਲਗਾ ਕੇ ਦਬਕਾ ਵੀ ਮਾਰਿਆ,ਪਰ ਇਹ ਕਿਥੇ ਟਲ਼ਣ।ਗੁਰਦੁਆਰੇ ਦੇ ਬੂਹੇ ਤੱਕ ਮਸਾਂ ਹੀ ਉਹ ਦੋਵੇਂ ਦਸਾਂ-ਦਸਾਂ ਦੇ ਦੋ-ਤਿੰਨ ਨੋਟ ਦੇ ਕੇ ਪਹੁੰਚ ਸਕੇ।ਅਪਾਹਜ ਜਾਂ ਫਿਰ ਸਰੀਰਕ ਪੱਖੋਂ ਅਸਮਰੱਥ ਹੋਣ ਕਰਕੇ ਕੰਮ ਨਾ ਕਰ ਸਕਣਾ ਅਲੱਗ ਗੱਲ ਹੈ।ਪਰ ਇਹ ਟੋਲਾ ਤਾਂ ਫਟੇਵੇਂ ਦੇ ਮੰਗਣ ਵਾਲਿਆਂ ਦਾ ਸੀ।ਆਪਣੇ ਨਾਲ ਆਪਣੇ ਬੱਚਿਆਂ ਨੂੰ ਵੀ ਇਹੋ ਗੁੜਤੀ।ਦਾਨ –ਪੁਨ ਉਹੀ ਹੈ ,ਜਿਹੜਾ ਕੋਈ ਖੁਸ਼ੀ ਨਾਲ ਦਿੰਦਾ ਹੈ।ਬਦੋ-ਬਦੀ ਕਿਸੇ ਦੀ ਜੇਬ ਵਿਚੋਂ ਪੈਸੇ ਕੱਢਣਾ ਜਾਂ ਲੀੜੇ ਖਿਚਣੇ ਮੰਗਣਾ ਨਹੀਂ ਸਗੋਂ ਲੁੱਟ ਕਰਨਾ ਹੀ ਕਿਹਾ ਜਾ ਸਕਦਾ ਹੈ।

       ਇਹ ਹਾਲ ਇਕ ਗੁਰਦੁਆਰੇ ਦੇ ਬਾਹਰ ਨਹੀਂ। ਬਲਕਿ ਹਰੇਕ ਉਸ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਜਿਥੇ ਆਏ ਦਿਨ ਸੰਗਤਾਂ ਵੱਡੀ ਤਾਦਾਤ ਵਿਚ ਦੂਰੋਂ-ਨੇੜਿਉਂ ਆਉਂਦੀਆਂ ਹਨ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਾਰੇ ਇਤਿਹਤਸਕ ਗੁਰਦੁਆਰਿਆਂ ਬਾਹਰ ਇਹ ਧੰਦਾ ਚਲ ਰਿਹਾ ਹੈ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਚੱਲ ਰਹੇ ਪਾਖੰਡ ਦਾ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਹੱਟੇ –ਕੱਟੇ ਮੰਗਣ ਵਾਲਿਆਂ ਤੇ ਰੋਕ ਲਾਉਣੀ ਚਾਹੀਦੀ ਹੈ।ਜਾਂ ਫਿਰ ਇਹਨਾ ਵਾਸਤੇ ਕੋਈ ਜਗਾ ਮੁਕੱਰਰ ਕਰਨੀ ਚਾਹੀਦੀ ਹੈ।ਜੇਕਰ ਇਹ ਨਹੀਂ ਹੋ ਸਕਦਾ ਤਾਂ ਹਰੇਕ ਗੁਰਦੁਆਰੇ ਦੇ ਬਾਹਰ ਕੁਝ ਸੇਵਾਦਾਰ ਸਕਿਉਰਟੀ ਦੇ ਤੌਰ ਤੇ ਤਾਇਨਾਤ ਕਰਨੇ ਚਾਹੀਦੇ ਹਨ।ਮੰਗਤਿਆਂ ਦੀ ਇਸ ਸ੍ਰੇਣੀ ਨੇ ਜਿਥੇ ਭਵਿੱਖ ਵਿਚ ਆਲਸ, ਸੁਸਤੀ ਤੇ ਵਿਹਲੜਾਂ ਨੂੰ ਜਨਮ ਦੇਣਾ ਹੈ।ਉਥੇ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਤੇ ਕਰਾਇਮ ਵਿਚ ਹੋਰ ਵਾਧਾ ਕਰਨਾ ਹੈ।ਇਹਨਾ ਦੀ ਦਿਲ ਵਧੀ ਵੇਖੋ ਕੇ ਸੰਗਤਾਂ ਦੇ ਕਪੜੇ ਖਿਚਣੇ ਸ਼ੁਰੂ ਕਰ ਦਿਤੇ ਹਨ।ਉਹ ਦਿਨ ਦੂਰ ਨਹੀਂ ਜਦੋਂ ਹੱਥ ਜੇਬਾਂ ਤੱਕ ਪਹੁੰਚ ਜਾਣਗੇ।ਪੁਲਿਸ ਪ੍ਰਸ਼ਾਸ਼ਨ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।ਨਾ ਕਿ ਇਸ ਗੱਲ ਨੂੰ ਅਣਗੌਲਿਆ ਕਰਕੇ ,ਮੰਗਤੇ ਕਹਿ ਕੇ ਛੱਡ ਦੇਣਾ ਚਾਹੀਦਾ ਹੈ। ਇਕ ਸਿਪਾਹੀ ਦੂਜੇ ਸਿਪਾਹੀ ਨੂੰ ਨਾਕੇ ਤੇ ਖੜੋ ਕੇ ਅਖਬਾਰ ਵਿਚੋਂ ਖਬਰ ਪੜ੍ਹਕੇ ਸੁਣਾ ਰਿਹਾ ਸੀ। \'ਇਕ ਬੈਂਕ ਦੀ ਮੈਨੇਜਰ ਕੰਮ ਖਤਮ ਕਰਕੇ ਪਿੰਡ ਵਾਲੇ ਅੱਡੇ ਤੋਂ ਰਿਕਸ਼ਾ ਕਰਕੇ ਘਰ ਜਾ ਰਹੀ ਸੀ।ਰਸਤੇ ਵਿਚ ਕੁਝ ਮੋਟਰਸਾਇਕਲ ਸਵਾਰਾਂ ਨੇ ਪਸਤੌਲ ਦੀ ਨੋਕ ਤੇ ਉਸਦੇ ਸਾਰੇ ਗਹਿਣੇ ਲਵਾ ਲਏ।ਉਸਨੇ ਸ਼ੁਕਰ ਕੀਤਾ ਕੇ ਜਾਨ ਬਚ ਗਈ। ਦੂਜਾ ਉਸਦੇ ਲਈ ਖੁਸ਼ੀ ਵਾਲੀ ਗੱਲ ਇਹ ਸੀ ਕੇ ਉਸਦੇ ਗਹਿਣੇ ਵੀ ਨਕਲੀ ਹੀ ਸੀ।ਅਗਲੇ ਦਿਨ ਉਸੇ ਸ਼ਾਮਾਂ ਦੇ ਟਾਇਮ ਲੁਟੇਰੇ ਫਿਰ ਆ ਗਏ। ਪਹਿਲਾਂ ਤਾਂ ਇਸ ਅੋਰਤ ਮੈਨੇਜਰ ਦੇ ਚਪੇੜ ਮੁਰੀ ਫੇਰ ਉਸਦੇ ਗਹਿਣੇ ਵਗਾਹ ਮਾਰੇ।ਜਾਂਦੇ-ਜਾਂਦੇ ਦੋ-ਚਾਰ ਗਾਲਾਂ ਵੀ ਕੱਢੀਆਂ ਕਹਿੰਦੇ, \"ਸ਼ਰਮ ਨਹੀਂ ਆਉਦੀ ਤੈਨੂੰ! ਲ਼ੱਗੀ ਬੈਂਕ ਵਿਚ ਮਨੈਜਰ ਆਂ ਤੇ ਗਹਿਣੇ ਨਕਲੀ ਪਾਈ ਫਿਰਦੀ ਏਂ।ਸਾਡੀ ਦਿਹਾੜੀ ਵੀ ਖੂਹ \'ਚ ਪਾ ਦਿਤੀ।\"।ਦੂਜਾ ਸਿਪਾਹੀ ਪਹਿਲਾਂ ਤਾਂ ਖਬਰ ਸੁਣਕੇ ਤਾੜੀ ਮਾਰ ਹੱਸਿਆ ਫਿਰ ਕਹਿੰਦਾ, \"ਬੜੀ ਦਲੇਰੀ ਦਾ ਕੰਮ ਈ।ਪੁਲਸੀਆ!\" ਨਾਲ ਹੀ ਉਸਨੇ ਆਪਣੀਆਂ ਮੁੱਛਾਂ ਵੀ ਰਤਾ ਹੋਰ ਕੁੰਢੀਆਂ ਕੀਤੀਆਂ।ਪਹਿਲਾ ਸਿਪਾਹੀ ਅਖਬਾਰ ਦਾ ਅਗਲਾ ਪੰਨਾ ਉਲਟਦਿਆਂ  ਕਹਿੰਦਾ,  \"ਅੱਡਾ ਵੀ ਆਪਣੇ ਥਾਣੇ ਹੇਠਾਂ ਆਉਂਦਾ ਈ! ਆ ਜਿਧਰ ਦੀ ਤੇਰੇ ਪਿੰਡ ਨੂੰ ਸੜਕ ਜਾਂਦੀ ਆ।\" \"ਅੱਛਾ ! ਉਏ ਕਸੂਰ ਸਾਰਾ ਔਰਤ ਜਾਤ ਦਾ ਈ ਏ।ਗਹਿਣਿਆਂ ਦਾ ਵਖਾਲਾ ਕਰਨ ਦੀ ਕੀ ਲੋੜ ਆ।\"ਦੂਜੇ ਨੇ ਗੋਗੜ ਤੇ ਖੁਰਕਦਿਆਂ ਕਿਹਾ।ਪੰਜਾਬ ਦੀ ਹਾਲਤ ਅੱਜ ਇਹ ਹੈ ਕੇ ਸੋਨੇ ਦੇ ਗਹਿਣੇ ਪਾਕੇ ਘਰੋਂ ਨਿਕਲਣਾ ਆਪਣੇ ਆਪ ਤੇ ਹਮਲਾ ਕਰਵਾਉਣ ਨੂੰ ਸੱਦਾ ਦੇਣਾ ਹੈ।ਲੋਕਾਂ ਦੇ ਦਿਲਾਂ ਵਿਚ ਦਿਨ-ਦਿਹਾੜੇ ਰਾਹ-ਗਲੀ ਜਾਂਦਿਆਂ ਆਪਣੇ ਉਤੇ ਹੋਣ ਵਾਲੇ ਹਮਲੇ ਦੀ ਦਹਿਸਤ ਪੁਲਿਸ ਪ੍ਰਸ਼ਾਸ਼ਨ ਲਈ ਉਲਝਦਾ ਜਾ ਰਿਹਾ ਸਵਾਲ ਹੈ।ਸਗੋਂ ਪੁਲਿਸ ਵਿਚਾਰੀ ਤਾਂ ਖੁਦ ਹੀ ਡਰਦੀ ਮਾਰੀ ਡੰਗ ਟਪਾਉਣ ਲੱਗੀ ਹੋਈ ਹੇ ।ਆਮ ਤੌਰ ਤੇ ਕਿਹਾ ਜਾਂਦਾ ਹੈ ਕੇ ਜੇ ਪੁਲਿਸ ਦਾ ਡਰ ਖਤਮ ਹੋ ਗਿਆ ਤਾਂ ਫਿਰ ਰੱਬ ਬਚਾਏ।ਲੇਕਿਨ ਜੇਕਰ ਰੱਬ ਦੇ ਘਰ ਗੁਰਦੁਆਰਿਆਂ ਅੱਗੇ ਸੰਗਤ ਨਾਲ ਲੁਟ-ਖੋਹ ਹੋਣ ਲਗ ਪਈ ਤਾਂ ਫਿਰ ਆਮ ਵਿਅਕਤੀ ਕਿਧਰ ਜਾਵੇਗਾ।ਪੰਜਾਬ ਸਰਕਾਰ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

2012-12-23
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)