Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੈਨੇਡੀਅਨ ਕਵੀ ਮੰਗਾ ਬਾਸੀ ਦੀ ਕਿਤਾਬ ਧਰਤਿ ਕਰੇ ਅਰਜੋ਼ਈ - ਬਲਜਿੰਦਰ ਸੰਘਾ.

ਚਰਚਾ ਕਰਤਾ – ਬਲਜਿੰਦਰ ਸੰਘਾ

ਪ੍ਰਕਾਸ਼ਕ –ਚੇਤਨਾ ਪ੍ਰਕਾਸ਼ਨ, ਲੁਧਿਆਣਾ

ਮੁੱਲ – 125 ਰੁਪਏ (10 ਡਾਲਰ ਕੈਨੇਡੀਅਨ)

ਕੈਨੇਡੀਅਨ ਕਵੀ ਮੰਗਾ ਬਾਸੀ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਦੇਸ਼ ਦੇ ਨਾਮ ਕਰ ਚੁੱਕਾ ਹੈ। ਹਰ ਇਕ ਪਰਵਾਸੀ ਮਨੁੱਖ ਦੇ ਅੰਦਰ ਇਕ ਯੁੱਧ ਹਮੇਸ਼ਾਂ ਚੱਲਦਾ ਰਹਿੰਦਾ ਹੈ ਜੋ ਕਦੇ ਉਸਨੂੰ ਜਨਮਭੂਮੀ ਨਾਲ ਖੜਾ ਕਰਦਾ ਹੈ ਤੇ ਕਦੇ ਉਸ ਦੇਸ ਦੇ ਨਾਲ ਜਿੱਥੇ ਉਹ ਆਪਣਾ ਦੇਸ ਛੱਡਕੇ ਰਹਿ ਰਿਹਾ ਹੈ। ਹਰ ਇੱਕ ਤਰ੍ਹਾਂ ਦੀ ਸੁੱਖ ਸਹੂਲਤ ਮਾਣਦੀ ਮਾਨਸਿਕਤਾ ਵੀ ਇਸ ਯੁੱਧ ਦਾ ਸਿ਼ਕਾਰ ਕਿਉਂ ਬਣੀ ਰਹਿੰਦੀ ਹੈ ਇਸਦਾ ਕਾਰਨ ਕੋਈ ਸਹੀ ਤਰ੍ਹਾਂ ਪ੍ਰਭਾਸਿ਼ਤ ਨਹੀਂ ਕਰ ਸਕਦਾ। ਮੰਗਾ ਬਾਸੀ ਦਾ ਕੈਨੇਡੀਅਨ ਕਾਵਿਕ ਸਫ਼ਰ ਵੀ ਇੱਥੋ ਹੀ ਸ਼ੁਰੂ ਹੁੰਦਾ ਹੈ। ਚਾਹੇ ਇਹ ਲਿਖਣਾ ਉਸਦੇ ਪੂਰੇ ਕਾਵਿਕ ਜੀਵਨ ਨਾਲ ਨਿਆ ਨਹੀਂ, ਕਿਉਕਿ ਉਸਦੀ ਕਵਿਤਾ ਤਾਂ ਹੁਣ ਤੱਕ ਸੰਸਾਰ ਪੱਧਰ ਤੇ ਹਰ ਤਰ੍ਹਾਂ ਦੇ ਮਸਲਿਆਂ ਵਿਚੋਂ ਗੁਜ਼ਰ ਚੁੱਕੀ ਹੈ ਪਰ ਇਹ ਸਭ ਮੈਂ ਉਹਨਾਂ ਦੀ ਪਹਿਲੀ ਪੁਸਤਕ ‘ਬਰਫ਼ ਦਾ ਮਾਰੂਥਲ’ ਪੜਦਿਆਂ ਮਹਿਸੂਸ ਕੀਤਾ ਸੀ। ਫਿਰ ਦੂਸਰੀ ਕਿਤਾਬ ‘ਵਿੱਚ ਪ੍ਰਦੇਸਾ ਦੇ’ ਅਤੇ ਫਿਰ ਬੋਲੀਆਂ ਦੀ ਕਿਤਾਬ ‘ਕੂੰਜਾਂ ਦੇ ਸਿਰਨਾਵੇਂ’ ਜਦੋਂ ਉਹ ਇਕ ਬੋਲੀ ਵਿਚ ਕਹਿੰਦਾ ਹੈ-

                          ਚੱਲੇ ਮਰਸਡੀ, ਹੰਬਰੀਂ ਹੂਟੇ

                            ਮਹਿਲ ਜਿਹਾ ਘਰ ਪਾਇਆ

                             ਮਨ ਦੇ ਬਾਗਾਂ ਤੇ

                             ਪਰ ਖੇੜਾ ਨਾ ਆਇਆ

ਪਰ ਇਸ ਬੋਲੀਆਂ ਦੀ ਕਿਤਾਬ ਤੋਂ ਪਹਿਲਾਂ ਉਸਦੀ ਕਿਤਾਬ ‘ਮੈਂ ਤੇ ਮੇਰੀ ਕਵਿਤਾ’ ਸਾਹਿਤਕ ਹਲਕਿਆ ਵਿਚ ਚਰਚਾ ਦਾ ਵਿਸ਼ਾ ਬਣੀ, ਜਿਸ ਵਿਚ ਉਹ ਸਮੇਂ ਦੇ ਨਾਲ ਵਹਿੰਦਾ ਦਰਿਆ ਲੱਗਿਆ ਨਾ ਕਿ ਇਕ ਥਾਂ ਖੜਾ ਪਾਣੀ ਜਦੋਂ ਉਹ ਕਹਿੰਦਾ ਹੈ –

                           ਹੁਣ ਇਹ ਦੇਸ

                           ਪਰਦੇਸ ਨਹੀਂ

                           ਆਪਣਾ ਦੇਸ ਬਣ ਗਿਆ ਹੈ

                           ਜਿੱਥੇ ਮੈਂ

                           ਸੁਪਨਿਆਂ ਦੇ ਬੀਅ ਬੀਜਦਾ

                           ਸਾਕਾਰਤਾ ਦੇ ਫੁੱਲਾਂ ਦਾ

                           ਗੀਤ ਲਿਖ ਰਿਹਾ ਹਾਂ

                ਇਸ ਕਿਤਾਬ ਤੋਂ ਬਾਅਦ ਇਹ ਸੁਭਾਵਿਕ ਹੀ ਸੀ ਕਿ ਮੰਗਾ ਬਾਸੀ ਹੁਣ ਦੇਸ਼ਾਂ ਦੀਆਂ ਹੱਦਾਂ ਦੀ ਵਲਗਣ ਦਾ ਕਾਇਲ ਨਹੀਂ ਹੈ। ਜਿੱਥੇ ਉਹ ਜਲੰਧਰ ਜਿਲ੍ਹੇ ਦੇ ਆਪਣੇ ਪਿੰਡ ‘ਬੀੜ ਬੰਸੀਆਂ’ ਨੂੰ ਆਪਣੇ ਸੀਨੇ ਵਿਚ ਵਸਾਈ ਬੈਠਾ ਹੈ ਉੱਥੇ ਇਹ ਦੇਸ ਕੈਨੇਡਾ ਵੀ ਆਪਣਾ ਹੀ ਇੱਕ ਪਿੰਡ ਹੈ। ਉਹ ਪਿੰਡ ਵਿਚ ਚੀਕਦੇ ਗੱਡੇ ਦਾ ਗੀਤ ਵੀ ਲਿਖਦਾ ਹੈ ਤੇ ਕੈਨੇਡੀਅਨ ‘ਬੇਰੀ’ ਦੇ ਫੁੱਲਾਂ ਦੀ ਮਹਿਕ ਵਿਚ ਵੀ ਅਨੰਦਤ ਮਹਿਸੂਸ ਕਰਦਾ ਹੈ। ਪਰ ਇਸਤੋਂ ਵੀ ਅਗਾਹ ਦਾ ਸਫ਼ਰ ਤਹਿ ਕਰਦਾ ਹੈ ਜੋ ਸਾਰੇ ਸੰਸਾਰ ਦਾ ਹਾਮੀ ਹੈ ਤੇ ਨਿੱਜਤਾ ਦਾ ਇਕ ਵੀ ਚਿੰਨ ਸਾਹਮਣੇ ਨਹੀਂ ਆਉਂਦਾ ਤੇ ਇਸੇ ਗੱਲ ਨੂੰ ਸਿੱਧ ਕਰਦੀ ਹੈ ਉਸਦੀ ਪੰਜਵੀਂ ਕਿਤਾਬ ‘ਧਰਤਿ ਕਰੇ ਅਰਜੋ਼ਈ’। ਕਾਵਿ-ਨਾਟ ਦੇ ਰੂਪ ਵਿਚ ਇਹ ਪੁਸਤਕ, ਜੋ ਨਾ ਤਾਂ ਭੂ-ਹੇਰਵੇ ਦੀ ਗੱਲ ਕਰਦੀ ਹੈ ਨਾ ਕਿਸੇ ਦੇਸ ਦੀਆਂ ਹੱਦਾਂ ਦੀ ਕਾਇਲ ਹੈ, ਬਲਕਿ ਇਹੋ ਜਿਹੇ ਵਿਸ਼ੇ ਤੇ ਪੂਰਾ-ਪੂਰਾ ਫੋਕਸ ਕਰਦੀ ਹੈ, ਜੋ ਇਨਸਾਨੀਅਤ ਦੀ ਹੀਂ ਨਹੀ ਸਾਰੀ ਦੁਨੀਆਂ ਦੇ ਹਰ ਜੀਵ-ਜੰਤੂ, ਸਮੁੰਦਰ, ਪਹਾੜ, ਨਦੀਆਂ-ਨਾਲੇ, ਕੁਦਰਤੀ ਬਨਸਪਤੀ ਦੀ ਮਨੁੱਖਤਾ ਨਾਲ ਸਾਂਝ ਪਵਾਉਂਦੀ ਹੋਈ ਹਰ ਆਮ ਮਨੁੱਖ,ਸਾਇੰਸਦਾਨ ਅਤੇ ਉਹਨਾਂ ਦੀਆਂ ਕੱਢੀਆਂ ਵਿਗਿਆਨਿਕ ਕਾਢਾਂ ਨੂੰ ਦੋਸ਼ ਮੁਕਤ ਕਰਦੀ ਹੋਈ ਵਾਤਾਵਰਨ ਦੀ ਰੱਖਿਆ ਦੇ ਹੱਕ ਵਿਚ ਨਿਮਰਤਾ ਪੂਰਨ ਤੇ ਕਾਵਿਕ ਸੁਨੇਹਾ ਦਿੰਦੀ ਹੈ। ਉਹ ਸਾਰੀ ਦੁਨੀਆਂ ਨੂੰ ਨਿਉਕਲੀਅਰ ਜੰਗ ਦੇ ਧੱਕੇ ਚੜਿਆਂ ਮਹਿਸੂਸ ਕਰਦਾ ਹੋਇਆ ਸੰਸਾਰਕ ਬੁਰਸ਼ਾਗਰਦੀ, ਐਟਮੀ ਹਥਿਆਰਾਂ ਦੀ ਵਰਤੋਂ ,ਦੁਨੀਆਂ ਦੇ ਹਰ ਕੋਨੇ ਵਿਚ ਕੁਦਰਤ ਨਾਲ ਛੇੜ-ਛਾੜ ਨੂੰ ਸੰਸਾਰ ਦੇ ਹਰ ਜੀਵਿਤ ਜੰਤੂ ਲਈ ਘਾਤਕ ਦੱਸਦਾ ਹੈ ਜੋ ਇਕ ਵਿਗਿਆਨਿਕ ਸੱਚਾਈ ਵੀ ਹੈ। ਜਿਵੇ ਮੰਗਾ ਬਾਸੀ ਕਹਿੰਦਾ ਹੈ-

                             ਧਰਤੀ,ਨਦੀ ਤੇ ਬਿਰਖ਼ ਬਿਨ

                             ਬਚ ਨਹੀਂ ਸਕਦਾ ਸ਼ਹਿਰ।

                             ਕਿੰਨਾ ਚਿਰ ਸਾਹ ਲਹਿਣਗੇ,

                             ਚਖ਼ਦੇ ਜੋ ਨਿੱਤ ਜ਼ਹਿਰ

ਪਰ ਇਸ ਕਿਤਾਬ ਦਾ ਜੋ ਸਭ ਤੋਂ ਵੱਡਾ ਤੱਥ ਹੈ ਉਹ ਇਹ ਹੈ ਕਿ ਇਸ ਸਭ ਵਾਤਾਵਰਣ ਨਾਲ ਸਬੰਧਤ ਗੰਭੀਰ ਸਮੱਸਿਆਂ ਵਿਚ ਆਮ ਮਨੁੱਖ ਦਾ ਉਨ੍ਹਾਂ ਹੱਥ ਨਹੀਂ ਜੋ ਵਾਤਾਅਨੁਕੁਲ ਸਹੂਲਤਾਂ ਮਾਣਦੇ ਹਨ, ਚੁੱਲ੍ਹੇ ਅੱਗ ਬਾਲਣ ਲਈ ਦਰੱਖਤ ਦੀਆ ਟਹਿਣੀਆਂ ਕੱਟਦੇ,ਬਲਕਿ ਉਹਨਾਂ ਜੰਗੀ ਜਹਾਜ਼ਾਂ ਦਾ ਹੈ ਜੋ ਟੰਨਾਂ ਮੂਹੀ ਤੇਲ ਖਾਂਦੇ ਹਨ ਤੇ ਸਮੂੰਦਰਾਂ ਦੀ ਹਿੱਕ ਤੋਂ ਉਡਾਨਾਂ ਭਰਦੇ ਹਨ, ਐਟਮੀ ਜ਼ਹਿਰ ਉਗਲਦੇ ਹਨ ਤੇ ਇਸਦਾ ਦੋਸ਼ ਉਹ ਆਮ ਮਨੁੱਖ ਨੂੰ ਨਹੀਂ ਦਿੰਦਾ ਜਿਵੇ-

                             ਇਹ ਜੋ ਮਾਨਵ ਭੇਸ ਵਿਚ

                             ਹਨ ਦੈਤਾਂ ਦੇ ਰੂਪ।

                             ਇਹੋ ਜਿਹੇ ਜ਼ਾਲਮਾਂ,

                             ਕੀਤਾ ਜੀਊਣ ਕਰੂਪ।

ਮੰਗਾ ਬਾਸੀ ਦੀ ਸੰਵੇਦਣਸ਼ੀਲਤਾ ਤੇ ਸੰਸਾਰ ਨੂੰ ਇਕ ਮਾਲਾ ਵਿਚ ਪ੍ਰੋਣ ਦੀ ਰੀਝ ਇਸ ਕਿਤਾਬ ਵਿਚ ਕਾਵਿਕ ਉਡਾਰੀ ਰਾਹੀ ਥਾਂ-ਥਾਂ ਤੇ ਮਿਲਦੀ ਹੈ ਪਰ ਲੇਖ ਦੀ ਲੰਬਾਈ ਦਾ ਧਿਆਨ ਰੱਖਦੇ ਹੋਏ ਸਿਰਫ ਇਕ ਉਦਾਹਣ ਪੇਸ਼ ਕਰ ਰਿਹਾ ਹਾਂ ਜਿਵੇ-

               ਧਰਤੀ ਸਾਗਰ ਇਕ ਨੇ,

                 ਨਾ ਕੋਈ ਵੱਖਰਾ ਦੇਸ।

                 ਤਾਪ ਚੜ੍ਹੇ ਜੇ ਇਕ ਨੂੰ

                 ਹੂੰਗਣ ਹੋਰ ਹਮੇਸ਼।

ਜਦੋਂ ਮੰਗਾ ਬਾਸੀ ਦੀ ਇਹ ਕਿਤਾਬ ਮੇਰੇ ਹੱਥ ਲੱਗੀ ਤਾਂ ਬਿਨਾਂ ਪੜ੍ਹੇ ਵਰਕੇ ਫਰੋਲਦਿਆਂ ਥਾਂ-ਥਾਂ ਮਿਥਿਹਾਸਕ ਕਿਰਦਾਰਾਂ ਸਿ਼ਵ ਅਤੇ ਪਾਰਵਤੀ ਦਾ ਜਿ਼ਕਰ ਦੇਖਕੇ ਡਰ ਜਿਹਾ ਲੱਗਿਆ ਕਿ ਇਸ ਪੁਸਤਕ ਦਾ ਮਤਲਬ ਕੀ ਹੋਵੇਗਾ। ਪਰ ਅਚੇਤ ਹੀ ਸਵ: ਡਾ ਦਰਸ਼ਨ ਗਿੱਲ ਦੇ ਲਿਖੇ ਮੁੱਖ ਬੰਦ ਨੇ ਜੋ ਮੈਂ ਕਿਤਾਬ ਪੜ੍ਹਨ ਤੋਂ ਪਹਿਲਾ ਕਦੇ ਨਹੀਂ ਪੜ੍ਹਦਾ ਮਨ ਨੂੰ ਤਸੱਲੀ ਦਿੱਤੀ ਕਿ ਕੁਝ ਵੀ ਗਲਤ ਨਹੀਂ ਹੋਵੇਗਾ,ਜਦੋਂ ਸਾਰੀ ਕਿਤਾਬ ਪੜੀ ਤਾਂ ਪਤਾ ਲੱਗਾ ਕਿ ਇਹਨਾਂ ਮਿਥਿਹਾਸਕ ਕਿਰਦਾਰਾਂ ਦਾ ਸਹਾਰਾਂ ਪੂਰੀ ਜਾਗੂਰਤਾਂ ਨਾਲ ਲਿਆ ਗਿਆ ਹੈ ਤੇ ਇਹ ਇਸ ਵਿਸ਼ੇ ਦੀ ਲੋੜ ਮਹਿਸੂਸ ਹੋਣ ਲੱਗੀ ਤਾਂ ਕਿ ਸਮੰਦਰ, ਨਦੀਆਂ, ਜੀਵ-ਜੰਤੂ ਅਤੇ ਧਰਤੀ ਦਾ ਮਾਨਵੀਕਰਣ ਕਰਕੇ ਉਹਨਾਂ ਦੀ ਗੱਲ, ਭਾਵ ਪੀੜ ਮਾਨਵ ਤੱਕ ਪਹੁੰਚਾਈ ਜਾ ਸਕੇ। ਕਾਵਿਕ ਉਡਾਰੀਆਂ ਦਾ ਜਿ਼ਕਰ ਜਰੂਰੀ ਹੈ ਜੋ ਧਿਆਨ ਖਿੱਚਦੀਆਂ ਹਨ ਜਿਵੇਂ -

                           ਗਈ ਗ੍ਰਹਿਣੀ ਰਿਸ਼ਮ ਸੁਨਹਿਰੀ

                           ਕਾਲਖ਼ ਹਰ ਥਾਂ ਸ਼ਾਈ-ਵੇ ਲੋਕਾ,

                           ਇਹ ਕੈਸੀ ਰੁੱਤ ਆਈ-ਵੇ ਲੋਕਾ। (ਪੰਨਾ 35)

                             ਮਾਰੂ ਝੱਖੜ,ਕਹਿਰੀ ਮੌਸਮ

                             ਨੰਗੇ ਧੜ ਹੀ ਜੂਨ ਹੰਢਾਵਾਂ

                             ਲੱਖ ਪੀੜਾਂ,ਦਰਦਾਂ ਮਨ ਅੰਦਰ

                              ਬਾਹਰੋਂ ਕੋਇਲਾਂ ਦੇ ਸੰਗ ਗਾਵਾਂ।(ਪੰਨਾ 36)

                              ਬਰਫਾਂ ਢਕੀ ਹਿਮਾਲਾ ਚੋਟੀ

                              ਤੱਕ ਆਈਏ ਕਿਤੇ ਖੁਰ ਨਾ ਜਾਵੇ।

                              ਡਾਢੀਆਂ ਰੁੱਤਾਂ ਤੋਂ ਸਹਿਮੀ

                             ਪਿਘਲ ਨਦੀ ਵਿਚ ਰੁੜ੍ਹ ਨਾ ਜਾਵੇ। (ਪੰਨਾ 51)

                             ਉਹ ਦੇਖੋ,ਉੱਤਰੀ ਧਰੁਵਾਂ ਉੱਤੇ

                              ਬਰਫ਼ ਦੇ ਪਿੰਡੇ ਤ੍ਰੇੜਾਂ ਆਈਆਂ

                           ਮੈਨੂੰ ਲੱਗਦਾ ਪਾਣੀ ਬਣਕੇ,

                          ਬਰਫ਼ ਨੇ ਇਕ ਦਿਨ ਖ਼ੁਰ ਹੈ ਜਾਣਾ (ਪੰਨਾ 64)

ਵਾਤਾਵਰਣ ਨਾਲ ਸਬੰਧਤ ਤੇ ਉਹ ਵੀ ਇੱਕ ਕੈਨੇਡਾ ਵਰਗੇ ਦੇਸ਼ ਜਿੱਥੇ ਲੋਕ ਪੂੰਜੀਵਾਦ ਅਤੇ ਮਸੀ਼ਨਾਂ ਸੰਗ ਮਸ਼ੀਨਾਂ ਹੋਏ ਭੱਵਿਖ ਦੇ ਕੁਝ ਘੰਟਿਆਂ ਤੋਂ ਵੱਧ ਸੋਚਣ ਤੋਂ ਅਸਮਰਥ ਦਿਖਾਈ ਦੇ ਰਹੇ ਹਨ ਇਹੋ ਜਿਹੀ ਕਿਤਾਬ ਦਾ ਸਿਰਜਣ ਇੱਕ ਪਾਜਿਟਿਵ ਪੁਇੰਟ ਹੈ। ਮੈਂ ਲੇਖਕ ਮੰਗਾ ਬਾਸੀ ਅਤੇ ਚੇਤਨਾ ਪ੍ਰਕਾਸ਼ਨ ਨੂੰ ਇਸ ਕਿਤਾਬ ਦੀ ਵਧਾਈ ਦਿੰਦਾ ਹਾਂ।

2012-08-05
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)