Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਦੇ \\\'ਡਾਕਦਾਰਾਂ\\\' ਦੇ \\\'ਕਾਰਖਾਨਿਆਂ\\\' ਤੋਂ ਬਚੋ ਅਤੇ ਬਚਾਉ - ਜਗਮੀਤ ਸਿੰਘ ਪੰਧੇਰ.

ਅਖ਼ਬਾਰਾਂ,ਰਸਾਲਿਆਂ,ਟੀ.ਵੀ,ਮਕਾਨਾਂ,ਦੁਕਾਨਾਂ,ਰੇਲਵੇ-ਸਟੇਸ਼ਨਾਂ,ਬੱਸ ਅੱਡਿਆਂ,ਖੰਭਿਆਂ,
  ਖੇਤਾਂ ਵਿੱਚ ਮੋਟਰਾਂ,ਅਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਤਰ੍ਹਾਂ ਤਰ੍ਹਾਂ ਦੇ ਸ਼ਰਤੀਆ ਇਲਾਜਾਂ ਦੀਆਂ ਮਸ਼ਹੂਰੀਆਂ ਚਾਰੇ ਪਾਸਿਓਂ ਹਰੇਕ ਦੇ ਮੱਥੇ ਵਿੱਚ ਵੱਜਦੀਆਂ ਹਨ।ਕੁੱਝ ਥਾਵਾਂ ਤੇ ਤਾਂ ਨਾਲ ਛਾਪੀਆਂ ਫੋਟੋਆਂ ਦੇਖ ਕੇ ਸੋਚਣਾ ਪੈਂਦਾ ਹੈ ਕਿ ਇਹ ਬਿਮਾਰੀਆਂ ਹਟਾਉਣ ਦੀਆਂ ਮਸ਼ਹੂਰੀਆਂ ਹਨ ਕਿ ਬਿਮਾਰੀਆਂ ਲਾਉਣ ਦੀਆਂ?ਸੜਕਾਂ ਕਿਨਾਰੇ ਤੰਬੂ ਲਾ ਕੇ, ਅਨੇਕਾਂ ਪ੍ਰਕਾਰ ਦੀਆਂ ਜੜ੍ਹੀ ਬੂਟੀਆਂ ਡੱਬਿਆਂ ਵਿੱਚ ਸਜਾ ਕੇ ਮੈਲੇ ਚੁਚੈਲੇ ਜਿਹੇ ਆਪੂੰ ਬਣੇ \'ਯੂਨਾਨੀ ਵੈਦ\' ਹਰੇਕ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਦੇ ਸ਼ਰਤੀਆ ਇਲਾਜ਼ ਕਰੀ ਜਾਂਦੇ ਹਨ।ਇਥੋਂ ਤੱਕ ਹੀ ਨਹੀਂ,ਸਾਡੇ ਤਾਂ ਹਰੇਕ ਪਿੰਡ ਜਾਂ ਸ਼ਹਿਰ ਵਿੱਚ ਕਿਸੇ ਨਾ ਕਿਸੇ ਬਿਮਾਰੀ ਦਾ \'ਮਾਹਿਰ\' ਮੌਜੂਦ ਹੈ।ਕਿਧਰੇ ਕੋਈ ਲਾਈਨ\'ਚ ਖੜ੍ਹਾ ਕੇ ਅਧਰੰਗ ਦੇ ਸੂਏ ਲਾਈ ਜਾਂਦੈ।ਕਿਧਰੇ ਕੋਈ ਹਥੌਲਿਆਂ ਨਾਲ ਛੱਤੀ ਰੋਗ ਤੋੜੀ ਜਾਂਦੈ।ਕੋਈ ਧਾਗੇ-ਤਵੀਤਾਂ,ਟੂਣੇ-ਟਾਮਣਾਂ,ਖੰਭਾਂ-ਸੋਟੀਆਂ ਤੇ \'ਕਰੇ ਹੋਏ ਪਾਣੀ ਜਾਂ ਰਾਖ\' ਦੀ ਕਰਾਮਾਤੀ ਸ਼ਕਤੀ ਨਾਲ ਦਿਮਾਗ,ਦਿਲ,ਹੱਡੀਆਂ,ਖੂਨ,ਨਿਗਾਹ ਅਦਿ ਦੀਆਂ ਭਿਆਨਕ ਬਿਮਾਰੀਆਂ ਨੂੰ ਅੱਖ ਦੇ ਫੋਰ ਵਿੱਚ ਛੂ-ਮੰਤਰ ਕਰਨ ਦੀਆਂ ਦੁਕਾਨਾਂ ਖੋਲ਼੍ਹੀਂ ਬੈਠਾ ਹੈ।
      ਸ਼ਾਡੇ ਭੋਲੇ ਭਾਲੇ ਲੋਕਾਂ ਦੀ ਆਰਥਕ ਕਮਜ਼ੋਰੀ,ਅਣਜਾਣਤਾ,ਅਨਪੜ੍ਹਤਾ,ਲਾਈਲੱਗਤਾ, ਉਹਨਾਂ ਨੂੰ ਅਜਿਹੇ ਸ਼ਾਤਰ ਤੇ ਢੋਂਗੀ ਕਿਸਮ ਦੇ ਲੋਕਾਂ ਕੋਲ ਲਿਜਾ ਵਾੜਦੀ ਹੈ।ਮਜਬੂਰੀ ਵੱਸ ਉਹ ਹਰੇਕ ਦੀ \'ਆਪਣੇ-ਤਜਰਬੇ\' ਚੋਂ ਦਿੱਤੀ ਸਲਾਹ ਮੰਨ ਕੇ ਹਰੇਕ ਪਾਸੇ ਨੂੰ ਹੀ ਤੁਰੇ ਰੰਿਹੰਦੇ ਹਨ ਅਤੇ ਆਪਣੀ ਆਰਥਕ, ਮਾਨਸਿਕ ਤੇ ਸ਼ਰੀਰਕ ਲੁੱਟ ਕਰਾਉਂਦੇ ਰਹਿੰਦੇ ਹਨ।ਸਿੱਟੇ ਵਜੋਂ ਉਹ ਹਰ ਪੱਖ ਤੋਂ ਲਗਾਤਾਰ ਕਮਜ਼ੋਰ ਹੋਈ ਜਾਂਦੇ ਹਨ ਅਤੇ ਉਹਨਾਂ ਦੀਆਂ ਬਿਮਾਰੀਆਂ ਵਿੱਚ ਹੋਰ ਵਾਧਾ ਹੋਈ ਜਾਂਦਾ ਹੈ।
        ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਇਹ ਥਾਂ ਥਾਂ ਬੈਠੇ \'ਡਾਕਦਾਰ\' ਆਪਣੀ ਮੁਹਾਰਤ ਨਾਲ ਤਿਆਰ ਕੀਤੀਆਂ \'ਖ਼ਾਸ ਕਿਸਮ\' ਦੀਆਂ ਦਵਾਈਆਂ ਦੀਆਂ ਪੁੜੀਆਂ ਵਿੱਚ ਅਜਿਹੀਆਂ ਖ਼ਤਰਨਾਕ ਅੰਗਰੇਜੀ ਦਵਾਈਆਂ (ਸਟੀਰਾਈਡਜ਼) ਪੀਸ ਕੇ ਰਲਾ ਦਿੰਦੇ ਹਨ ਜਿਹਨਾਂ ਨਾਲ ਰੋਗੀ ਨੂੰ ਫੌਰੀ ਤੌਰ ਤੇ ਰਾਹਤ ਮਹਿਸੂਸ ਹੁੰਦੀ ਹੈ ਪਰ ਰੋਗੀ ਦਾ ਅਗਲਾ ਜੀਵਨ ਨਰਕ ਬਣ ਜਾਂਦਾ ਹੈ।ਉਸਦੇ ਸ਼ਰੀਰ ਦੇ ਬਹੁਤ ਹੀ ਖਾਸ ਅੰਗ ਸਦਾ ਲਈ ਨਕਾਰਾ ਹੋ ਜਾਂਦੇ ਹਨ।ਲੰਮੇ ਸਮੇ ਦੇ ਨੁਕਸਾਨ ਦੀ ਅਣਜਾਣਤਾ ਕਰਕੇ ਫੌਰੀ ਮਿਲੀ ਰਾਹਤ \'ਡਾਕਦਾਰ\' ਦੀ ਬੱਲੇ-ਬੱਲੇ ਕਰਵਾ ਦਿੰਦੀ ਹੈ ਅਤੇ ਮੁੜ ਸਾਰੀ ਭੀੜ ਓਧਰ ਨੂੰ ਹੋ ਤੁਰਦੀ ਹੈ।
          ਮਿਸਾਲ ਦੇ ਤੌਰ ਤੇ ਕੁੱਝ ਗੱਲਾਂ ਜਰੂਰ ਕਰਨੀਆਂ ਚਾਹਾਂਗੇ।ਅੱਜ ਕੱਲ੍ਹ ਜੋੜਾਂ (ਖਾਸ ਤੌਰ ਤੇ ਗੋਡਿਆਂ) ਦੇ ਦਰਦਾਂ ਦੀ ਤਕਲੀਫ ਬਹੁਤ ਜਿਆਦਾ ਵਧ ਰਹੀ ਹੈ।ਜਿਸ ਦੇ ਬੁਹਤ ਸਾਰੇ ਵੱਖ ਵੱਖ ਕਾਰਨ ਹੋ ਸਕਦੇ ਹਨ ਜਿਹਨਾਂ ਵਿੱਚ ਖਾਣ ਪੀਣ,ਕੰਮ ਕਰਨ ਤੇ ਰਹਿਣ-ਸਹਿਣ ਦੇ ਗਲਤ ਢੰਗਾਂ ਤੋਂ ਬਿਨਾ ਕੋਈ ਚੋਟ ਲੱਗ ਜਾਣੀ,ਕਿਸੇ ਇਨਫੈਕਸ਼ਨ ਕਾਰਨ ਕਾਰਟੀਲੇਜ਼ ਦਾ ਨਸ਼ਟ ਹੋ ਜਾਣਾ,ਯੂਰਿਕ ਐਸਿਡ ਵਧਣ ਨਾਲ ਜੋੜਾਂ ਦੀ ਜਕੜਾਹਟ ਹੋਣਾ,ਔਰਤਾਂ ਵਿੱਚ ਮਹਾਵਾਰੀ ਦਾ ਬੰਦ ਹੋ ਜਾਣਾ ਅਦਿ ਹੋਰ ਬਹੁਤ ਸਾਰੇ ਕਾਰਨ ਹਨ।ਇਹ \'ਚਮਤਕਾਰੀ ਡਾਕਟਰ\' ਬਿਨਾ ਕਾਰਨ ਜਾਣੇ ਹਰੇਕ ਅਜਿਹੇ ਰੋਗੀ ਨੂੰ \'ਸਭ ਰੋਗਾਂ ਦੀ ਇੱਕੋ ਦਵਾ\'ਕਹਿ ਕੇ ਅਜਿਹੀਆਂ ਇੱਕੋ ਕਿਸਮ ਦੀਆਂ ਪੁੜੀਆਂ ਦਿੰਦੇ ਹਨ ਕਿ ਤਕਲੀਫ ਦਾ ਭੰਨਿਆ ਰੋਗੀ ਫੌਰੀ ਰਾਹਤ ਮਹਿਸੂਸ ਕਰਕੇ ਉਸਦੇ ਗੁਣ ਹੀ ਗਾਉਣ ਨਹੀਂ ਲੱਗਦਾ ਸਗੋਂ ਉਸਦੀ ਮਸ਼ਹੂਰੀ ਦੀ ਡਾਉਂਡੀ ਪਿੱਟ ਦਿੰਦਾ ਹੈ ਜਿਸ ਨਾਲ ਉਸ ਕੋਲ ਭੀੜ ਹੋਰ ਵੀ ਵਧ ਜਾਂਦੀ ਹੈ ਪਰ ਉਹ ਵਿਚਾਰਾ ਬੇਖ਼ਬਰ ਮਰੀਜ਼ ਖੁਦ ਮੌਤ ਦੇ ਹੋਰ ਕਰੀਬ ਚਲਾ ਜਾਂਦਾ ਹੈ।                                                                  
        ਕੁੱਝ ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਦੀ ਪਹਿਲ ਕਦਮੀ ਸਦਕਾ ਰਾਮਪੁਰਾ ਫੂਲ ਇਲਾਕੇ ਦੇ ਇੱਕ ਪਿੰਡ ਵਿੱਚ ਮਾਰੋ ਮਾਰ ਚੱਲ ਰਹੀ \'ਅਧਰੰਗ ਦੇ ਇਲਾਜ਼ ਦੀ ਮਸ਼ਹੂਰ ਦੁਕਾਨ\'ਦਾ ਪਰਦਾ ਫਾਸ਼ ਕੀਤਾ ਗਿਆ।ਬੜੀਆਂ ਹੀ ਅਜ਼ੀਬ ਕਿਸਮ ਦੀਆਂ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ।ਖ਼ਬਰਾਂ ਮੁਤਾਬਕ ਇਲਾਜ਼ ਦੀਆਂ ਦੁਕਾਨਾਂ ਚਲਾਉਣ ਵਾਲੇ \'ਚਮਤਕਾਰੀ ਡਾਕਦਾਰਾਂ\' ਉੱਪਰ ਕੇਸ ਬਣ ਗਏ ਅਤੇ ਉਹ ਅੰਦਰ ਹੋ ਗਏ, ਪਰ ਉਹਨਾਂ ਦਾ ਉਹੀ ਪੁੜਿਆਂ ਵਿੱਚ ਸਣੇ ਕੱਪੜੀਂ ਸੂਏ ਲਾਉਣ ਦਾ ਧੰਦਾ ਉਹਨਾਂ ਦੇ ਘਰਾਂ (ਹਸਪਤਾਲਾਂ) ਦੀ ਬਜਾਏ ਉਹਨਾਂ ਦੀਆਂ ਮੋਟਰਾਂ ਉੱਪਰ ਚਲਦਾ ਰਿਹਾ ਅਤੇ ਅੱਜ ਵੀ ਚੱਲ ਰਿਹਾ ਹੈ।ਸਾਡੇ ਭੋਲੇ ਭਾਲੇ ਲੋਕ ਅੱਜ ਵੀ ਉਥੇ ਨੂੰ ਵਹੀਰਾਂ ਘੱਤ ਕੇ ਜਾ ਰਹੇ ਹਨ ਅਤੇ ਇਸ \'ਮੁਖ-ਹਸਪਤਾਲ ਦੀ ਦੁਕਾਨ\' ਦੀਆਂ ਕਈ ਸ਼ਾਖਾਵਾਂ ਚਾਲੂ ਹੋ ਚੁੱਕੀਆਂ ਹਨ।..ਸਦਕੇ ਜਾਈਏ ਸਾਰੇ ਤੰਤਰ ਦੇ।
            ਗੱਲ ਇਥੋਂ ਤੱਕ ਹੀ ਸੀਮਤ ਨਹੀਂ ਸਗੋਂ, ਕਿੱਥੇ ਕਿੱਥੇ ਅਤੇ ਕੌਣ ਕੌਣ,ਕੀ ਕੀ ਕਰ ਰਿਹਾ ਹੈ? ਇਸਦਾ ਕੋਈ ਹਿਸਾਬ ਕਿਤਾਬ ਨਹੀਂ ਹੈ।ਕੋਈ ਖੰਭ ਨਾਲ ਸਾਰੇ ਰੋਗ ਤੋੜੀ ਜਾਂਦਾ ਹੈ,ਓਥੇ ਰੇਲ ਗੱਡੀਆਂ ਤੱਕ ਰੁਕਣ ਲੱਗ ਜਾਂਦੀਆਂ ਹਨ।ਕਿਤੇ ਕੋਈ ਸੋਟੀ ਛੁਹਾ ਕੇ ਤੰਦਰੁਸਤੀਆਂ ਦੇਈ ਜਾਂਦਾ ਹੈ।ਕੋਈ ਪੇਟ ਦੀਆਂ ਰਸੌਲੀਆਂ ਦਾ ਅਪਰੇਸ਼ਨ ਪੇਟ ਉੱਪਰ ਅੱਲ(ਕੱਦੂ) ਰੱਖ ਕੇ ਸਿਰਫ ਉਸ ਨਂੂੰ ਚੀਰਾ ਦੇ ਕੇ ਹੀ ਕਰੀ ਜਾਂਦਾ ਹੈ,ਉਥੇ ਕੱਦੂਆਂ ਦੀ ਕਦਰ ਦੇ ਨਾਲ ਨਾਲ ਕੀਮਤ ਵੀ ਬੇਥਾਹ ਵਧ ਜਾਂਦੀ ਹੈ।ਕਿਧਰੇ ਸਾਰੀਆਂ ਤਕਲੀਫਾਂ ਦੂਰ ਕਰਨ ਵਾਸਤੇ ਪਵਿੱਤਰ ਪਾਣੀ ਨਿੱਕਲ ਆਉਂਦਾ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਭੀੜਾਂ ਉਮਡ ਪੈਂਦੀਆਂ ਹਨ ਤੇ ਪਲਾਸਟਿਕ ਦੀਆਂ ਕੇਨੀਆਂ ਦੂੱਗਣੇ ਚੌਗਣੇ ਰੇਟ ਤੇ ਵਿਕਣ ਲਗਦੀਆਂ ਹਨ।ਕੋਈ ਕੈਂਸਰ ਅਤੇ ਏਡਜ਼ ਵਰਗੇ ਹਾਲੇ ਤੱਕ ਲਾਇਲਾਜ਼ ਰੋਗਾਂ ਨੂੰ ਮਹਿਜ ਯੋਗ-ਆਸਣਾਂ ਅਤੇ ਪ੍ਰਾਣਾਯਾਮ ਨਾਲ ਦੂਰ ਕਰਨ ਦੇ ਵੱਡੇ ਵੱਡੇ ਦਾਅਵਿਆਂ ਨਾਲ ਆਪਣੀ ਦੁਕਾਨਦਾਰੀ ਪ੍ਰਫੁੱਲਤ ਕਰ ਰਿਹਾ ਹੈ।ਸਭ ਤੋਂ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਜੈਤੋ ਨੇੜੇ ਪਿੰਡ ਕਾਉਣੀ ਵਿਖੇ ਬੇਔਲਾਦਿਆਂ ਨੂੰ ਔਲਾਦ ਬਖ਼ਸ਼ਣ ਵਾਲਾ ਇੱਕ \'ਸੱਪਾਂ ਵਾਲਾ ਬਾਬਾ\' ਸੂਗਰ ਰੋਗ ਨੂੰ ਗਰੰਟੀ ਨਾਲ ਜੜ੍ਹੋਂ ਖਤਮ ਕਰਨ ਦੀ ਦਵਾਈ ਜਲੇਬੀਆਂ ਨਾਲ ਖਾਣ ਲਈ ਦਿੰਦਾ ਹੈ ਅਤੇ ਰੋਗੀ ਨੂੰ ਮਿੱਠੇ ਵਾਲੀਆਂ ਚੀਜਾਂ ਖਾਣ ਦੀ ਪੂਰੀ ਖੁੱਲ੍ਹ ਦਿੰਦਾ ਹੈ।ਉਸ ਕੋਲ ਵੀ ਭੀੜਾਂ ਲੱਗੀਆਂ ਰਹਿੰਦੀਆਂ ਹਨ।ਇਹ ਸਾਰਾ ਕੁੱਝ ਸ਼ਰੇਆਮ ਖੁੱਲਮ-ਖੁਲ੍ਹਾ ਚੱਲੀ ਜਾਂਦਾ ਹੈ।ਕੋਈ ਰਾਜਾ ਬਾਬੂ ਨਹੀਂ ਇਹਨਾਂ \'ਆਪੂੰ ਸਜੇ ਡਾਕਦਾਰਾਂ\' ਨੂੰ ਨੱਥ ਪਾਉਣ ਵਾਲਾ।
             ਇਸ ਤਰ੍ਹਾਂ ਦੇ ਅਨੇਕਾਂ ਕਿਸਮਾਂ ਦੇ ਢੋਂਗ ਅਨੇਕਾਂ ਥਾਵਾਂ ਤੇ ਪ੍ਰਚਲਤ ਹੁੰਦੇ ਰਹਿੰਦੇ ਹਨ ਜਿਹਨਾਂ ਵਿੱਚੋਂ ਕਈਆਂ ਦੀ ਤਾਂ ਛੇਤੀ ਹੀ ਫੂਕ ਨਿੱਕਲ ਜਾਂਦੀ ਹੈ ਅਤੇ ਕੋਈ ਵਿਗਿਆਨਕ ਅਧਾਰ ਨਾ ਹੋਣ ਕਾਰਨ ਆਪਣੀ ਥੋੜ ਚਿਰੀ ਆਯੂ ਭੋਗ ਕੇ ਖਤਮ ਹੁੰਦੇ ਰਹਿੰਦੇ ਹਨ।ਪਰ ਕੁੱਝ ਆਪਣੇ ਜੋਰਦਾਰ ਪ੍ਰਚਾਰ ਅਤੇ ਬੁਣੇ ਹੋਏ ਮਜਬੂਤ ਜਾਲ ਸਦਕਾ ਲੰਮਾਂ ਸਮਾਂ ਕੱਟ ਜਾਂਦੇ ਹਨ। ਗੱਲ ਕੀ,ਸ਼ੈਤਾਨ ਲੋਕ ਸਾਡੇ ਭੋਲੇ ਤੇ ਮਜਬੂਰ ਲੋਕਾਂ ਦੀ ਅਗਿਆਨਤਾ ਦਾ ਨਾਜਾਇਜ਼ ਫਾਇਦਾ ਉਠਾ ਕੇ ਉਹਨਾਂ ਦੀ ਸ਼ਰੇ ਆਮ ਲੁੱਟ ਕਰੀ ਜਾਂਦੇ ਹਨ।
              ਲੋਕਾਂ ਦੀ ਭਲਾਈ ਲਈ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਅਗਿਆਨਤਾ ਦਾ ਨਜਾਇਜ ਫਾਇਦਾ ਉੁਠਾ ਕੇ ਅੰਨ੍ਹੀ ਲੁੱਟ ਕਰ ਰਹੇ ਇਹਨਾਂ ਸ਼ੈਤਾਨ ਲੋਕਾਂ ਉੱਪਰ ਸਖ਼ਤ ਕਾਰਵਾਈ ਕਰੇ ਅਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਸੋਮਿਆਂ ਰਾਹੀਂ ਅਜਿਹੇ ਠੱਗਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰੇ।ਸਮਾਜ ਸੇਵੀ ਸੰਗਠਨਾਂ,ਲੋਕ ਹਿੱਤੂ ਜੱਥੇਬੰਦੀਆਂ, ਡਾਕਟਰਾਂ ਦੀਆਂ ਜੱਥੇਬੰਦੀਆਂ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਨੂੰ ਵੀ ਇਸ ਮਸਲੇ ਨੂੰ ਸੰਜੀਦਾ ਸਮਝਦੇ ਹੋਏ , ਲੋਕਾਂ ਦੀ ਸਿਹਤ ਅਤੇ ਆਰਥਕਤਾ ਨਾਲ ਖਿਲਵਾੜ ਕਰ ਰਹੇ ਅਜਿਹੇ ਨੌਸਰਬਾਜਾਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਧਾਰਨ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਇਹਨਾਂ ਦੇ ਵਿਰੁੱਧ ਸੰਘਰਸ਼ ਲਈ ਤਿਆਰ ਕਰਨਾ ਚਾਹੀਦਾ ਹੈ।ਸਾਡੇ ਸੰਚਾਰ ਸਾਧਨਾ, ਖਾਸ ਤੌਰ ਤੇ ਅਖ਼ਬਾਰ, ਰਸਾਲੇ, ਟੀ.ਵੀ, ਆਦਿ ਨੂੰ ਵੀ ਅਪਣਾ ਨਿੱਜੀ ਲਾਲਚ ਤਿਆਗ ਕੇ, ਲੋਕ-ਭਲਾਈ ਦੇ ਇਸ ਸੁੱਚੇ ਕਾਰਜ ਵਿੱਚ ਤਕੜਾ ਹਿੱਸਾ ਪਾਉਣਾ ਚਾਹੀਦਾ ਹੈ।
                                                     ਮੋਬਾ;9878337222

2012-05-10
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)