Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ - ਡਾ ਗੁਰਮੀਤ ਸਿੰਘ ਬਰਸਾਲ.

ਗੁਰੂ ਨਾਨਕ ਸਾਹਿਬ ਦੀ ਚਲਾਈ ਸਿੱਖ ਲਹਿਰ ਦੀ ਸਿਧਾਂਤਕ ਵਿਰੋਧਤਾ ਕਰਦੇ ਹੋਣ ਕਾਰਣ ਵੈਸੇ ਤਾਂ ਡੇਰੇਦਾਰ ਪ੍ਰਥਾ ਖਿਲਾਫ਼ ਹਮੇਸ਼ਾਂ ਹੀ ਕੁਝ ਨਾ ਕੁਝ ਜਾਗ੍ਰਿਤੀ ਲਹਿਰਾਂ ਚਲਦੀਆਂ ਰਹਿੰਦੀਆਂ ਹਨ ਪਰ ਜਿਓਂ ਹੀ ਸਮਾਜ ਵਿੱਚ ਇੰਟਰਨੈੱਟ ਦੀ ਵਰਤੋਂ ਵਧੀ ਹੈ, ਡੇਰੇਦਾਰਾਂ ਖਿਲਾਫ਼ ਮੁਹਿੰਮਾਂ ਵਿੱਚ ਅਚਾਨਕ ਤੇਜੀ ਆ ਗਈ ਹੈ ।ਇਸਤੋਂ ਇਹ ਸਾਫ਼ ਹੋ ਗਿਆ ਹੈ ਕਿ ਲੋਕਾਂ ਦੇ ਅੰਦਰ ਡੇਰੇਦਾਰਾਂ ਦੁਆਰਾ ਕਰੀ ਜਾ ਰਹੀ ਸਮਾਜਿਕ ,ਆਰਥਿਕ ਅਤੇ ਮਾਨਸਿਕ ਲੁੱਟ ਖਿਲਾਫ਼ ਰੋਹ ਤਾਂ ਸੀ ਪਰ ਪ੍ਰਗਟਾਉਣ ਦੇ ਵਧੀਆ ਸਾਧਨਾਂ ਦੀ ਘਾਟ ਕਾਰਣ ਲੋਕ ਗੁੱਸਾ ਪੀ ਕੇ ਹੀ ਰਹਿ ਜਾਂਦੇ ਸਨ ।ਸਾਡੇ ਸਮਾਜ ਦਾ ਕੁਝ ਮਹੌਲ ਹੀ ਇਸ ਤਰਾਂ ਹੁੰਦਾ ਹੈ ਕਿ ਧਾਰਮਿਕ ਮੇਕ-ਅੱਪ (ਧਾਰਮਿਕ ਦਿਖਾਉਣ ਲਈ ਵਰਤਿਆ ਪਹਿਰਾਵਾ)ਕਰਨ ਵਾਲਿਆਂ ਦਾ ਸਤਿਕਾਰ ਕਰਨਾਂ ਸੁੱਤੇ ਸਿੱਧ ਹੀ ਲਾਜਮੀ ਬਣਾ ਦਿੱਤਾ ਜਾਂਦਾ ਹੈ। ਬਚਪਨ ਵਿੱਚ ਹੀ ਬੱਚੇ ਦੇ ਪਾਲਣ ਪੋਸ਼ਣ ਤੋਂ ਹੀ ਇਹਨਾਂ ਡੇਰੇਦਾਰਾਂ ਦਾ ਪ੍ਰਭਾਵ ਇਸ ਤਰਾਂ ਸ਼ੁਰੂ ਹੋ ਜਾਂਦਾ ਹੈ ਕਿ ਪਰਿਵਾਰ ਅਤੇ ਸਮਾਜ ਵਿੱਚ ਸਹਿਜ ਸੁਭਾਵ ਜੀਅ ਰਹੇ ਬੱਚੇ ਨੂੰ ਪਤਾ ਹੀ ਨਹੀਂ ਚਲਦਾ ਕਿ ਕਦੋਂ ਉਸਨੂੰ ਇਸ ਡੇਰੇਦਾਰ ਪ੍ਰਥਾ ਦਾ ਚੇਲਾ ਬਣਾ ਦਿੱਤਾ ਜਾਂਦਾ ਹੈ ।ਜਦੋਂ ਬੱਚਾ ਆਲਾ ਦੁਆਲਾ ਨਿਹਾਰਨ ਲਗਦਾ ਹੈ ਤਾਂ ਚੁਫੇਰੇ ਅੰਧਵਿਸ਼ਵਾਸਾਂ ਅਤੇ ਖਿਆਲੀ ਕ੍ਰਿਸ਼ਮਿਆਂ ਵਾਲਾ ਮਾਹੌਲ ਹੀ ਨਜ਼ਰ ਆਉੰਦਾ ਹੈ ।ਜਦ ਨੂੰ ਬੱਚਾ ਜਵਾਨ ਹੁੰਦਾ ਹੈ ਤਾਂ ਕਈ ਵਾਰ ਮਜਬੂਰੀ ਵਸ ਕਈ ਵਾਰ ਦੇਖਾ-ਦੇਖੀ ਪਰਿਵਾਰਿਕ ਜਾਂ ਸਮਾਜਿਕ ਸਤਿਕਾਰ ਦੀ ਆੜ ਹੇਠ ਉਹ ,ਉਹ ਸਭ ਕੁਝ ਕਰਨ ਲਗ ਜਾਦਾ ਹੈ ਜਿਸ ਨੂੰ ਕਰਨ ਜਾਂ ਮੰਨਣ ਲਈ  ਭਾਂਵੇ ਉਸਦਾ ਮਨ ਰਾਜੀ ਨਹੀਂ ਹੁੰਦਾ ।ਬਸ ਇਸੇ ਤਰਾਂ ਡੇਰਾਵਾਦ ਦਾ ਪਸਾਰਾ ਹੁੰਦਾ ਜਾਂਦਾ ਹੈ ।ਜਿਸ ਤਰਾਂ ਸੌ ਵਾਰ ਬੋਲੇ ਝੂਠ ਨੂੰ ਅਣਜਾਣ ਬੰਦਾ ਸੱਚ ਸਮਝ ਬੈਠਦਾ ਹੈ ਬਸ ਇਸੇ ਤਰਾਂ ਡੇਰੇਦਾਰੀ ਵਾਲੇ ਮਹੌਲ ਵਿੱਚ ਪਲ਼ ਰਹੇ ਲੋਕਾਂ ਨਾਲ ਇਸ ਪ੍ਰਥਾ ਦਾ ਬੋਲਬਾਲਾ ਵਧਦਾ ਰਹਿੰਦਾ ਹੈ ।

ਅੱਜ ਕਲ ਕਈ ਤਰਾਂ ਦੀ ਡੇਰੇਦਾਰੀ ਪ੍ਰਥਾ ਸਿੱਖੀ ਦੀਆਂ ਜੜਾਂ ਕੁਤਰਨ ਲੱਗੀ ਹੋਈ ਹੈ ।ਪਹਿਲੀ ਤਰਾਂ ਦੇ ਡੇਰੇਦਾਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਐਲਾਨਿਆਂ ਗੁਰੂ ਹੀ ਨਹੀਂ ਮੰਨਦੇ ਪਰ ਆਪਣੇ ਡੇਰਿਆਂ ਵਿੱਚ ਗੁਰਬਾਣੀ ਦੀ ਸਿਖਿਆ ਵਿੱਚੋਂ ਕੁਝ ਕੁ ਗੱਲਾਂ ਨੂੰ ਆਪਦੇ ਅਰਥ ਦੇਕੇ ਲੋਕਾਂ ਨੂੰ ਸੁਣਾਅ ਅਕਸਰ  ਗੁੰਮਰਾਹ ਕਰਦੇ ਰਹਿੰਦੇ ਹਨ ।ਦੂਜੀ ਤਰਾਂ ਦੇ ਡੇਰੇਦਾਰ ਸਿੱਖਾਂ ਨੂੰ ਆਪਦੇ ਡੇਰੇ ਸੱਦਕੇ ਗੁੰਮਰਾਹ ਕਰਨ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਹਨ ਪਰ ਮੱਤ ਗੁਰੂ ਦੀ ਨਹੀਂ ਸਗੋਂ ਆਪਦੀ ਪ੍ਰਚਾਰਦੇ ਹਨ ।ਤੀਜੀ ਤਰਾਂ ਦੇ ਡੇਰੇਦਾਰ ਸਿੱਖਾਂ ਵਿੱਚ ਰਹਿਕੇ ਸਿੱਖਾਂ ਵਰਗੇ ਹੀ ਬਣ ਕੇ ਰਹਿੰਦੇ ਹਨ ਆਪਦੀ ਡੇਰੇਦਾਰੀ ਸੋਚ ਸਿੱਖਾਂ ਉੱਤੇ ਮੜ੍ਹਨ ਲਈ ਆਪਣੀ ਹੀ ਸੋਚ ਦੇ ਪੰਜ ਪਿਆਰੇ ਬਣਾਕੇ ਆਪਣੀ ਹੀ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਵੀ ਕਰਦੇ ਹਨ ।ਸਿੱਖਾਂ ਦੀ ਸਰਬਪ੍ਰਮਾਣਤ ਰਹਿਤ ਮਰਿਆਦਾ ਨਾਲੋਂ ਆਪਣੇ ਡੇਰੇ ਦੀ ਬਣਾਈ ਮਰਿਆਦਾ ਹੀ ਪ੍ਰਚਾਰਦੇ ਹਨ ।ਆਪਣੀ ਮਸ਼ਹੂਰੀ ਜਾਂ ਸੰਗਤਾਂ ਨੂੰ ਪ੍ਰਭਾਵਿਤ ਕਰਨ ਲਈ ਅਖਬਾਰਾਂ ਵਿੱਚ ਹਰ ਸਾਲ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਦੀਆਂ ਖਬਰਾਂ ਵੀ ਲਗਵਾਉਂਦੇ ਹਨ ।ਜੇਕਰ ਹਜਾਰਾਂ ਸਾਧਾਂ ਵਲੋਂ ਹਰ ਸਾਲ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਦੀਆਂ ਖਬਰਾਂ ਵਿੱਚ ਸੱਚਾਈ ਹੁੰਦੀ ਤਾਂ ਹੁਣ ਨੂੰ ਕਰੋੜਾਂ ਅਰਬਾਂ ਲੋਕ ਚੁਫੇਰੇ ਅੰਮ੍ਰਿਤਧਾਰੀ ਹੁੰਦੇ ਜਦ ਕਿ ਅਜਿਹਾ ਕਿਧਰੇ ਵੀ ਨਹੀਂ ਹੈ । ਕੁਝ ਡੇਰੇ ਸਿੱਖਾਂ ਵਿੱਚ ਇੰਨੀ ਘੁਸਪੈਠ ਕਰ ਚੁੱਕੇ ਹਨ ਕਿ ਅਣਜਾਣ ਜਾਂ ਮਜਬੂਰ ਸਿੱਖਾਂ ਨੇ ਉਹਨਾਂ ਨੂੰ ਡੇਰੇਦਾਰ ਕਹਿਣਾ  ਛੱਡ ਆਪਦੀਆਂ ਸੰਪਰਦਾਵਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ।ਅਜਿਹੇ ਡੇਰੇਦਾਰ ਸਿੱਖਾਂ ਦੇ ਪ੍ਰਮੁੱਖ ਅਦਾਰਿਆਂ ਦੇ ਮੋਢੀ ਬਣ ਚੁੱਕੇ ਹਨ ਅਤੇ ਕੁਝ ਬਣਨ ਲਈ ਜੱਦੋ-ਜਹਿਦ ਕਰ ਰਹੇ ਹਨ। ਇਹਨਾਂ ਦੇ ਬਾਣੇ ਤੋਂ ਕੋਈ ਵੀ ਸਿੱਖ ਧੋਖਾ ਖਾ ਸਕਦਾ ਹੈ ।ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਅਖੌਤੀ ਮਜ਼ਹਬੀ ਅਤੇ ਰਾਜਨੀਤਕਾਂ ਦੇ ਗੱਠ-ਜੋੜ ਨਾਲ ਆਪਦੀ ਸਵਾਰਥ-ਸਿੱਧੀ ਲਈ ਹਰ ਤਰਾਂ ਦੀ ਡੇਰੇਦਾਰੀ ਪ੍ਰਥਾ ਨੂੰ ਬੜ੍ਹਾਵਾ ਹੀ ਦਿੱਤਾ ਜਾਂਦਾ ਹੈ ।

ਡੇਰੇਦਾਰੀ ਪ੍ਰਥਾ ਦਾ ਮੁੱਖ ਮਕਸਦ ਲੋਕਾਂ ਨੂੰ ਹਰ ਤਰਾਂ ਦੇ ਗਿਆਨ ਤੋਂ ਦੂਰ ਰੱਖਕੇ ਅਖੌਤੀ ਕ੍ਰਿਸ਼ਮਿਆਂ ਨਾਲ ਉਹਨਾਂ ਦੀਆਂ ਹਰ ਲੋੜਾਂ ਨੂੰ ਪੂਰਿਆਂ ਕਰਨ ਦਾ ਝਾਂਸਾ ਦੇਕੇ ਅੰਧਵਿਸ਼ਵਾਸਾਂ ਅਤੇ ਕਰਮ-ਕਾਂਢਾਂ ਨਾਲ ਜੋੜਨਾ ਹੁੰਦਾ ਹੈ। ਇਹਨਾਂ ਡੇਰਿਆਂ ਵਿੱਚ ਸਾਧਾਂ ਦੀ ਸੇਵਾ ਕਰਦਿਆਂ ਆਪਣਾ ਆਪ ਨਿਛਾਵਰ ਕਰਨ ਦੀ ਹੀ ਸਿਖਿਆ ਦਿੱਤੀ ਜਾਂਦੀ ਹੈ । ਗੈਰ-ਕੁਦਰਤੀ ਤਰੀਕਿਆਂ ਰਾਹੀਂ ਲੋੜਾਂ ਪੂਰੀਆਂ ਹੋਣ ਦੀ ਲਾਲਸਾ ਵਿੱਚ ਫਸੇ ਲੋਕ ਆਪ ਭੁੱਖਿਆਂ ਰਹਿਕੇ ਵੀ ਆਪਣੀ ਹਰ ਤਰਾਂ ਦੀ ਕਿਰਤ ਕਮਾਈ ਇਹਨਾਂ ਪਾਖੰਡੀ ਡੇਰੇਦਾਰਾਂ ਅੱਗੇ ਚਾੜ੍ਹਦੇ ਆਪਣੇ ਧੰਨਭਾਗ ਸਮਝਣ ਲਗਦੇ ਹਨ ।ਇਸ ਤਰਾਂ ਇਹਨਾਂ ਵਿਹਲੜਾਂ ਦੀ ਐਸ਼ੋ-ਇਸ਼ਰਤ ਦਾ ਅਧਾਰ ਮਿਹਨਤ ਕਸ਼ ਲੋਕਾਂ ਦੀ ਸ਼ਰਾਫਤ ਅਤੇ ਅਗਿਆਨਤਾ ਹੀ ਬਣਦੀ ਆਈ ਹੈ ।

ਵੈਸੇ ਤਾਂ ਸਮੇਂ ਸਮੇਂ ਇਹਨਾਂ ਠੱਗਾਂ ਦੇ ਵਿਰੁੱਧ, ਕਿਤੇ ਥੋੜੀ ਕਿਤੇ ਜਿਆਦਾ ਆਵਾਜ ਉੱਠਦੀ ਹੀ ਆਈ ਹੈ ।ਕਦੇ ਸਿੰਘ ਸਭਾ ਲਹਿਰ ਰਾਹੀਂ, ਕਦੇ ਮਿਸ਼ਨਰੀ ਕਾਲਜਾਂ,ਸਟੱਡੀ ਸਰਕਲਾਂ ਅਤੇ ਇੰਟਰਨੈਸ਼ਨਲ ਸਿੰਘ ਸਭਾ ਲਹਿਰਾਂ ਰਾਹੀਂ। ਸੰਚਾਰ ਦੇ ਸਾਧਨਾਂ ਦੀ ਘਾਟ ਕਾਰਨ ਇਹ ਆਵਾਜਾਂ ਕਦੇ ਵੱਡੀ ਲਹਿਰ ਨਹੀਂ ਬਣ ਸਕੀਆਂ ਜਾਂ ਨਹੀਂ ਬਨਣ ਦਿੱਤੀਆਂ ਗਈਆਂ ।ਜਿਸ ਵੀ ਮੀਡੀਏ ਦੀ ਵਰਤੋਂ ਨਾਲ ਇਹਨਾਂ ਪਾਖੰਡੀਆਂ ਦੇ ਪਾਜ ਉਧੇੜਨੇ ਸਨ ਉਹੀ ਮੀਡੀਆ ਉਹਨਾਂ ਹੀ ਪਾਖੰਡੀਆਂ ਦੀ ਸਿਰਫ ਰਾਖੀ ਹੀ ਨਹੀਂ ਕਰਦਾ ਆਇਆ ਸਗੋਂ ਖੁਦ ਇਹਨਾਂ ਦਾ ਪ੍ਰਚਾਰ ਕਰਦਾ ਆਇਆ ਹੈ ।ਉਸੇ ਮੀਡੀਏ ਨੇ ਚੋਰਾਂ ਦੇ ਸੁੱਟੇ ਚਾਰ ਛਿਲੜਾਂ ਲਈ ਕਿਰਤੀ ਵਰਗ ਨਾਲ ਹਮੇਸ਼ਾਂ ਗਦਾਰੀ ਹੀ ਕੀਤੀ ਹੈ ।ਰੇਡੀਓ,ਟੀ ਵੀ,ਕੇਵਲ,ਅਖਬਾਰਾਂ,ਮੈਗਜੀਨ ਜਾਂ ਕੋਈ ਵੀ ਹੋਰ ਮੀਡੀਆ ਵੇਖ ਲਵੋ ।ਆਪਣੇ ਸਵਾਰਥ ਲਈ ਕਿਰਤੀ ਵਰਗ ਨੂੰ ਬੇਵਕੂਫ ਬਣਾਉਣ ਲਈ ਪਾਖੰਡੀਆਂ ਦੀਆਂ ਮਸ਼ਹੂਰੀਆਂ ਕਰ ਕਰ ਚੋਰਾਂ ਨੂੰ ਖੁਦ ਗਾਹਕ ਲੱਭਣ ਦਾ ਰੋਲ ਨਿਭਾਇਆ ਮਿਲਦਾ ਹੈ ।

ਜਦੋਂ ਦਾ ਇੰਟਰਨੈੱਟ ਰਾਹੀਂ ਫੇਸਬੁੱਕ ਵਰਗਾ ਸੋਸ਼ਲ ਮੀਡੀਆ ਹੋਂਦ ਵਿੱਚ ਆਇਆ ਹੈ ਉਦੋਂ ਦਾ ਹਰ ਮਨੁੱਖ ਨੂੰ ਆਜਾਦਾਨਾ ਤੌਰ ਤੇ ਆਪਣੇ ਵਿਚਾਰ ਬਾਕੀਆਂ ਨਾਲ ਬਿਨਾ ਕਿਸੇ ਡਰ-ਲਾਲਚ ਦੇ ,ਸਾਂਝੇ ਕਰਨ ਦੇ ਮੌਕੇ ਮਿਲਣ ਲੱਗੇ ਹਨ । ਆਪਣੇ ਹਮਖਿਆਲੀਆਂ ਨਾਲ ਮਿਲਕੇ ਬਹੁਤ ਸਾਰੇ ਵੀਰਾਂ-ਭੈਣਾਂ ਨੇ ਫੇਸਬੁਕ ਗਰੁੱਪ ਬਣਾ ਲਏ ਹਨ ਜਿੱਥੇ ਸਾਰਾ ਸਾਰਾ ਦਿਨ ਵੱਖ ਵੱਖ ਵਿਸ਼ਿਆਂ ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ ।ਥੋੜੇ ਜਿਹੇ ਫਰਕਾਂ ਦੇ ਵਾਵਜੂਦ ਸਿੱਖ ਮਾਰਗ,ਖਾਲਸਾ ਨਿਊਜ,ਸਿੰਘ ਸਭਾ ਯੂ ਐਸ ਏ,ਸਿੰਘ ਸਭਾ ਕਨੇਡਾ,ਗੁਰੂ ਪੰਥ,ਦੀ ਸਿੱਖ ਅਫੇਅਰਜ਼,ਤੱਤ ਗੁਰਮਤਿ ਪ੍ਰੀਵਾਰ ਵਰਗੀਆਂ ਬਹੁਤ ਸਾਰੀਆਂ ਵੈੱਬ ਸਾਈਟਾਂ ਉਪਰ ਤੱਤ ਗੁਰਮਤਿ ਦੇ  ਵਿਦਵਾਨਾਂ ਦੇ ਲਿਖੇ ਆਰਟੀਕਲਾਂ ਦੀ ਮਦਦ ਨਾਲ ਵਿਚਾਰ ਵਟਾਂਦਰੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੁਆਲੇ ਕੇਂਦਰਤ ਹੋਣ ਲੱਗੇ ਹਨ ਜਿਸ ਨਾਲ ਬਾਬੇ ਨਾਨਕ ਦੇ ਦਿੱਤੇ ਇੱਕ(੧) ਦੇ ਫ਼ਲਸਫੇ ਵਲ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ।  ਕਈ ਫੇਸਬੁਕ ਗਰੁੱਪਾਂ ਨੇ ਜਮੀਨੀ ਪੱਧਰ ਤੇ ਇਕੱਠੇ ਹੋਕੇ ਕੰਮ ਕਰਨਾਂ ਸ਼ੁਰੂ ਕਰ ਦਿੱਤਾ ਹੈ ।“ਅਖੌਤੀ ਸੰਤਾਂ ਦੇ ਕੌਤਕ” ਫੇਸਬੁਕ ਗਰੁੱਪ,”ਬਚਿਤਰ ਨਾਟਕ ਇੱਕ ਸਾਜਿਸ਼” ਫੇਸਬੁਕ ਗਰੁੱਪ,”ਇੰਟਰ ਨੈਸ਼ਨਲ ਸਿੱਖ ਅਵੇਅਰਨੈਸ ਸੋਸਾਇਟੀ” ,”ਸਿੰਘ ਸਭਾ ਇੰਟਰਨੈਸ਼ਨਲ” ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵਰਗੇ ਗਰੁੱਪਾਂ ਨੇ ਇੰਟਰਨੈੱਟ ਦੇ ਨਾਲ ਨਾਲ ਧਰਾਤਲ ਤੇ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਬਹੁਤ ਸਾਰੇ ਫੇਸਬੁਕ ਵਿਚਾਰਕ ਗਰੁੱਪਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਵੈਦਿਕ ਅਤੇ ਪੁਰਾਣਿਕ (ਬ੍ਰਾਹਮਣਵਾਦੀ) ਰੀਤੀ ਤੋਂ ਉੱਪਰ ਉੱਠ ਕੇ ਗੁਰਬਾਣੀ ਦੇ ਫ਼ਲਸਫੇ ਅਨੁਸਾਰ ਹੀ ਅਰਥ ਕਰ ਵਿਚਾਰਨਾਂ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਣ ਆਮ ਸ਼ਰਧਾਲੂਆਂ ਵਿੱਚ ਭੂਤ-ਪ੍ਰੇਤ,ਅਵਾਗਵਣ ,ਚਿਤਰ-ਗੁਪਤ,ਧਰਮਰਾਜ,ਜਮਦੂਤ,ਯਮਰਾਜ,ਨਰਕ-ਸਵਰਗ ਵਰਗੇ ਪਾਏ ਗਏ ਡਰ ਖਤਮ ਹੋਣ ਲਗ ਪਏ ਹਨ । ਡੇਰਾਵਾਦ ਵਲੋਂ ਕਿਰਤੀ ਲੋਕਾਂ ਨੂੰ ਸਥਾਈ ਤੌਰ ਤੇ ਗੁਲਾਮ ਬਣਾਕੇ ਰੱਖਣ ਲਈ , ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦੀਆਂ ਲੋੜੀਂਦੀਆਂ ਚਾਲਾਂ ਨੰਗੀਆਂ ਹੋਣ ਲਗ ਗਈਆਂ ਹਨ ।ਜਿਸ ਨਾਲ ਲੋਕਾਂ ਵਿੱਚ ਜਾਗਰੂਕਤਾ ਦੇ ਆਸਾਰ ਵਧ ਗਏ ਹਨ ।ਫੇਸਬੁਕ ਰਾਹੀਂ ਕੰਮ ਕਰ ਰਹੇ ਗਰੁੱਪਾਂ ਵਿੱਚੋਂ ਜਿਸ ਗਰੁੱਪ ਨੇ ਜਮੀਨੀ ਪੱਧਰ ਤੇ ਸਭ ਤੋਂ ਜਿਆਦਾ ਕੰਮ ਕਰਨਾਂ ਸ਼ੁਰੂ ਕੀਤਾ ਹੈ ਉਹ ਹੈ “ਅਖੌਤੀ ਸੰਤਾਂ ਦੇ ਕੌਤਕ” ਨਾਮੀ ਗਰੁੱਪ ਜਿਸ ਨੇ ਕੁਝ ਸਹਿਯੋਗੀ ਗਰੁਪਾਂ ਨਾਲ ਰਲਕੇ ਵਿਸ਼ਵ ਵਿਆਪੀ “ਵਰਡ ਸਿੱਖ ਫੈਡਰੇਸ਼ਨ”ਨਾਮੀ ਸੰਸਥਾ ਹੋਂਦ ਵਿੱਚ ਲਿਆਂਦੀ ਹੈ ਜੋ ਧਰਾਤਲ ਤੇ ਅੱਗੇ ਹੋਕੇ ਸੰਗਤਾਂ ਨੂੰ ਡੇਰੇਵਾਦ ਤੋਂ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ ।ਇਸ ਗਰੁੱਪ ਨੇ ਖਾਲਸਾ ਵਰਡ ਡੌਟ ਨੈੱਟ ਨਾਮ ਦੀ ਵੈਬ ਸਾਈਟ ਵੀ ਬਣਾਈ ਹੋਈ ਹੈ ।

ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁੱਪ ਵਲੋਂ ਵੱਖ ਵੱਖ ਸਟਾਲਾਂ ਰਾਹੀਂ ਡੇਰਾਵਾਦ ਖਿਲਾਫ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ।ਅਮਰੀਕਾ,ਕਨੇਡਾ ,ਯੌਰਪ ਅਤੇ ਹੋਰ ਮੁਲਕਾਂ ਵਿੱਚ ਨਗਰ ਕੀਰਤਨਾਂ ਦੇ ਮੌਕੇ ਤੇ ਇਸ ਫੇਸਬੁਕ ਗਰੁੱਪ ਵਲੋਂ ਆਪਣੀਆਂ ਸਟਾਲਾਂ ਤੇ ਜਾਗਰੂਕ ਪ੍ਰਚਾਰਕਾਂ ਅਤੇ ਵਿਦਵਾਨਾ ਜਿਵੇਂ ਕਿ ਪ੍ਰੋ ਦਰਸ਼ਣ ਸਿੰਘ,ਪ੍ਰੋ ਸਰਬਜੀਤ ਸਿੰਘ ਧੂੰਦਾ,ਭਾਈ ਪੰਥ ਪਰੀਤ ਸਿੰਘ,ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ,ਭਾਈ ਅਮਰੀਕ ਸਿੰਘ ਜੀ ਚੰਡੀਗੜ,ਮਰਹੂਮ ਹਰਭਜਨ ਸਿੰਘ ਨਿਊਯਾਰਕ,ਭਾਈ ਹਰਜਿੰਦਰ ਸਿੰਘ ਸਭਰਾ,ਭਾਈ ਸੁਖਵਿੰਦਰ ਸਿੰਘ ਦਦੇਹਰ,ਭਾਈ ਸ਼ਿਵਤੇਗ ਸਿੰਘ ਆਦਿ ਪ੍ਰਚਾਰਕਾਂ ਦੀਆਂ ਸੀਡੀਆਂ ਅਤੇ ਡੀ ਵੀ ਡੀਆਂ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ,ਅਕਾਲ ਤਖਤ ਵਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਅਤੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਪ੍ਰਸਾਰਣ ਹੁੰਦੀ ਕਥਾ ਦੀਆਂ ਸੀਡੀਆਂ ਵੀ ਵੱਡੇ ਪੱਧਰ ਤੇ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਨਵੀਨਤਮ ਟੈਕਨੌਲੋਜੀ ਦੀ ਵਰਤੋਂ ਕਰਣ ਵਾਲੇ ਇਸ ਗਰੁੱਪ ਦੇ ਮੈਂਬਰਾਂ ਦੇ ਕੰਮ ਕਰਨ ਦੇ ਤਰੀਕੇ ਵੀ ਨਵੀਨ ਹਨ ।ਡੇਰਾਵਾਦ ਵਿਰੋਧੀ ਬੈਨਰਾਂ ਨਾਲ ਸਜਾਏ ਗਏ ਇਹ ਸਟਾਲ ਸੰਗਤਾਂ ਦੀ ਖਿੱਚ ਦਾ ਕਾਰਣ ਤਾਂ ਹੁੰਦੇ ਹੀ ਹਨ ਪਰ ਸਟਾਲ ਤੇ ਵੱਡੇ ਐੱਚ ਡੀ ਟੀ ਵੀ ਤੇ ਸੰਗਤਾਂ ਨੂੰ ਡੇਰੇਦਾਰਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੇ ਵੀਡੀਓ ਕਲਿੱਪ ਅਤੇ ਕਾਲੇ ਚਿੱਠੇ ਵੀ ਵਧੀਆ ਤਰੀਕੇ ਨਾਲ ਫਿਲਮਾਕੇ ਦਿਖਾਏ ਜਾਂਦੇ ਹਨ ।ਕੁਝ ਨਗਰ ਕੀਰਤਨਾਂ ਵਿੱਚ ਇਸ ਲਹਿਰ ਨੇ ਟਰੱਕਾਂ ਉੱਤੇ ਫਲੋਟ ਸਜਾਕੇ ਵੀ ਸੰਗਤਾਂ ਨੂੰ ਜਾਗ੍ਰਿਤ ਕੀਤਾ ਹੈ ।ਇਸ ਲਹਿਰ ਨਾਲ ਜੁੜੇ ਹੋਏ ਤਕਰੀਬਨ ਸਾਰੇ ਮੈਂਬਰ ਹੀ ਕਿਰਤੀ ਹਨ ਅਤੇ ਉਹ ਆਪਣੀ ਹੱਡ ਭੰਨਵੀਂ ਮਿਹਨਤ ਦੇ ਦਸਵੰਧ ਨਾਲ ਇਸ ਲਹਿਰ ਨੂੰ ਚਲਾ ਰਹੇ ਹਨ ।ਫੇਸਬੁਕ ਵਿਚਲੇ ਅਖਾਉਤੀ ਸੰਤਾਂ ਦੇ ਕੌਤਕ ਗਰੁੱਪ ਵਲੋਂ ,ਜਿਸ ਦੀ ਗਿਣਤੀ 65,000 ਤੋਂ ਵੀ ਵਧ ਚੁੱਕੀ ਹੈ ਆਪਣੇ ਇੰਟਰਨੈੱਟ ਗਰੁੱਪ ਰਾਹੀਂ ਸੰਗਤ ਨੂੰ ਹਰ ਰੋਜ ਪਖੰਡੀ ਸਾਧਾਂ ਤੋਂ ਸੁਚੇਤ ਕਰਦਿਆਂ ਸੈਂਕੜੇ ਪੋਸਟਾਂ ਪਾਕੇ ਕੁਮੈਂਟ ਕੀਤੇ ਜਾਂਦੇ ਹਨ ।ਇਹਨਾਂ ਕੁਮੈਂਟਾਂ ਦਾ ਅਸਲ ਮਨੋਰਥ ਅਖਾਉਤੀ ਸਾਧਾਂ ਦੇ ਅਖਾਉਤੀ ਗੈਰ ਕੁਦਰਤੀ ਡਰਾਮਿਆਂ ਰਾਹੀਂ ਕਿਰਤੀਆਂ ਦੀ ਲੁੱਟ ਦਾ ਸੱਚ ਜਾਣ ਸੰਗਤਾਂ ਵਿੱਚ ਵਿਰੋਧ ਕਰਨ ਲਈ ਹੌਸਲਾ ਭਰਨਾ ਹੈ ।

ਲੌਸਏਂਜ਼ਲਸ,ਕਰੱਦਰਜ਼,ਸੈਲਮਾਂ,ਸਟੌਕਟਨ,ਨਿਊ ਯਾਰਕ,ਡੈਲਸ, ਆਦਿ ਸ਼ਹਿਰਾਂ ਵਿੱਚ ਸਟਾਲ ਲਗਾਕੇ ਹਜਾਰਾਂ ਸੀਡੀਆਂ ਪਿਛਲੇ ਦਿਨੀ ਵਿਸਾਖੀ ਦੇ ਸਬੰਧ ਵਿੱਚ ਹੋਏ ਨਗਰ ਕੀਰਤਨਾਂ ਤੇ ਇਸੇ ਗਰੁੱਪ ਵਲੋਂ ਸੰਗਤਾਂ ਨੂੰ ਫਰੀ ਵੰਡੀਆਂ ਗਈਆਂ। ਸਰੀ ਵਿੱਚ ਵੀ ਇੰਟਰਨੈਸ਼ਨਲ ਸਿੱਖ ਅਵੇਅਰਨੈੱਸ ਸੋਸਾੲਟੀ ਨੇ ਨਗਰ ਕੀਰਤਨ ਵਿੱਚ ਇਸ ਜਾਗਰੂਕਤਾ ਮੁਹਿੰਮ ਦੀ ਹਾਜਰੀ ਲਗਵਾਈ । ਜਲਦੀ ਹੀ ਸਿਆਟਲ ਅਤੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਲਹਿਰ ਦੇ ਪੈਰ ਪਸਰਨ ਵਾਲੇ ਹਨ । ਇਸ ਲਹਿਰ ਦੇ ਸੇਵਾਦਾਰਾਂ ਦੀ ਨਿਰਸਵਾਰਥ ਭਾਵਨਾਂ ਅਤੇ ਸੇਵਾ ਕਰਨ ਦੇ ਮਾਡਰਨ ਢੰਗ ਤਰੀਕਿਆਂ ਨੂੰ ਦੇਖਦੇ ਹੋਏ ਇਸ ਲਹਿਰ ਦੇ ਭਵਿੱਖ ਵਿੱਚ  ਹੋਰ ਚੜ੍ਹਦੀਕਲਾ ਵੱਲ ਜਾਣਦੇ ਸੰਕੇਤ ਹਨ ।

2012-05-06
Comments
good article. I apperciate. bhupinder
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)