Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
to ਖੇਤੀ ਵੰਨ ਸੁਵੰਨਤਾ ਲਈ ਐਨ ਜੀ ਰੰਗਾ ਕਿਸਾਨ ਪੁਰਸਕਾਰ ਵਿਜੇਤਾ : ਸ. ਗੁਰਚਰਨ ਸਿੰਘ ਮਾਨ - ਗੁਰਭਜਨ ਗਿੱਲ.

ਗਿਆਨ ਦਾ ਲੜ ਫੜ ਕੇ ਕੌਮੀ ਪੱਧਰ ਤੇ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡਣ ਵਾਲਾ ਸ: ਗੁਰਚਰਨ ਸਿੰਘ ਮਾਨ ਉਹ ਕਰਮਯੋਗੀ ਹੈ ਜਿਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਰਾਹੀਂ ਗਿਆਨ ਦੀ ਕੁੰਜੀ ਹੱਥ ਵਿੱਚ ਲੈ ਕੇ ਹਰ ਜੰਦਰਾ ਖੋਲਿਆ ਹੈ। ਇਨ੍ਹਾਂ ਪ੍ਰਾਪਤੀਆਂ ਸਦਕਾ ਹੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ 16 ਜੁਲਾਈ ਨੂੰ ਨਾਸ ਕੰਪਲੈਕਸ, ਨਵੀਂ ਦਿੱਲੀ ਵਿਖੇ ਵੰਨ ਸੁਵੰਨੀ ਖੇਤੀ ਲਈ  ਕੌਮੀ ਪੱਧਰ ਤੇ ਐਨ ਜੀ ਰੰਗਾ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਹੋ ਰਿਹਾ ਹੈ। ਗੁਰਚਰਨ ਸਿੰਘ ਮਾਨ ਨੂੰ ਇਹ ਮਿੱਠੀ ਖ਼ਬਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ  ਜਨਰਲ (ਤਾਲਮੇਲ) ਡਾ: ਰਵਿੰਦਰ ਕੁਮਾਰ ਨੇ ਦਿੱਤੀ ਹੈ। ਗੁਰਚਰਨ ਇਹ ਖ਼ਬਰ ਮੈਨੂੰ ਸੁਣਾਉਂਦਿਆਂ ਬੜੇ ਉਤਸ਼ਾਹ ਵਿੱਚ ਸੀ ਕਿਉਂਕਿ ਇਸ ਤੋਂ ਪਹਿਲਾਂ ਉਸ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਹਿਲਾਂ ਪ੍ਰਵਾਸੀ ਭਾਰਤੀ ਅਗਾਂਹਵਧੂ ਕਿਸਾਨ ਪੁਰਸਕਾਰ  ਅਤੇ ਮੁੱਖ ਮੰਤਰੀ ਪੁਰਸਕਾਰ ਵੀ ਹਾਸਿਲ ਹੋ ਚੁੱਕਾ ਹੈ। ਇਨ੍ਹਾਂ ਪ੍ਰਾਪਤੀਆਂ ਲਈ ਜਿਥੇ ਉਹ ਆਪਣੇ ਮਿਹਨਤੀ ਮਾਪਿਆਂ ਵੱਲੋਂ ਮਿਲੀ ਪ੍ਰੇਰਨਾ ਅਤੇ ਨਸ਼ਾ ਮੁਕਤ ਜ਼ਿੰਦਗੀ ਨੂੰ ਸਮਝਦਾ ਹੈ ਉਥੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨਾਲ ਤਾਲਮੇਲ ਨੂੰ ਵੀ ਰੀੜ ਦੀ ਹੱਡੀ ਆਖਦਾ ਹੈ। ਉਹ ਇਕੱਲਾ ਵਿਕਾਸ ਨਹੀਂ ਕਰ ਰਿਹਾ, ਸਗੋਂ ਉਸ ਨਾਲ ਆਪਣੇ ਵਰਗੇ ਨਸ਼ਾ ਮੁਕਤ ਮਿੱਤਰਾਂ ਦਾ ਕਾਫਲਾ ਹੈ ਜਿਹੜੇ ਉਦੇ ਵਾਂਗ ਹੀ ਸ਼ਹਿਦ ਦੀਆਂ ਮੱਖੀਆਂ ਪਾਲਦੇ ਹਨ, ਮੱਛੀ ਪਾਲਦੇ ਹਨ, ਰੁੱਖ ਲਗਾਉਂਦੇ ਹਨ, ਮਸਾਲੇ ਪੀਸ ਕੇ ਐੱਗ ਮਾਰਕ ਦੇ ਨਿਸ਼ਾਨ ਨਾਲ ਨੇੜੇ ਦੀਆਂ ਮੰਡੀਆਂ ਵਿੱਚ ਵੇਚਦੇ ਹਨ। ਉਸ ਦੀ ਹਿੰਮਤ ਦਾ ਹੀ ਕਮਾਲ ਹੈ ਕਿ ਮਾਲਵੇ ਦੇ ਕਈ ਪਿੰਡਾਂ ਵਿੱਚ ਹੁਣ ਵਿਆਹ ਸ਼ਾਦੀਆਂ ਦੇ ਕਾਰਡ ਨਾਲ ਉਸਦੇ ਮਾਨ ਮਧੂ ਮੱਖੀ ਫਾਰਮ ਦਾ ਸ਼ਹਿਦ ਵੀ ਤੋਹਫੇ ਵਾਲੇ  ਡੱਬਿਆਂ ਵਿੱਚ ਪੈਕ ਹੋ ਕੇ ਵੰਡਿਆ ਜਾਂਦਾ ਹੈ। ਕਿਸੇ ਕਿਸਾਨ ਦੀ ਦੂਰ ਅੰਦੇਸ਼ੀ ਦਾ ਉਹ ਜਿਉਂਦਾ ਜਾਗਦਾ ਪ੍ਰਮਾਣ ਹੈ। ਨੈੱਟ ਹਾਊਸ ਵਿੱਚ ਸਬਜ਼ੀਆਂ ਬੀਜਣ ਵਿੱਚ ਵੀ ਉਸ ਨੇ ਆਪਣੇ ਇਲਾਕੇ ਵਿੱਚ ਪਹਿਲ ਕੀਤੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਬਠਿੰਡਾ ਸਥਿਤ ਡਿਪਟੀ ਡਾਇਰੈਕਟਰ ਸ਼੍ਰੀ ਜਗਦੀਸ਼ ਗਰੋਵਰ ਦੱਸ ਰਹੇ ਸਨ ਕਿ ਸ: ਗੁਰਚਰਨ ਸਿੰਘ ਮਾਨ ਦਾ ਜੀਵਨ ਪ੍ਰਾਪਤੀ ਵੇਰਵਾ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੂੰ ਭੇਜਿਆ ਗਿਆ ਸੀ।

             ਗੁਰਚਰਨ ਆਖਦਾ ਹੈ ਕਿ ਹਿੰਮਤ ਕਰੇ ਇਨਸਾਨ ਤਾਂ ਕੀਹ ਹੋ ਨਹੀਂ ਸਕਦਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦੇ ਅਗਾਂਹ ਵਧੂ ਕਿਸਾਨ ਗੁਰਚਰਨ ਸਿੰਘ ਮਾਨ ਨੇ ਇਹ ਕਥਨ ਸੱਚ ਕਰ ਵਿਖਾਇਆ ਹੈ । ਖੇਤੀਬਾੜੀ ਵਿੱਚ ਵੰਨਸੁਵੰਨਤਾ ਲਿਆਉਣ ਦਾ ਸੁਫ਼ਨਾ ਹਕੀਕਤ ਵਿਚ ਤਬਦੀਲ ਕਰਕੇ ਉਸਨੇ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਵੀ ਆਪਣੀ ਮਿਹਨਤ ਰਾਹੀਂ ਇਹ ਸੁਨੇਹਾ ਦਿੱਤਾ ਹੈ ਕਿ ਕਣਕ-ਝੋਨਾ ਫ਼ਸਲ ਚੱਕਰ ਹੇਠੋਂ ਨਿਕਲਣ ਦਾ ਇਕੋ ਇੱਕ ਰਾਹ ਖੇਤੀਬਾੜੀ ਵੰਨਸੁਵੰਨਤਾ ਹੈ । ਆਪਣੇ 42 ਏਕੜ ਦੇ ਫਾਰਮ ਵਿਚ ਉਸਨੇ 12 ਏਕੜ ਮੱਛੀਆਂ ਪਾਲਣ ਲਈ ਤਲਾਬ, 10 ਏਕੜ ਵਿਚ ਨਰਮਾ, 10 ਏਕੜ ਵਿਚ ਬਾਗ, 2.5 ਏਕੜ ਵਿਚ ਖੇਤੀ ਜੰਗਲਾਤ, 2.5 ਏਕੜ ਵਿਚ ਸਬਜ਼ੀਆਂ 2 ਏਕੜ ਵਿਚ ਪੱਠੇ, 3 ਏਕੜ ਵਿਚ ਝੋਨਾ, ਇਕ ਏਕੜ ਵਿਚ ਫੁੱਲ ਅਤੇ ਪੌਦਿਆਂ ਦੀ ਨਰਸਰੀ ਦੇ ਨਾਲ ਹੀ ਘਰੇਲੂ ਬਗੀਚੀ ਬਣਾਈ ਹੈ । ਸ. ਗੁਰਚਰਨ ਸਿੰਘ ਮਾਨ ਨੇ ਬਾਗ ਵਿਚ ਬੇਰ, ਆੜੂ, ਅਮਰੂਦ ਅਤੇ ਜਾਮਨੂੰ ਦੇ ਬੂਟੇ ਲਗਾ ਕੇ ਇਨ੍ਹਾਂ ਫ਼ਲਾਂ ਦਾ ਮੰਡੀਕਰਣ ਵੀ ਆਪਣੇ ਹੱਥ ਵਿਚ ਰੱਖਿਆ। ਫ਼ਲ ਵੇਚਣ ਲਈ ਉਹ ਰਾਜਪੁਰਾ ਅਤੇ ਅੰਬਾਲਾ ਤੱਕ ਦੀਆਂ ਮੰਡੀਆਂ ਵਿਚ ਪਹੁੰਚਦਾ ਹੈ, ਸਿਰਫ਼ ਬਠਿੰਡੇ ਤੇ ਹੀ ਨਿਰਭਰ ਨਹੀਂ ਕਰਦਾ । 2000 ਬਕਸੇ ਮਧੂ ਮੱਖੀਆਂ ਪਾਲ ਕੇ ਉਸ ਸ਼ਹਿਦ ਨੂੰ ਕਿਸੇ ਵਪਾਰੀ ਕੋਲ ਨਹੀਂ ਸੁੱਟਿਆ, ਸਗੋਂ ਉਸ ਨੂੰ ਸੰਵਾਰ ਕੇ ਖ਼ੁਦ ਡੱਬਾਬੰਦੀ ਕਰਕੇ ਐਗਮਾਰਕ ਦਾ ਸ਼ੁੱਧੀ ਪ੍ਰਮਾਣ ਹਾਸਲ ਕਰਕੇ ਆਪ ਵਿਕਰੀ ਕਰਦਾ ਹੈ । ਮਧੂ ਮੱਖੀ ਪਾਲਣ ਵਾਲੀਆਂ ਸਵੈ ਸਹਾਇਤਾ ਸੰਸਥਾਵਾਂ ਰਾਹੀਂ ਉਸਦੇ ਸ਼ਹਿਦ ਦੀ ਵਿਕਰੀ ਮਿਆਰ ਪੱਖੋਂ ਪਹਿਲ ਦੇ ਅਧਾਰ ਤੇ ਹੁੰਦੀ ਹੈ । ਘਰ ਰੱਖੇ 20 ਲਵੇਰਿਆਂ ਦਾ ਦੁੱਧ ਵੀ ਉਹ ਆਪ ਹੀ ਵੇਚਦਾ ਹੈ ਅਤੇ ਕਿਸੇ ਵਿਚੋਲੇ ਤੇ ਨਿਰਭਰ ਨਹੀਂ ਕਰਦਾ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੁਰਾਣੇ ਅਧਿਆਪਕ ਅਤੇ ਹੁਣ ਆਸਟ੍ਰੇਲੀਆ ਵੱਸਦੇ ਵੀਰ ਮਨਿੰਦਰ ਜੀਤ ਸਿੰਘ ਸੰਧਾ ਵਲੋਂ ਸਥਾਪਤ ਕੀਤੇ ਪ੍ਰਵਾਸੀ ਭਾਰਤੀ ਪੁਰਸਕਾਰ ਦਾ ਪਹਿਲਾ ਵਿਜੇਤਾ ਵੀ ਗੁਰਚਰਨ ਸਿੰਘ ਮਾਨ ਹੀ ਬਣਿਆ ਸੀ ਅਤੇ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਪੁਰਸਕਾਰ ਦਾ ਜੇਤੂ ਵੀ। ਗੁਰਚਰਨ ਦੱਸਦਾ ਹੈ ਕਿ ਉਸਨੇ 1992 ਵਿਚ ਬੀ ਏ ਭਾਗ ਦੂਜਾ ਦੀ ਪੜ੍ਹਾਈ ਵਿਚੇ ਛੱਡ ਕੇ ਘਰ ਦੀ ਖੇਤੀ ਸੰਭਾਲਣ ਨੂੰ ਪਹਿਲ ਦਿੱਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਬਠਿੰਡਾ ਵਿਖੇ ਖੋਲੇ ਗਏ ਫਾਰਮ ਸਲਾਹਕਾਰੀ ਸੇਵਾ ਕੇਂਦਰ ਦਾ ਉਸ ਨੇ 1995 ਤੋਂ ਲਗਾਤਾਰ ਸੰਗ-ਸਾਥ ਮਾਣਿਆ ਹੈ। ਇਥੇ ਕੰਮ ਕਰਦੇ ਵਿਗਿਆਨੀਆਂ ਦੀ ਪ੍ਰੇਰਣਾ ਨਾਲ ਉਹ ਪੰਜਾਬ ਨੌਜੁਆਨ ਕਿਸਾਨ ਸੰਸਥਾ ਦਾ ਮੈਂਬਰ ਬਣਿਆ । ਬਠਿੰਡੇ ਕ੍ਰਿਸ਼ੀ ਵਿਗਿਆਨ ਕੇਂਦਰ ਖੁੱਲਿਆ ਤਾਂ ਉਸਨੇ ਮਧੂ ਮੱਖੀ ਪਾਲਣ ਦੀ ਸਿਖਲਾਈ ਹਾਸਲ ਕੀਤੀ । ਇਸ ਕੰਮ ਨੂੰ 7 ਬਕਸਿਆਂ ਤੋਂ ਸ਼ੁਰੂ ਕੀਤਾ ਅਤੇ ਹੁਣ 2000 ਬਕਸਿਆਂ ਤੇ ਪਹੁੰਚ ਗਿਆ ਹੈ । ਸ. ਮਾਨ ਪਹਿਲਾਂ ਕੁਝ ਵਪਾਰਕ ਕੰਪਨੀਆਂ ਰਾਹੀਂ ਆਪਣਾ ਸ਼ਹਿਦ ਵੇਚਦਾ ਸੀ ਪਰ ਇਹ ਤਜ਼ਰਬਾ ਉਸਨੂੰ ਰਾਸ ਨਾ ਆਇਆ ਅਤੇ ਜ਼ਿਲ੍ਹਾ ਬਠਿੰਡਾ ਦੇ ਵਿਕਾਸ ਵਿਭਾਗ ਵਲੋਂ ਬਣਾਏ ਸਵੈ ਸੇਵਾ ਸੰਗਠਨਾਂ ਰਾਹੀਂ ਉਸਨੇ ਸਾਲ 2003 ਵਿਚ 25 ਲੱਖ ਰੁਪਏ ਦੀਆਂ ਮੱਖੀਆਂ ਦੇ ਬਕਸੇ ਤਿਆਰ ਕਰਕੇ ਕਿਸਾਨਾਂ ਨੂੰ ਲਾਗਤ ਮੁੱਲ ਤੇ ਵੇਚੇ ਅਤੇ ਪੂਰੇ ਬਠਿੰਡਾ ਜ਼ਿਲ੍ਹੇ ਵਿਚ ਮਧੂ ਮੱਖੀ ਇਨਕਲਾਬ ਦਾ ਮੁੱਢ ਬੰਨ੍ਹਿਆ । ਸਾਲ 2004 ਵਿਚ ਵੀ ਉਸ ਨੇ 8 ਲੱਖ ਰੁਪਏ ਦੀਆਂ ਮਧੂ ਮੱਖੀਆਂ ਤਿਆਰ ਕਰਕੇ ਵੇਚੀਆਂ । ਖੇਤੀ ਸਹਾਇਕ ਧੰਦਿਆਂ ਨੂੰ ਅੱਗੇ ਵਧਾਉਣ ਲਈ ਉਸਨੇ ਮੱਛੀ ਪਾਲਣ ਨੂੰ ਵੀ ਆਪਣੀ ਖੇਤੀ ਦਾ ਵੱਡਾ ਹਿੱਸਾ ਬਣਾਇਆ । ਆਪਣੇ ਸਾਂਝੇ ਪਰਿਵਾਰ ਦੀ ਸ਼ਕਤੀ ਤੇ ਮਾਣ ਮਹਿਸੂਸ ਕਰਦਿਆਂ ਉਹ ਆਖਦਾ ਹੈ ਕਿ ਮੇਰਾ ਵੱਡਾ ਵੀਰ ਅਤੇ ਦੋ ਭਤੀਜੇ ਰਲ ਕੇ ਹੀ ਅਸੀਂ ਇਸ ਮਾਣਮੱਤੇ ਕਾਰਜ ਨੂੰ ਸੰਭਾਲ ਰਹੇ ਹਾਂ। ਪੂਰਨ ਸਹਿਮਤੀ ਅਤੇ ਉਤਸ਼ਾਹ ਨਾਲ ਭਰਪੂਰ ਸ. ਗੁਰਚਰਨ ਸਿੰਘ ਮਾਨ ਆਖਦਾ ਹੈ ਕਿ ਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਗਿਆਨਕ ਸੋਝੀ ਪੱਖੋਂ ਮੇਰੀ ਬਾਂਹ ਨਾ ਫ਼ੜਦੇ ਤਾਂ ਮੈਂ ਵੀ ਰਵਾਇਤੀ ਸੋਚ ਦਾ ਗੁਲਾਮ ਰਹਿਣਾ ਸੀ । ਹੁਣ ਨਿਤ ਨਵੇਂ ਸੂਰਜ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅੱਗੇ ਵਧਣ ਦੇ ਸੁਪਨੇ ਆਉਂਦੇ ਹਨ ਅਤੇ ਇਨ੍ਹਾਂ ਸੁਪਨਿਆਂ ਨੂੰ ਖੰਭ ਲਾਉਣ ਲਈ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ, ਫਾਰਮ ਸਲਾਹਕਾਰੀ ਸੇਵਾ ਕੇਂਦਰ, ਬਠਿੰਡਾ ਅਤੇ ਉਨ੍ਹਾਂ ਸਮੂਹ ਵਿਗਿਆਂਨੀਆਂ ਦਾ ਰੋਮ-ਰੋਮ ਰਿਣੀ ਹੈ ਜਿੰਨ੍ਹਾਂ ਨੇ ਉਸਨੂੰ ਗਿਆਨ ਵਿਗਿਆਨ ਚੇਤਨਾ ਦੇ ਸਹਾਰੇ ਇਸ ਪੁਰਸਕਾਰ ਤੀਕ ਪਹੁੰਚਾਇਆ ਹੈ । ਗੁਰਚਰਨ ਸਿੰਘ ਮਾਨ ਆਖਦਾ ਹੈ ਕਿ ਮੇਰੀ ਸਫ਼ਲ ਵੰਨਸੁਵੰਨੀ ਖੇਤੀ ਦਾ ਰਾਜ਼ ਇਸ ਗੱਲ ਵਿਚ ਵੀ ਲੁਕਿਆ ਹੋਇਆ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਛਪਦੇ ਮਾਸਕ ਪੱਤਰ \'ਚੰਗੀ ਖੇਤੀ\' ਅਤੇ ਯੂਨੀਵਰਸਿਟੀ ਵਲੋਂ ਛਪਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਕਿਤਾਬਾਂ ਦਾ ਲਗਾਤਾਰ ਪਾਠਕ ਹਾਂ । ਯੂਨੀਵਰਸਿਟੀ ਵਲੋਂ ਸਥਾਪਤ ਕੀਤੀ ਕਿਸਾਨ ਹੈਲਪ ਲਾਈਨ ਰਾਹੀ ਵੀ ਲਗਾਤਾਰ ਮੈਂ ਆਪਣੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਮਦਦ ਲੈਂਦਾ ਰਹਿੰਦਾ ਹਾਂ।

ਗੁਰਚਰਨ ਸਿੰਘ ਮਾਨ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਐਨ ਜੀ ਰੰਗਾ ਕਿਸਾਨ ਪੁਰਸਕਾਰ ਮਿਲਣ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦਾ ਕਥਨ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਖੋਜ ਅਤੇ ਪਸਾਰ ਨੂੰ ਪੂਰੀ ਹਿੰਮਤ ਨਾਲ ਆਪਣੇ ਖੇਤਾਂ ਵਿੱਚ ਲਾਗੂ ਕਰਨ ਵਾਲੇ ਇਹੋ ਜਿਹੇ ਨੌਜੁਆਨਾਂ ਦਾ ਕਾਫਲਾ ਹੀ ਭਵਿੱਖ ਦੀ ਰੌਸ਼ਨ ਉਮੀਦ ਬਣੇਗਾ। ਗੁਰਚਰਨ ਸਿੰਘ ਮਾਨ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਇਹੀ ਸੁਨੇਹਾ ਦੇ ਰਿਹਾ ਹੈ ਕਿ ਭਵਿੱਖ ਦੀ ਖੇਤੀ ਸਿਰਫ਼ ਵਿਗਿਆਨ ਅਤੇ ਵੰਨਸੁਵੰਨਤਾ ਦੇ ਸਹਾਰੇ ਹੀ ਵਿਕਾਸ ਦੇ ਰਾਹ ਤੁਰ ਸਕੇਗੀ । ਜਿਵੇਂ ਜਲ ਸੋਮਿਆਂ ਦਾ ਨਿਘਾਰ ਹੋ ਰਿਹਾ ਹੈ, ਉਸ ਨੂੰ ਰੋਕਣ ਲਈ ਝੋਨੇ ਤੋਂ ਮੁਕਤੀ ਅਤੇ ਖੇਤੀ ਵੰਨਸੁਵੰਨਤਾ ਅਪਣਾਉਣ ਦੀ ਜੁਗਤੀ ਹੀ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖ ਸਕੇਗੀ ।

2012-07-26
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)